ਕੋਵਿਡ ਦੀ ਔਖੀ ਘੜੀ ਵਿੱਚ ਪ੍ਰਾਈਵੇਟ ਹਸਪਤਾਲਾਂ ਜਾਂ ਉਦਯੋਗਿਕ ਅਦਾਰਿਆਂ ਨੂੰ ਆਕਸੀਜਨ ਸਟਾਕ ਕਰਕੇ ਨਹੀਂ ਰੱਖਣ ਦਿੱਤੀ ਜਾਵੇਗੀ- ਜ਼ਿਲਾ ਮੈਜਿਸਟ੍ਰੇਟ

**ਜ਼ਿਲੇ ਦੇ ਨਿੱਜੀ ਹਸਪਤਾਲਾਂ, ਉਦਯੋਗਿਕ ਅਦਾਰਿਆਂ ਦੇ ਆਕਸੀਜਨ ਸਿਲੰਡਰਾਂ ਨੂੰ ਆਪਣੇ ਕਬਜ਼ੇ ਵਿੱਚ ਲੈਣ ਦੇ ਜ਼ਿਲਾ ਮੈਜਿਸਟ੍ਰੇਟ ਨੇ ਕੀਤੇ ਹੁਕਮ ਜਾਰੀ**
ਮੋਗਾ, 29 ਅਪ੍ਰੈਲ:(ਜਸ਼ਨ):ਜ਼ਿਲਾ ਮੈਜਿਸਟ੍ਰੇਟ ਕਮ ਡਿਪਟੀ ਕਮਿਸ਼ਨਰ ਮੋਗਾ ਸ੍ਰੀ ਹਰੀਸ਼ ਨਈਅਰ ਨੇ ਲੋਕ ਹਿੱਤ ਨੂੰ ਧਿਆਨ ਵਿੱਚ ਰੱਖਦੇ ਹੋਏ “ਦੀ ਪੰਜਾਬ ਰਕਿਊਸਿਜ਼ਨ ਅਤੇ ਐਕਿਊਸਿਜਨ ਆਫ਼ ਮੂਵੇਏਬਲ ਪ੍ਰਾਪਰਟੀ ਐਕਟ” 1978 ਦੇ ਸੈਕਸ਼ਨ 3 (1) ਤਹਿਤ ਮਿਲੇ ਅਧਿਕਾਰਾਂ ਦੀ ਵਰਤੋਂ ਕਰਦਿਆਂ ਜ਼ਿਲਾ ਮੋਗਾ ਦੀ ਹਦੂਦ ਅੰਦਰ ਮੌਜੂਦ ਸਮੂਹ ਪ੍ਰਾਈਵੇਟ ਹਸਪਤਾਲਾਂ ਅਤੇ ਉਦਯੋਗਿਕ ਅਦਾਰਿਆਂ ਵਿੱਚ ਮੌਜੂਦ ਆਕਸੀਜਨ ਸਿਲੰਡਰਾਂ ਨੂੰ ਤੁਰੰਤ ਪ੍ਰਭਾਵ ਨਾਲ ਆਪਣੇ ਕਬਜ਼ੇ ਵਿੱਚ ਲੈਣ ਦੇ ਹੁਕਮ ਜਾਰੀ ਕਰ ਦਿੱਤੇ ਹਨ। ਜ਼ਿਲਾ ਮੈਜਿਸਟ੍ਰੇਟ ਨੇ ਜ਼ਿਲਾ ਮੋਗਾ ਅੰਦਰ ਮੌਜੂਦ ਆਕਸੀਜਨ ਸਿਲੰਡਰਾਂ ਨੂੰ ਰੀਫਿਲ ਕਰਨ ਵਾਲੇ ਉਦਯੋਗ ਦੇ ਮਾਲਕਾਂ ਅਤੇ ਪ੍ਰਬੰਧਕਾਂ ਨੂੰ ਵੀ ਸਖ਼ਤ ਹਦਾਇਤ ਕੀਤੀ ਹੈ ਕਿ ਜ਼ਿਲਾ ਪ੍ਰਸ਼ਾਸ਼ਨ ਦੀ ਜਾਣਕਾਰੀ ਤੋਂ ਬਗੈਰ ਆਕਸੀਜ਼ਨ ਸਿਲੰਡਰਾਂ ਦੀ ਮੂਵਮੈਂਟ ਨਾ ਕੀਤੀ ਜਾਵੇ।
ਹਰੀਸ਼ ਨਈਅਰ ਨੇ ਦੱਸਿਆ ਕਿ ਕੋਵਿਡ 19 ਮਹਾਂਮਾਰੀ ਦੇ ਵੱਧ ਰਹੇ ਪ੍ਰਭਾਵ ਕਾਰਣ ਰੋਜ਼ਾਨਾ ਮਰੀਜ਼ਾਂ ਦੀ ਗਿਣਤੀ ਵਿੱਚ ਵਾਧਾ ਹੋ ਰਿਹਾ ਹੈ, ਜਿਸ ਕਰਕੇ ਹਸਪਤਾਲਾਂ ਵਿੱਚ ਮਰੀਜ਼ਾਂ ਲਈ ਆਕਸੀਜਨ ਪੂਰੀ ਕਰਨ ਵਿੱਚ ਮੁਸ਼ਕਿਲ ਪੇਸ਼ ਆ ਰਹੀ ਹੈ। ਉਨਾਂ ਕਿਹਾ ਕਿ ਇਸ ਔਖੀ ਘੜੀ ਵਿੱਚ ਆਕਸੀਜਨ ਨੂੰ ਪ੍ਰਾਈਵੇਟ ਹਸਪਤਾਲਾਂ ਅਤੇ ਉਦਯੋਗਿਕ ਅਦਾਰਿਆਂ ਨੂੰ ਸਟਾਕ ਕਰਕੇ ਨਹੀਂ ਰੱਖਣ ਦਿੱਤਾ ਜਾਵੇਗਾ, ਕਿਉਂਕਿ ਇਹ ਆਕਸੀਜਨ ਕੋਵਿਡ ਨਾਲ ਪ੍ਰਭਾਵਿਤ ਮਰੀਜ਼ ਦੀ ਜਿੰਦਗੀ ਬਚਾ ਸਕਦੀ ਹੈ। ਇਸ ਆਕਸੀਜਨ ਨੂੰ ਲੋੜੀਂਦੀ ਮਾਤਰਾ ਵਿੱਚ ਹਸਪਤਾਲਾਂ ਵਿੱਚ ਕੋਵਿਡ ਨਾਲ ਪ੍ਰਭਾਵਿਤ ਮਰੀਜ਼ਾਂ ਦੀ ਮੱਦਦ ਲਈ ਸਪਲਾਈ ਕੀਤਾ ਜਾਵੇਗਾ।
ਜ਼ਿਲਾ ਮੈਜਿਸਟ੍ਰੇਟ ਨੇ ਅੱਗੇ ਦੱਸਿਆ ਕਿ ਉਪਰੋਕਤ ਹੁਕਮਾਂ ਦੀ ਪਾਲਣਾ ਨਾ ਕਰਨ ਵਾਲੇ ਵਿਅਕਤੀਆਂ ਅਤੇ ਅਦਾਰਿਆਂ ਵਿਰੁੱਧ “ਦੀ ਪੰਜਾਬ ਰਕਿਉਸਿਜ਼ਨ ਅਤੇ ਐਕਿਉਸਿਜਨ ਆਫ ਮੂਵਏਬਲ ਪ੍ਰਾਪਰਟੀ ਐਕਟ” 1978 ਦੇ ਸੈਕਸ਼ਨ 16 ਅਤੇ ਡਿਜਾਸਟਰ ਮੈਨੇਜਮੈਂਟ ਐਕਟ 2005 ਦੀ ਧਾਰਾ 51ਲੂ 60 ਤਹਿਤ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ।
ਜ਼ਿਲਾ ਮੈਜਿਸਟ੍ਰੇਟ ਨੇੇ ਦੱਸਿਆ ਕਿ ਜ਼ਿਲਾ ਪ੍ਰਸਾਸ਼ਨ ਕੋਵਿਡ ਦੀ ਇਸ ਔਖੀ ਘੜੀ ਵਿੱਚ ਮੋਗਾ ਵਾਸੀਆਂ ਨਾਲ ਖੜਾ ਹੈ ਅਤੇ ਪ੍ਰਸ਼ਾਸ਼ਨ ਮੋਗਾ ਵਾਸੀਆਂ ਤੋਂ ਉਮੀਦ ਕਰਦਾ ਹੈ ਕਿ ਉਹ ਵੀ ਇਸ ਔਖੀ ਘੜੀ ਵਿੱਚ ਸਰਕਾਰ ਵੱਲੋਂ ਜਾਰੀ ਕੀਤੀਆਂ ਗਈਆਂ ਹਦਾਇਤਾਂ ਦੀ ਪਾਲਣਾ ਕਰਨਗੇ ਅਤੇ ਬੇਲੋੜੀ ਮੂਵਮੈਂਟ ਬੰਦ ਕਰਕੇ ਸਰਕਾਰ ਦੇ ਮਿਸ਼ਨ ਫਤਹਿ ਜਿਹੜਾ ਕਿ ਕਰੋਨਾ ਨੂੰ ਮਾਤ ਦੇਣ ਲਈ ਚਲਾਇਆ ਗਿਆ ਹੈ ਵਿੱਚ ਆਪਣਾ ਵੱਡਮੁੱਲਾ ਯੋਗਦਾਨ ਪਾਉਣਗੇ।


