ਲੋਕਾਂ ਦੇ ਆਗੂ ਤੇ ਸੁੱਚੀ ਸੱਚੀ ਰੂਹ,ਸ੍ਰ ਕੁਲਦੀਪ ਸਿੰਘ ਢੋਸ ਨਮਿੱਤ ਸ਼ਰਧਾਂਜਲੀ ਸਮਾਗਮ ਅਤੇ ਅੰਤਿਮ ਅਰਦਾਸ ਕਲ 18 ਅਪ੍ਰੈਲ ਨੂੰ

*****ਭੋਗ ਤੇ ਵਿਸ਼ੇਸ਼*****     ਸ੍ਰ ਕੁਲਦੀਪ ਸਿੰਘ ਢੋਸ ਧਰਮਕੋਟ ਇਲਾਕੇ ਦੀ ਸਿਆਸਤ ਦਾ ਉਹ ਚਮਕਦਾ ਸੂਰਜ ਸੀ ਜਿਹੜਾ ਵਕਤ ਤੋਂ ਪਹਿਲਾਂ ਛਿਪ ਗਿਆ ਹੈ। ਪਿਛਲੇ 45 ਸਾਲਾਂ ਤੋਂ ਉਹ ਇਲਾਕੇ ਦੀ ਸਿਆਸਤ ਦੇ ਅਕਾਸ਼ 'ਤੇ ਆਪਣੇ ਪੂਰੇ ਜਾਹੋ ਜਲਾਲ ਨਾਲ ਚਮਕਦਾ ਰਿਹਾ। ਉਹ ਅਜਿਹਾ ਦਰਵੇਸ਼ ਇਨਸਾਨ ਸੀ ਜਿਸਨੇ ਸਾਢੇ ਚਾਰ ਦਹਾਕੇ ਸਿਆਸਤ ਦੇ ਪਿੜ 'ਚ ਵਿਚਰਨ ਦੇ ਬਾਵਜੂਦ ਆਪਣੀ ਚਿੱਟੀ ਚਾਦਰ 'ਤੇ ਕਿਸੇ ਕਿਸਮ ਦਾ ਦਾਗ ਨਹੀਂ ਲੱਗਣ ਦਿੱਤਾ। ਬਹੁਤੇ ਸਿਆਸਤਦਾਨਾਂ ਵਾਂਗ ਸਿਆਸਤ ਉਸ ਲਈ ਵਪਾਰ ਨਹੀਂ ਸੀ ਬਲਕਿ ਸਿਆਸਤ ਰਾਹੀਂ ਉਹ ਹਮੇਸ਼ਾ ਨਵਾਂ ਕਰਨ ਦਾ ਸੁਪਨਾ ਲੈਂਦਾ ਰਹਿੰਦਾ ਸੀ। ਸਿਆਸਤ ਭਾਵੇਂ ਉਸਨੂੰ ਵਿਰਾਸਤ ਵਿਚੋਂ ਮਿਲੀ ਸੀ ਪਰ ਉਹ ਪੈਰਾਸ਼ੂਟ ਰਾਹੀਂ ਉਤਰਿਆ ਸਿਆਸਤਦਾਨ ਨਹੀਂ ਸੀ। ਉਹ ਆਪਣੇ ਪਿਤਾ ਕਿਰਪਾਲ ਸਿੰਘ ਢੋਸ ਦੀ ਸਿਆਸੀ ਵਿਰਾਸਤ ਦਾ ਹਮੇਸ਼ਾ ਮਾਣ ਕਰਦਾ ਰਿਹਾ ਪਰ ਸਮਾਜ ਵਿੱਚ ਜੋ ਸਥਾਨ ਬਣਾਇਆ ਆਪਣੀ ਮਿਹਨਤ ਤੇ ਲਗਨ ਦੇ ਬਲਬੂਤੇ 'ਤੇ ਬਣਾਇਆ। ਉਹ ਜ਼ਮੀਨ ਨਾਲ ਜੁੜਿਆ ਉਹ ਸਿਆਸਤਦਾਨ ਸੀ ਜਿਹੜਾ ਸ਼ੁਰੂ ਤੋਂ ਅੰਤ ਤੱਕ ਲੋਕਾਂ ਨਾਲ ਜੁੜਿਆ ਰਿਹਾ। ਉਸਦੀ ਸਿਆਸਤ ਲੋਕ ਵਿਰੋਧੀ ਨਹੀਂ, ਲੋਕ ਪੱਖੀ ਸੀ। ਉਸਨੂੰ ਸਾਰੀ ਊਰਜਾ ਆਪਣੇ ਲੋਕਾਂ ਵਿਚੋਂ ਹੀ ਮਿਲਦੀ ਸੀ।

        ਕੁਲਦੀਪ ਸਿੰਘ ਢੋਸ ਨੇ ਹਲਕਾ ਧਰਮਕੋਟ ਦੀ ਸਿਆਸਤ ਦੇ ਥੰਮ ਰਹੇ ਸ੍ਰ ਕਿਰਪਾਲ ਸਿੰਘ ਢੋਸ ਦੇ ਘਰ ਮਾਤਾ ਸ੍ਰੀਮਤੀ ਸੁਰਜੀਤ ਕੌਰ ਦੀ ਕੁੱਖੋਂ ਆਜ਼ਾਦੀ ਵਾਲੇ ਵਰ੍ਹੇ ਪਿੰਡ ਵਲਟੋਹਾ ਵਿਖੇ ਜਨਮ ਲਿਆ। ਸ੍ਰ ਕਿਰਪਾਲ ਸਿੰਘ ਢੋਸ ਦਾ ਪਰਿਵਾਰ ਦੇਸ਼ ਦੀ ਵੰਡ ਦਾ ਦੁਖਾਂਤ ਭੋਗਦਿਆਂ ਪਾਕਿਸਤਾਨ 'ਚੋਂ ਉਜੜ ਕੇ ਆਇਆ ਸੀ। ਹਰੇ ਭਰੇ ਖੇਤਾਂ ਤੇ ਖੁਸ਼ਹਾਲੀ ਭਰੇ ਘਰ ਨੂੰ ਛੱਡ ਕੇ ਆਏ ਸ੍ਰ ਕਿਰਪਾਲ ਸਿੰਘ ਢੋਸ ਨੇ ਬੜੀ ਮਿਹਨਤ ਨਾਲ ਪਰਿਵਾਰ ਨੂੰ ਪੈਰਾਂ ਸਿਰ ਕੀਤਾ। ਲਾਹੌਰ 'ਚ ਪੜਦਿਆਂ ਸ੍ਰ ਪ੍ਰਕਾਸ਼ ਸਿੰਘ ਬਾਦਲ ਨਾਲ ਦੋਸਤੀ ਬਣ ਗਈ ਜੋ ਲੰਮਾ ਸਮਾਂ ਨਿਭੀ। ਜਦੋਂ ਸ੍ਰ ਬਾਦਲ ਪੰਜਾਬ ਦੇ ਪਹਿਲੀ ਵਾਰ ਮੁੱਖ ਮੰਤਰੀ ਬਣੇ ਸ੍ ਕਿਰਪਾਲ ਸਿੰਘ ਢੋਸ ਪਰਛਾਵੇਂ ਵਾਂਗ ਉਹਨਾਂ ਦੇ ਨਾਲ ਰਹੇ।  ਕੋਈ ਵਕਤ ਜਦੋਂ ਧਰਮਕੋਟ ਦੀ ਸਿਆਸਤ ਦਾ ਵਰਨਣ ਉਹਨਾਂ ਦੇ ਜ਼ਿਕਰ ਬਗੈਰ ਅਧੂਰਾ ਹੁੰਦਾ ਸੀ। ਜਦੋਂ ਸ੍ਰ ਬਾਦਲ ਦੇ ਛੋਟੇ ਭਰਾ ਸ੍ਰ ਗੁਰਦਾਸ ਸਿੰਘ ਬਾਦਲ ਨੇ ਫਿਰੋਜ਼ਪੁਰ ਤੋਂ ਪਾਰਲੀਮੈਂਟ ਦੀ ਚੋਣ ਲੜੀ ਤਾਂ ਸ੍ਰ ਕਿਰਪਾਲ ਸਿੰਘ ਢੋਸ ਨੇ ਉਹਨਾਂ ਨੂੰ ਜਿਤਾਉਣ ਲਈ ਦਿਨ ਰਾਤ ਇਕ ਕਰ ਦਿੱਤਾ। ਇਹ ਕੁਲਦੀਪ ਸਿੰਘ ਢੋਸ ਦੀ ਜਵਾਨੀ ਦੇ ਦਿਨ ਸਨ। ਬਾਪ ਦੀ ਛਤਰ ਛਾਇਆ ਹੇਠ ਉਸਨੇ ਸਿਆਸਤ ਦੀਆਂ ਬਾਰੀਕੀਆਂ ਨੂੰ ਸਮਝਿਆ। ਉਸਨੇ ਜਾਣ ਲਿਆ ਕਿ ਲੰਮਾ ਸਮਾਂ ਸਿਆਸਤ ਵਿੱਚ ਰਹਿਣ ਲਈ ਲੋਕਾਂ ਦੇ ਦਿਲਾਂ 'ਚ ਰਹਿਣਾ ਜਰੂਰੀ ਹੁੰਦਾ ਹੈ।
           ਸ੍ਰ ਕੁਲਦੀਪ ਸਿੰਘ ਢੋਸ ਦੀ ਜੀਵਨ ਸਾਥਣ ਬੀਬੀ ਸੁਰਿੰਦਰ ਕੌਰ ਨੇ ਹਰ ਕਦਮ 'ਤੇ ਉਹਨਾਂ ਦਾ ਸਾਥ ਦਿੱਤਾ। ਪਰਿਵਾਰ ਦੀ ਸਾਰੀ ਜਿੰਮੇਵਾਰੀ ਆਪਣੇ 'ਤੇ ਲੈ ਕੇ ਸ੍ਰ ਕੁਲਦੀਪ ਸਿੰਘ ਢੋਸ ਨੂੰ ਸਿਆਸੀ ਪਿੜ 'ਚ ਵਿਚਰਨ ਲਈ ਖੁੱਲਾ ਵਕਤ ਦਿੱਤਾ। ਸ੍ਰ ਢੋਸ ਦੇ ਘਰ ਦੋ ਬੇਟੀਆਂ ਤੇ ਇਕ ਬੇਟੇ ਨੇ ਜਨਮ ਲਿਆ। ਬੇਟੀ ਅਮਨਦੀਪ ਕੌਰ ਨੂੰ ਐਡਵੋਕੇਟ ਗੁਰਬਿੰਦਰ ਸਿੰਘ ਰੁਪਾਣਾ ਨਾਲ ਅਤੇ ਬੇਟੀ ਹਰਪ੍ਰੀਤ ਕੌਰ ਨੂੰ ਅਮਨਦੀਪ ਸਿੰਘ ਚਾਹਲ ਨਾਲ ਵਿਆਹ ਕੇ ਧੀਆਂ ਦੇ ਬਾਪ ਵਾਲੀ ਜਿੰਮੇਵਾਰੀ ਬਾਖੂਬੀ ਨਿਭਾ ਦਿੱਤੀ। ਦੋਵੇਂ ਧੀਆਂ ਆਪਣੇ ਘਰੇ ਸੁੱਖੀ ਸਾਂਦੀ ਵਸਦੀਆਂ ਨੇ। ਬੇਟਾ ਦਵਿੰਦਰਜੀਤ ਸਿੰਘ ਜਿਸਨੂੰ ਪਿਆਰ ਨਾਲ ਸਾਰੇ ਲਾਡੀ ਢੋਸ ਆਖਦੇ ਨੇ ਉਹਨਾਂ ਦੀ ਪਰਿਵਾਰਕ ਵਿਰਾਸਤ ਦਾ ਹੀ ਨਹੀਂ, ਸਿਆਸੀ ਵਿਰਾਸਤ ਦਾ ਵਾਰਸ ਬਣ ਕੇ ਉਭਰਿਆ ਹੈ। ਲਾਡੀ ਢੋਸ ਇੰਗਲੈਂਡ ਵਿੱਚ ਟਰਾਂਸਪੋਰਟ ਦੇ ਕਿਤੇ ਨਾਲ ਜੁੜਿਆ ਹੋਇਆ ਹੈ ਤੇ ਓਵਰਸੀਜ਼ ਕਾਂਗਰਸ ਦਾ ਨਾਮਵਰ ਅਹੁਦੇਦਾਰ ਹੈ।  ਕਾਂਗਰਸ ਦੇ ਰਾਸ਼ਟਰੀ ਪੱਧਰ ਦੇ ਆਗੂਆਂ ਨਾਲ ਉਸਦਾ ਕਰੀਬੀ ਮੇਲ ਬਣਿਆ ਹੋਇਆ ਹੈ। ਦਵਿੰਦਰਜੀਤ ਇਸ ਸਾਰੇ ਕੁੱਝ ਦਾ ਸਿਹਰਾ ਸਿਆਸਤ ਦੇ ਦਰਵੇਸ਼ ਚਿਹਰੇ ਤੇ ਆਪਣੇ ਬਾਪ ਸ੍ਰ ਕੁਲਦੀਪ ਸਿੰਘ ਢੋਸ ਨੂੰ ਦਿੰਦਾ ਹੈ।
        ਸ੍ਰ ਕੁਲਦੀਪ ਸਿੰਘ ਢੋਸ ਇਕ ਸੁਹਿਰਦ ਤੇ ਸਮਰਪਿਤ ਇਨਸਾਨ ਸੀ। ਉਹ ਜਿਸ ਨਾਲ ਵੀ ਜੁੜਿਆ--ਧੁਰ ਅੰਦਰੋਂ ਜੁੜਿਆ। ਉਹ ਪੰਜਾਬ ਦੇ ਲੰਮਾ ਸਮਾਂ ਮੁੱਖ ਮੰਤਰੀ ਰਹੇ ਪ੍ਰਕਾਸ਼ ਸਿੰਘ ਬਾਦਲ ਨਾਲ ਬਹੁਤ ਨੇੜਿਓਂ ਜੁੜਿਆ ਰਿਹਾ। ਆਗੂ ਨੇ ਜੋ ਵੀ ਕੰਮ ਜਿੰਮੇਵਾਰੀ  ਲਾਇਆ ਉਸਨੂੰ ਨੇਪਰੇ ਚਾੜਨ ਲਈ ਆਪਣਾ ਸਾਰਾ ਤਾਣ ਲਾ ਦਿੱਤਾ। ਅਕਾਲੀ ਦਲ--ਬਸਪਾ ਸਮਝੌਤਾ ਹੋਇਆ ਤਾਂ ਪਾਰਲੀਮੈਂਟ ਦੀ ਸੀਟ ਬਸਪਾ ਦੇ ਹਿੱਸੇ ਆ ਗਈ। ਸ੍ਰ ਕੁਲਦੀਪ ਸਿੰਘ ਢੋਸ ਨੇ ਮੋਹਨ ਸਿੰਘ ਫਲੀਆਂ ਵਾਲਾ ਨੂੰ ਜਿਤਾਉਣ ਲਈ ਅੱਡੀ ਚੋਟੀ ਦਾ ਜ਼ੋਰ ਲਾ ਦਿੱਤਾ ਅਤੇ ਇਕੱਲੇ ਧਰਮਕੋਟ ਹਲਕੇ 'ਚੋਂ 25000 ਤੋਂ ਵੱਧ ਵੋਟਾਂ ਦੀ ਲੀਡ ਲੈ ਕੇ ਦਿੱਤੀ। ਉਸਤੋਂ ਬਾਅਦ 1997 