ਜ਼ਿਲ੍ਹਾ ਪ੍ਰੀਸ਼ਦ ਮੋਗਾ ਦੇ ਚੇਅਰਮੈਨ ਇੰਦਰਜੀਤ ਸਿੰਘ ਤਲਵੰਡੀ ਭਾਂਗੇਰੀਆਂ ਨੇ ਪਤਨੀ ਸਮੇਤ ਲਗਵਾਈ ਕਰੋਨਾ ਵਾਇਰਸ ਤੋਂ ਬਚਾਅ ਲਈ ਵੈਕਸੀਨ

Tags: 

ਮੋਗਾ, 24 ਅਪ੍ਰੈਲ (ਜਸ਼ਨ): ਪੂਰੇ ਭਾਰਤ ਵਿਚ ਲੋਕਾਂ ਨੂੰ ਕਰੋਨਾ ਵਾਇਰਸ ਤੋਂ ਬਚਾਅ ਲਈ ਵੈਕਸੀਨ ਲਗਾਉਣ ਦਾ ਕੰਮ ਜੋਰਾਂ ਉੱਤੇ ਜਾਰੀ ਹੈ। ਹੋਰਾਂ ਲੋਕਾਂ ਲਈ ਪ੍ਰੇਰਨਾ ਦਾ ਕੰਮ ਕਰਦਿਆਂ ਅੱਜ ਮੋਗਾ ਦੇ ਜ਼ਿਲ੍ਹਾ ਪ੍ਰੀਸ਼ਦ ਚੇਅਰਮੈਨ ਸ੍ਰ ਇੰਦਰਜੀਤ ਸਿੰਘ ਤਲਵੰਡੀ  ਭਾਂਗੇਰੀਆਂ ਨੇ ਆਪਣੀ ਪਤਨੀ ਸ਼੍ਰੀਮਤੀ ਦਵਿੰਦਰਜੀਤ ਕੌਰ ਸਮੇਤ ਸਥਾਨਕ ਸਿਵਲ ਹਸਪਤਾਲ ਵਿਖੇ ਪਹੁੰਚ ਕੇ ਇਹ ਪਹਿਲੀ ਵੈਕਸੀਨ ਲਗਵਾਈ। 

ਇਸ ਮੌਕੇ ਜਾਣਕਾਰੀ ਦਿੰਦਿਆਂ ਸ੍ਰ ਇੰਦਰਜੀਤ ਸਿੰਘ ਨੇ ਦੱਸਿਆ ਕਿ ਮਾਰਚ 2020 ਤੋਂ ਅਸੀਂ ਕਰੋਨਾ ਮਹਾਂਮਾਰੀ ਨਾਲ ਜੂਝ ਰਹੇ ਹਾਂ, ਪਰ ਇਸ ਨਵੇਂ ਸਾਲ ਦੇ ਸ਼ੁਰੂ ਵਿਚ ਇਹ ਇਕ ਚੰਗੀ ਸ਼ੁਰੂਆਤ ਹੋਈ ਹੈ ਅਤੇ ਹੁਣ ਇਸ ਬਿਮਾਰੀ ਤੋਂ ਬਚਾਅ ਲਈ ਵੈਕਸੀਨ ਤਿਆਰ ਹੋ ਕੇ ਲੋਕਾਂ ਤੱਕ ਪਹੁੰਚ ਚੁੱਕੀ ਹੈ ਅਤੇ ਪੰਜਾਬ ਵਿੱਚ ਲੱਖਾਂ ਲੋਕਾਂ ਨੂੰ ਇਹ ਟੀਕਾ ਲੱਗ ਵੀ ਚੁੱਕਾ ਹੈ।

ਉਹਨਾਂ ਕਿਹਾ ਕਿ ਸਾਨੂੰ ਸਾਰਿਆਂ ਨੂੰ ਕੋਰੋਨਾਵਾਇਰਸ ਨੂੰ ਰੋਕਣ ਲਈ ਇਸ ਮੁਹਿੰਮ ਵਿਚ ਹਿੱਸੇਦਾਰ ਬਣਨਾ ਚਾਹੀਦਾ ਹੈ। ਲੋਕਾਂ ਨੂੰ ਟੀਕਾਕਰਨ ਸਬੰਧੀ ਕਿਸੇ ਤਰ੍ਹਾਂ ਦੀਆਂ ਅਫ਼ਵਾਹਾਂ ਤੋਂ ਸੁਚੇਤ ਕਰਦਿਆਂ ਕਿਹਾ ਕਿ ਇਹ ਟੀਕਾ ਪੂਰੀ ਤਰਾਂ ਨਾਲ ਸੁਰੱਖਿਅਤ ਹੈ। ਅਸੀਂ ਭਰੋਸਾ ਦਿਵਾਉਣਾ ਚਾਹੁੰਦੇ ਹਾਂ ਕਿ ਲੋਕਾਂ ਨੂੰ ਡਰਨ ਦੀ ਕੋਈ ਜ਼ਰੂਰਤ ਨਹੀਂ ਹੈ।

ਉਨਾਂ ਕਿਹਾ ਕਿ ਇਹ ਦਵਾਈ ਪੂਰੀ ਤਰ੍ਹਾਂ ਨਾਲ ਸੁਰੱਖਿਅਤ ਹੈ। ਕੋਰੋਨਾਵਾਇਰਸ ਨੂੰ ਰੋਕਣ ਲਈ ਟੀਕਾਕਰਨ ਬਹੁਤ ਜ਼ਰੂਰੀ ਹੈ। ਉਹਨਾਂ ਦੱਸਿਆ ਕਿ ਜ਼ਿਲੇ ਅੰਦਰ ਸਿਵਲ ਹਸਪਤਾਲ, ਸਾਰੀਆਂ 7 ਸੀ ਐੱਚ ਸੀਜ, 92 ਹੈਲਥ ਵੈਲਨੈਸ ਸੈਂਟਰਾਂ ਅਤੇ ਨਿੱਜ਼ੀ ਹਸਪਤਾਲਾਂ ਵਿਖੇ ਵੈਕਸੀਨ ਦੇ ਟੀਕੇ ਲਗਾਏ ਜਾ ਰਹੇ ਹਨ। ਇਸ ਤੋਂ ਇਲਾਵਾ ਥਾਂ ਥਾਂ ਵਿਸ਼ੇਸ਼ ਕੈਂਪ ਲਗਾ ਕੇ ਵੀ ਟੀਕੇ ਲਗਾਏ ਜਾ ਰਹੇ ਹਨ। 

ਉਹਨਾਂ ਨੇ ਕਿਹਾ ਕਿ ਜੋ ਵੀ ਲੋਕ ਇਸ ਵੈਕਸੀਨ ਪ੍ਰਤੀ ਗਲਤ ਅਫਵਾਹਾਂ ਫੈਲਾਉਣ ਵਿਚ ਲੱਗੇ ਹੋਏ ਹਨ, ਸਾਹਮਣੇ ਆਉਣ ਉੱਤੇ ਉਹਨਾਂ ਖਿਲਾਫ਼ ਸਖ਼ਤ ਕਾਰਵਾਈ ਅਮਲ ਵਿੱਚ ਲਿਆਂਦੀ ਜਾਣੀ ਚਾਹੀਦੀ ਹੈ। ਉਹਨਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੇ ਗਏ ਮਿਸ਼ਨ ਫਤਹਿ ਨੂੰ ਸਫ਼ਲ ਕਰਨ ਵਿੱਚ ਸਹਾਇਤਾ ਕਰਨ।