ਵਿਧਾਇਕ ਡਾ: ਹਰਜੋਤ ਕਮਲ ਵੱਲੋਂ ਕਰਵਾਏ ਵਿਕਾਸ ਕਾਰਜਾਂ ਸਦਕਾ ਰੌਸ਼ਨੀਆਂ ਦਾ ਪਿੰਡ ਲੱਗਦੀ ਹੈ ਮੋਗਾ ਦੀ ਦਾਣਾ ਮੰਡੀ

ਮੋਗਾ,24 ਅਪਰੈਲ (ਜਸ਼ਨ): ਵਿਧਾਇਕ ਡਾ: ਹਰਜੋਤ ਕਮਲ ਵੱਲੋਂ ਕਰਵਾਏ ਵਿਕਾਸ ਕਾਰਜਾਂ ਸਦਕਾ ਮੋਗਾ ਦੀ ਦਾਣਾ ਮੰਡੀ ਰਾਤ ਨੂੰ ਰੌਸ਼ਨੀਆਂ ਦੇ ਪਿੰਡ ਵਰਗੀ ਨਜ਼ਰ ਆਉਂਦੀ ਹੈ। ਬੀਤੀ 10 ਅਪਰੈਲ ਤੋਂ ਬਾਅਦ ਕਣਕ ਦੀ ਖਰੀਦ ਪਰਿਕਿਰਿਆ ਦੌਰਾਨ ਦਿਨ ਰਾਤ ਚੱਲਣ ਵਾਲੇ ਕਾਰਜਾਂ ਦੌਰਾਨ ਜਿੱਥੇ ਦਿਨ ਵੇਲੇ ਕਿਸਾਨ, ਨਵੇਂ ਨਕੋਰ ਸ਼ੈੱਡਾਂ ਦਾ ਆਸਰਾ ਲੈਂਦੇ ਨੇ ਅਤੇ ਮਲ਼ਾਈ ਵਰਗੀਆਂ ਸੜਕਾਂ ‘ਤੇ ਜੱਟਾਂ ਦੇ ਟਰੈਕਟਰ ਫੋਰ ਲੇਨ ’ਤੇ ਚੱਲਦੀ ਕਾਰ ਵਾਂਗ ਦੌੜਦੇ ਨੇ, ਉੱਥੇ ਰਾਤ ਨੂੰ ਸਮੁੱਚੀ ਮੰਡੀ ਦੂਧੀਆ ਰੌਸ਼ਨੀ ਵਿਚ ਨਹਾਈ ਨਜ਼ਰ ਆਉਂਦੀ ਹੈ। ਇਹ ਿਸ਼ਮਾ ਦਰਅਸਲ ਦਹਾਕਿਆਂ ਬਾਅਦ ਹੋਇਆ ਜਦੋਂ ਵਿਧਾਇਕ ਡਾ: ਹਰਜੋਤ ਕਮਲ ਨੇ ਵਿਧਾਇਕ ਬਣਨ ਉਪਰੰਤ, ਮੋਗਾ ਦੀ ਬਾਹਰਲੀ ਦਾਣਾ ਮੰਡੀ ਦੀ ਕਾਇਆ ਕਲਪ ਕਰਨ ਦਾ ਤਹੱਈਆ ਕੀਤਾ। ਜ਼ਿਕਰਯੋਗ ਹੈ ਕਿ ਵਿਧਾਇਕ ਡਾ: ਹਰਜੋਤ ਕਮਲ ਦਾ ਨਿੱਜੀ ਦਫਤਰ ਇਸੇ ਮੰਡੀ ਵਿਚ ਸੀ ਅਤੇ ਉਹਨਾਂ ਨੂੰ ਆਉਂਦੇ ਜਾਂਦੇ ਟੁੱਟੀਆਂ ਸੜਕਾਂ ਅਤੇ ਰਾਤ ਬਰਾਤੇ ਲੰਘਦਿਆਂ, ਬੰਦ ਪਈਆਂ ਲਾਈਟਾਂ ਦਾ ਪੂਰਨ ਅਹਿਸਾਸ ਸੀ। ਇਸ ਕਰਕੇ ਉਹਨਾਂ ਵਿਧਾਇਕ ਬਣਦਿਆਂ ਹੀ ਮੰਡੀ ਦੀ ਨਕਸ਼ ਨੁਹਾਰ ਬਦਲਣ ਦਾ ਫੈਸਲਾ ਲਿਆ ਅਤੇ ਸਿਧ ਕਰ ਦਿੱਤਾ ਕਿ ਲਗਨ ਅਤੇ ਸੇਵਾ ਦੇ ਜਜ਼ਬੇ ਨਾਲ ਸਿਆਸੀ ਆਗੂ ਤੋਂ ਲੋਕ ਆਗੂ ਬਣਨ ਦੀ ਅਗਲੀ ਮੰਜ਼ਿਲ ਹਾਸਿਲ ਕੀਤੀ ਜਾ ਸਕਦੀ ਹੈ । ਵਿਧਾਇਕ ਡਾ: ਹਰਜੋਤ ਕਮਲ ਦੇ ਯਤਨਾਂ ਸਦਕਾ ਮੰਡੀ ਲਈ ਸਾਢੇ 10 ਕਰੋੜ ਦੇ ਪ੍ਰੌਜੈਕਟਾਂ ਦੀ ਮਨਜੂਰੀ ਲਈ ਗਈ ਅਤੇ ਇਹਨਾਂ ਪ੍ਰੌਜੈਕਟਾਂ ਤਹਿਤ ਮੰਡੀ ਦੀ ਮੇਨ ਸੜਕਾਂ ’ਤੇ ਪ੍ਰੀਮਿਕਸ ਪਾਉਣ ਦਾ ਆਗਾਜ਼ ਕਰਵਾਇਆ। 