ਦੀਆਂ ਵਿਧਾਨ ਸਭਾ ਚੋਣਾਂ ਸਮੇਂ ਧਰਮਕੋਟ ਤੋਂ ਅਕਾਲੀ ਦਲ ਦੇ ਉਮੀਦਵਾਰ ਐਡਵੋਕੇਟ ਸੀਤਲ ਸਿੰਘ ਨੂੰ ਜਿਤਾਉਣ ਦਾ ਸਾਰਾ ਦਾਰੋਮਦਾਰ ਆਪਣੇ ਮੋਢਿਆਂ 'ਤੇ ਚੁੱਕ ਲਿਆ। 
      ਸ੍ਰੀ ਕੁਲਦੀਪ ਸਿੰਘ ਢੋਸ 1996 'ਚ ਸ਼੍ਰੋਮਣੀ ਕਮੇਟੀ ਦੇ ਮੈਂਬਰ ਚੁਣੇ ਗਏ। ਉਹ ਆਪਣੇ ਬੇਬਾਕ ਸੁਭਾਅ ਲਈ ਜਾਣੇ ਜਾਂਦੇ ਸਨ। ਹੱਕ 'ਤੇ ਸੱਚ ਦੀ ਖਾਤਰ ਖੜਦਿਆਂ ਘਾਟਾ ਵਾਧਾ ਨਹੀਂ ਸੀ ਵੇਖਦੇ। ਇਸ ਮੌਕੇ ਉਹ ਆਪਣੀ ਪਾਰਟੀ ਦੇ ਵਿਰੁੱਧ ਵੀ ਡਟ ਕੇ ਖੜ ਜਾਂਦੇ। ਧਰਮਕੋਟ ਇਲਾਕੇ ਦੇ ਲੋਕਾਂ ਦੀ ਚਿਕੋਰਣੀ ਮੰਗ ਸੀ ਕਿ ਉਹਨਾਂ ਨੂੰ ਜਿਲ੍ਹਾ ਮੋਗਾ ਨਾਲ ਜੋੜਿਆ ਜਾਵੇ। ਜਦੋਂ ਤੱਤਕਾਲੀਨ ਮੁੱਖ ਮੰਤਰੀ ਨੇ ਇਸ ਮੰਗ ਪ੍ਰਤੀ ਬੇਰੁਖੀ ਵਿਖਾਈ ਤਾਂ ਸ੍ਰੀ ਢੋਸ ਨੇ ਸਾਰੀਆਂ ਵਿਰੋਧੀ ਪਾਰਟੀਆਂ ਨੂੰ ਇਕਮੁੱਠ ਕਰਕੇ ਧਰਮਕੋਟ ਦੇ ਚੌਂਕ ਵਿਚ ਅਣਮਿੱਥੇ ਸਮੇਂ ਲਈ ਧਰਨਾ ਦੇ ਦਿੱਤਾ। ਇਲਾਕੇ ਦੇ ਕੁੱਝ ਸੂਝਵਾਨ ਬੰਦਿਆਂ ਨੇ ਖਦਸ਼ਾ ਜ਼ਿਕਰ ਕੀਤਾ  ਕਿ ਇਸ ਵਿਰੋਧ ਦੀ ਕੀਮਤ ਢੋਸ ਸਾਹਿਬ ਨੂੰ ਚੁਕਾਉਣੀ ਪਵੇਗੀ ਤੇ ਅੱਗੇ ਜਾ ਕੇ ਚੁਕਾਉਣੀ ਵੀ ਪਈ। ਢੋਸ ਸਾਹਿਬ ਨੂੰ ਇਸਦੀ ਪਰਵਾਹ ਨਹੀਂ ਸੀ, ਉਹ ਹੱਕ ਸੱਚ ਲਈ ਲੜਨਾ ਤੇ ਅੜਨਾ ਜਾਣਦੇ ਸਨ। 
