ਵਿਧਾਇਕ ਡਾ: ਹਰਜੋਤ ਕਮਲ ਦੇ ਨਿਰਦੇਸ਼ਾਂ ‘ਤੇ ਕੌਂਸਲਰ ਵਿਜੇ ਭੂਸ਼ਣ ਟੀਟੂ ਨੇ ਵਾਰਡ ਨੰਬਰ 16 ‘ਚ ਲਗਵਾਇਆ ਵੈਕਸੀਨੇਸ਼ਨ ਕੈਂਪ

Tags: 

ਮੋਗਾ,9 ਅਪਰੈਲ (ਜਸ਼ਨ):ਵਿਧਾਇਕ ਡਾ: ਹਰਜੋਤ ਕਮਲ ਦੇ ਨਿਰਦੇਸ਼ਾਂ ‘ਤੇ ਕੌਂਸਲਰ ਵਿਜੇ ਭੂਸ਼ਣ ਟੀਟੂ ਦੀ ਅਗਵਾਈ ਵਿਚ ਵਾਰਡ ਨੰਬਰ 16 ‘ਚ ਕੋਵਿਡ ਵੈਕਸੀਨੇਸ਼ਨ ਕੈਂਪ ਲਗਵਾਇਆ ਗਿਆ। ਲੋਕਾਂ ਨੂੰ ਕਰੋਨਾ ਸੰਕਰਮਣ ਤੋਂ ਸੁਰੱਖਿਅਤ ਕਰਨ ਲਈ ਬਾਬਾ ਨੰਦ ਸਿੰਘ ਨਗਰ ਵਿਖੇ ਕੋਵਿਡ ਵੈਕਸੀਨੇਸ਼ਨ ਦੇ ਕੈਂਪ ਦੌਰਾਨ ਵਿਧਾਇਕ ਡਾ: ਹਰਜੋਤ ਕਮਲ ਉਚੇਚੇ ਤੌਰ ’ਤੇ ਕੈਂਪ ਵਿਚ ਪਹੁੰਚੇ ਅਤੇ ਲੋਕਾਂ ਨੂੰ ਕੋਵਿਡ ਤੋਂ ਸੁਰੱਖਿਅਤ ਹੋਣ ਲਈ ਟੀਕਾਕਰਨ ਵਾਸਤੇ ਪ੍ਰੇਰਿਤ ਕੀਤਾ। ਉਹਨਾਂ ਆਖਿਆ ਕਿ ਕਰੋਨਾ ਮਹਾਂਮਾਰੀ ਦੀ ਪਹਿਲੀ ਲਹਿਰ ਦੌਰਾਨ ਜਿਸ ਤਰਾਂ ਸੂਬੇ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪੰਜਾਬੀਆਂ ਨੂੰ ਕਰੋਨਾ ਤੋਂ ਸੁਰੱਖਿਅਤ ਰੱਖਿਆ ਉਸੇ ਤਰਾਂ ਹੁਣ ਵੀ ਦੂਜੀ ਲਹਿਰ ਦੌਰਾਨ ਕੈਪਟਨ ਸਾਬ੍ਹ ਵੱਲੋਂ ਹਰ ਸੰਭਵ ਯਤਨ ਕੀਤੇ ਜਾ ਰਹੇ ਹਨ । ਉਹਨਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਸਿਹਤ ਵਿਭਾਗ ਦੀਆਂ ਹਦਾਇਤਾਂ ‘ਤੇ ਪੂਰਨ ਤੌਰ ‘ਤੇ ਅਮਲ ਕਰਨ। ਇਸ ਮੌਕੇ ਸਿਵਲ ਹਸਪਤਾਲ ਮੋਗਾ ਤੋਂ ਡਾ: ਹਰਪ੍ਰੀਤ ਕੌਰ ਦੀ ਦੇਖ ਰੇਖ ਵਿਚ ਆਈ ਟੀਮ ਨੇ 45 ਸਾਲਾਂ ਤੋਂ ਵੱਧ ਉਮਰ ਦੇ ਇੱਛੁਕ ਵਿਅਕਤੀਆਂ ਦੇ ਕੋਵਾਸ਼ੀਲਡ ਵੈਕਸੀਨ ਲਗਾਈ। ਇਸ ਮੌਕੇ ਕੌਂਸਲਰ ਵਿਜੇ ਭੂਸ਼ਣ ਟੀਟੂ ਨੇ ਦੱਸਿਆ ਕਿ ਸਵੇਰੇ 10 ਵਜੇ ਤੋਂ ਸ਼ੁਰੂ ਹੋਇਆ ਟੀਕਾਕਰਣ ਦੁਪਹਿਰ 3 ਵਜੇ ਤੱਕ ਚੱਲਿਆ ਅਤੇ 60 ਵਿਅਕਤੀਆਂ ਨੇ ਬਿਨਾਂ ਕਿਸੇ ਡਰ ਤੋਂ ਟੀਕਾਕਰਨ ਕਰਵਾਇਆ। ਉਹਨਾਂ ਦੱਸਿਆ ਕਿ ਕੋਵਿਡ ਵੈਕਸੀਨੇਸ਼ਨ ਦੀ ਦੂਸਰੀ ਡੋਜ਼ 28 ਦਿਨਾਂ ਬਾਅਦ ਦੁਬਾਰਾ ਲਗਾਏ ਜਾਣ ਵਾਲੇ ਕੈਂਪ ਦੌਰਾਨ ਦਿੱਤੀ ਜਾਵੇਗੀ ਅਤੇ ਇਸੇ ਤਰਾਂ ਸਿਵਲ ਹਸਪਤਾਲ ਤੋਂ ਡਾਕਟਰਾਂ ਦੀ ਟੀਮ ਆ ਕੇ ਲੋਕਾਂ ਨੂੰ ਦੁਬਾਰਾ ਵੈਕਸੀਨੇਟ ਕਰੇਗੀ। ਇਸ ਮੌਕੇ ਮਾਹਿਰ ਡਾਕਟਰਾਂ ਨੇ ਵੈਕਸੀਨੇਟ ਹੋਏ ਵਿਅਕਤੀਆਂ ਦੀ  ਕੌਂਸਿਗ ਕੀਤੀ ਅਤੇ ਉਹਨਾਂ ਨੂੰ ਬੁਖਾਰ ਆਉਣ ਦੀ ਸੂਰਤ ਵਿਚ ਪੈਰਾਸੀਟਾਮੋਲ ਦੀਆਂ ਗੋਲੀਆਂ ਵੀ ਦਿੱਤੀਆਂ।  ਕੌਂਸਲਰ ਵਿਜੇ ਭੂਸ਼ਣ ਟੀਟੂ ਨੇ ਸਿਵਲ ਹਸਪਤਾਲ ਤੋਂ ਆਈ ਟੀਮ ਦਾ ਧੰਨਵਾਦ ਕੀਤਾ। ਇਸ ਮੌਕੇ ਕਾਂਗਰਸੀ ਆਗੂ ਸੁਨੀਲ ਜੋਇਲ ਭੋਲਾ, ਗੁੱਲੂ ਆਹਲੂਵਾਲੀਆ,ਗੁਰਦੀਪ ਸਿੰਘ, ਦੀਪ ਸਿੰਘ, ਗਿਆਨੀ ਬਲਜੀਤ ਸਿੰਘ, ਰਾਮੁੂ ਪ੍ਰਧਾਨ, ਕੇਵਲ ਸਿੰਘ ਅਤੇ ਵਾਰਡ ਦੇ ਪਤਵੰਤਿਆਂ ਨੇ ਕੈਂਪ ਨੂੰ ਸਫਲ ਕਰਨ ‘ਚ ਅਹਿਮ ਭੂਮਿਕਾ ਨਿਭਾਈ।