 ਡਾ: ਹਰਜੋਤ ਕਮਲ ਨੇ ਦੱਸਿਆ ਕਿ ਉਹਨਾਂ ਨੇ ਮੰਡੀ ਦੀ ਨਕਸ਼ ਨੁਹਾਰ ਬਦਲਣ ਲਈ ਪ੍ਰਣ ਲਿਆ ਸੀ ਅਤੇ ਵੱਖ ਵੱਖ ਪ੍ਰੌਜੈਕਟਾਂ ’ਤੇ ਕੰਮ ਸ਼ੁਰੂ ਕਰਵਾਇਆ। ਉਹਨਾਂ ਦੱਸਿਆ ਕਿ ਮੰਡੀ ਦੀ ਕਾਇਆ ਕਲਪ ਲਈ ਪਹਿਲਾਂ ਸਾਢੇ 9 ਕਰੋੜ ਰੁਪਏ ਨਾਲ ਮੰਡੀ ਦੇ ਸ਼ੈੱਡਾਂ ਦੀਆਂ ਛੱਤਾਂ ਦੀਆਂ ਚਾਦਰਾਂ ਬਦਲਣ, ਆਰ ਸੀ ਸੀ ਚਾਰਦੀਵਾਰੀ ਤੋਂ ਇਲਾਵਾ ਮੀਂਹ ਦੇ ਪਾਣੀ ਨੂੰ ਪਾਇਪਾਂ ਰਾਹੀਂ ਜ਼ਮੀਨਦੋਜ਼ ਕਰਨ ਲਈ ਵਾਟਰ ਹਾਰਵੈਸਟਿੰਗ ਤਕਨੀਕ ਵਰਤੀ ਗਈ ਜਿਸ ਸਦਕਾ ਹੁਣ ਪਏ ਮੀਹਾਂ ਦੌਰਾਨ ਮੰਡੀ ਵਿਚ ਪਈ ਕਣਕ ਦਾ ਇਕ ਵੀ ਦਾਣਾ ਮੀਂਹ ਵਿਚ ਨਹੀਂ ਭਿੱਜਿਆ । ਉਹਨਾਂ ਕਿਹਾ ਕਿ ਇਸ ਤੋਂ ਇਲਾਵਾਂ ਡੇਢ ਕਰੋੜ ਰੁਪਏ ਨਾਲ ਵੱਡੇ ਟਾਵਰ ਲਗਾ ਕੇ ਉਹਨਾਂ ਦੀਆਂ ਤਾਰਾਂ ਅੰਡਰਗਰਾਂਊਡ ਕੀਤੀਆਂ ਗਈਆਂ ਹਨ ਜਿਸ ਦੀ ਬਦੌਲਤ  ਹੁਣ ਰਾਤ ਨੂੰ ਵੀ ਮੰਡੀ ਵਿਚ ਲਾਈਟਾਂ ਦੀ ਵਿਵਸਥਾ ਹੋਣ ਸਦਕਾ ਸੁਚਾਰੂ ਰੂਪ ਵਿਚ ਮੰਡੀਕਰਣ ਪਰਿਕਿਰਿਆ ਚੱਲ ਰਹੀ ਹੈ। ਉਹਨਾਂ ਕਿਹਾ ਕਿ 25 ਲੱਖ ਰੁਪਏ ਦੀ ਲਾਗਤ ਨਾਲ ਸ਼ਾਨਦਾਰ ਪਾਰਕ ਵੀ ਤਾਮੀਰ ਕੀਤਾ ਜਾ ਚੁੱਕਾ ਹੈ, ’ਤੇ ਇੰਜ ਹੁਣ ਜਦੋਂ ਮੋਗਾ ਮੰਡੀ ਵਿਚ ਕਿਸਾਨਾਂ ਨੂੰ ਹਰ ਤਰਾਂ ਦੀ ਬੁਨਿਆਦੀ ਸਹੂਲਤ ਮੁਹੱਈਆ ਹੋ ਰਹੀ ਹੈ ਤਾਂ ਉਹਨਾਂ ਦੇ ਮਨ ਨੂੰ ਸਕੂਨ ਮਿਲਦਾ ਹੈ ਕਿ ਉਹ ਕਿਸਾਨਾਂ ਲਈ ਆਪਣੇ ਸੁਫ਼ਨੇ ਦੀ ਪੂਰਤੀ ਕਰ ਸਕੇ ਹਨ।