     ਸਿਆਸਤ 'ਚ ਰਹਿੰਦਿਆਂ ਉਹਨਾਂ ਦੇ ਖਜ਼ਾਨਾ ਮੰਤਰੀ ਸ੍ਰ ਮਨਪ੍ਰੀਤ ਸਿੰਘ ਬਾਦਲ ਨਾਲ ਨੇੜਲੇ ਸਬੰਧ ਬਣੇ। ਸਾਲ 2011 'ਚ ਜਦੋਂ ਮਨਪ੍ਰੀਤ ਸਿੰਘ ਬਾਦਲ ਨੇ ਅਕਾਲੀ ਦਲ ਨਾਲੋਂ ਤੋੜ ਵਿਛੋੜਾ ਕਰਕੇ ਤਬਦੀਲੀ ਦਾ ਨਵਾਂ ਇਤਿਹਾਸ ਸਿਰਜਣ ਦੀ ਲੋੜ ਮਹਿਸੂਸ ਕੀਤੀ ਤਾਂ ਕੁਲਦੀਪ ਸਿੰਘ ਢੋਸ ਨੇ ਅੱਗੇ ਵਧ ਕੇ ਉਹਨਾਂ ਦਾ ਸਾਥ ਦਿੱਤਾ। ਇਸ ਚਣੌਤੀ ਭਰੇ ਦੌਰ ਵਿੱਚ ਮਨਪ੍ਰੀਤ ਸਿੰਘ ਬਾਦਲ ਦੇ ਬਹੁਤ ਸਾਰੇ ਕਰੀਬੀ ਉਸਦਾ ਸਾਥ ਛੱਡ ਗਏ ਪਰ ਕੁਲਦੀਪ ਸਿੰਘ ਢੋਸ ਅੰਤ ਤੱਕ ਉਹਨਾਂ ਨਾਲ ਡਟੇ ਰਹੇ। ਸ੍ਰ ਢੋਸ ਨੇ 2012 'ਚ ਧਰਮਕੋਟ ਹਲਕੇ ਤੋਂ ਪੀਪਲਜ਼ ਪਾਰਟੀ ਆਫ ਪੰਜਾਬ ਵਲੋਂ ਚੋਣ ਲੜੀ ਤੇ ਆਪਣੀ ਸਿਆਸੀ ਹੋਂਦ ਦਾ ਮੁਜ਼ਾਹਰਾ ਕੀਤਾ।
        ਮਨਪ੍ਰੀਤ ਸਿੰਘ ਬਾਦਲ ਵਲੋਂ ਪੀ ਪੀ ਪੀ ਦਾ ਕਾਂਗਰਸ ਵਿੱਚ ਰਲੇਵਾਂ ਕਰ ਦਿੱਤਾ ਤਾਂ ਸ੍ਰ ਕੁਲਦੀਪ ਸਿੰਘ ਢੋਸ ਵੀ ਕਾਂਗਰਸ ਪਾਰਟੀ 'ਚ ਸ਼ਾਮਲ ਹੋ ਗਏ। 2017 ਦੀਆਂ ਵਿਧਾਨ ਸਭਾ ਚੋਣਾਂ ਸਮੇਂ ਧਰਮਕੋਟ ਤੋਂ ਕਾਂਗਰਸ ਪਾਰਟੀ ਦੀ ਜਿੱਤ ਨੂੰ ਉਹਨਾਂ ਆਪਣੇ ਵਕਾਰ ਦਾ ਸੁਆਲ ਬਣਾ ਲਿਆ।  ਕਾਂਗਰਸ ਪਾਰਟੀ ਨੇ ਪੂਰੇ 32 ਸਾਲਾਂ ਬਾਅਦ ਇਸ ਸੀਟ 'ਤੇ ਦੁਬਾਰਾ ਕਬਜ਼ਾ ਕੀਤਾ। ਇਸ ਵਿੱਚ ਸ੍ਰ ਕੁਲਦੀਪ ਸਿੰਘ ਢੋਸ ਦਾ ਬੜਾ ਅਹਿਮ ਯੋਗਦਾਨ ਸੀ। 
        ਸ੍ਰ ਕੁਲਦੀਪ ਸਿੰਘ ਢੋਸ ਇਕ ਨਿਧੜਕ ਸਿਆਸਤਦਾਨ ਸੀ ਜੋ ਆਪਣੇ ਸਮਰਥਕਾਂ ਨਾਲ ਹਰ ਦੁੱਖ ਸੁੱਖ ਵੇਲੇ ਡਟ ਕੇ ਖੜਦਾ। ਉਸਨੂੰ ਦੋਗਲੇ ਕਿਰਦਾਰ ਤੇ ਦੋਗਲੀ ਨੀਤੀ ਵਾਲੇ ਲੋਕ ਚੰਗੇ ਨਹੀਂ ਸੀ ਲੱਗਦੇ। ਉਹ ਪੱਤੇ ਵਿਖਾ ਕੇ ਖੇਡਣ 'ਚ ਯਕੀਨ ਰੱਖਦੇ ਸਨ। ਕਿਸੇ ਨਾਲ ਵਾਲੇ ਸਾਥੀ ਨੂੰ ਤਾਂ ਕੀ ਕਿਸੇ ਵਿਰੋਧੀ ਨੂੰ ਵੀ ਧੋਖਾ ਨਹੀਂ ਸੀ ਦੇ ਸਕਦੇ। ਉਹ ਅੰਦਰੋਂ ਬਾਹਰੋਂ ਇੱਕੋ ਜਿਹੇ ਸਨ। ਸਿਆਸਤ ਨੇ ਉਹਨਾਂ ਨਾਲ ਉਸ ਤਰ੍ਹਾਂ ਦੀ ਵਫਾ ਨਹੀਂ ਪਾਲੀ ਜਿਸ ਦੇ ਉਹ ਹੱਕਦਾਰ ਸਨ। ਉਹ ਚਾਪਲੂਸ ਨਹੀਂ ਸਨ ਜੋ ਕਿ ਸਿਆਸਤਦਾਨ ਹੋਣ ਲਈ ਜਰੂਰੀ ਗੁਣ ਹੁੰਦਾ ਹੈ। 
       ਸ੍ਰ ਕੁਲਦੀਪ ਸਿੰਘ ਢੋਸ ਇਕ ਸੱਚੀ ਸੁੱਚੀ ਰੂਹ ਸਨ ਜੋ ਲੋਕਾਂ ਦੇ ਨੁਮਾਇੰਦੇ ਵਜੋਂ ਧੜੱਲੇ ਨਾਲ ਵਿਚਰਦੇ ਰਹੇ। ਉਹਨਾਂ ਕਦੇ ਨਹੀਂ ਸੋਚਿਆ ਕਿ ਸਿਆਸਤ ਕੀ ਦਿੰਦੀ ਹੈ,ਉਹ ਹਮੇਸ਼ਾ ਸੋਚਦੇ ਸਨ ਕਿ ਲੋਕਾਂ ਦੇ ਕੰਮ ਕਿਵੇਂ ਆਉਣਾ। ਉਹ ਹਮੇਸ਼ਾ ਆਖਦੇ ਸਨ, "ਮੈਂ ਲੋਕਾਂ ਦਾ ਲੀਡਰ ਹਾਂ। ਕੁਰਸੀਆਂ ਮੇਰੇ ਲਈ ਅਹਿਮ ਨਹੀਂ। ਕੁਰਸੀਆਂ ਸਮਝੌਤੇ ਕਰਨ ਵਾਲਿਆਂ ਨੂੰ ਮਿਲਦੀਆਂ ਤੇ ਮੈਂ ਸੱਚੇ ਸੁੱਚੇ ਸਿਆਸਤਦਾਨ ਕਿਰਪਾਲ ਸਿੰਘ ਢੋਸ ਦਾ ਖੂਨ ਹਾਂ, ਸਮਝੌਤੇ ਕਰਨੇ ਮੇਰੇ ਖੂਨ 'ਚ ਨਹੀਂ।"