ਕੋਟਪਾ ਐਕਟ ਦੀ ਉਲੰਘਣਾ ਕਰਨ ਵਾਲੇ 15 ਦੁਕਾਨਦਾਰਾਂ ਅਤੇ ਖੋਖਾ ਮਾਲਕਾਂ ਦੇ ਕੱਟੇ ਚਲਾਨ

*ਵਿਦੇਸ਼ੀ ਸਿਗਰਟਾਂ ਅਤੇ ਖੁਸ਼ਬੂਦਾਰ ਤੰਬਾਕੂ ਵੇਚਣ ਤੇ ਹੋ ਸਕਦੀ ਹੈ ਪੰਜ ਸਾਲ ਦੀ ਸਜ਼ਾ – ਡਾ. ਅਸ਼ੋਕ ਸਿੰਗਲਾ*
ਮੋਗਾ 1 ਅਪ੍ਰੈਲ(ਜਸ਼ਨ): ਸਿਵਲ ਸਰਜਨ ਮੋਗਾ ਡਾ. ਅਮਰਪ੍ਰੀਤ ਕੌਰ ਬਾਜਵਾ ਜੀ ਦੇ ਆਦੇਸ਼ਾਂ ਅਤੇ ਜਿਲ੍ਹਾ ਸਿਹਤ ਅਫਸਰ ਡਾ. ਅਸ਼ੋਕ ਸਿੰਗਲਾ ਦੀ ਯੋਗ ਅਗਵਾਈ ਵਿੱਚ ਜਨਤਕ ਥਾਵਾਂ ਤੇ ਤੰਬਾਕੂਨੋਸ਼ੀ ਨੂੰ ਰੋਕਣ ਲਈ ਅਤੇ ਕੋਟਪਾ ਐਕਟ ਦੀ ਪਾਲਣਾ ਕਰਵਾਉਣ ਲਈ ਸਿਹਤ ਵਿਭਾਗ ਮੋਗਾ ਵੱਲੋਂ ਹੈਲਥ ਸੁਪਰਵਾਈਜਰ ਮਹਿੰਦਰ ਪਾਲ ਲੂੰਬਾ ਦੀ ਅਗਵਾਈ ਵਿੱਚ ਚਾਰ ਮੈਂਬਰੀ ਟੀਮ, ਜਿਸ ਵਿੱਚ ਇੱਕ ਪੁਲਿਸ ਮੁਲਾਜ਼ਮ ਸ਼ਾਮਲ ਸੀ, ਵੱਲੋਂ ਅੱਜ ਮੋਗਾ ਸ਼ਹਿਰ ਵਿੱਚ ਕਈ ਥਾਵਾਂ ਤੇ ਚੈਕਿੰਗ ਕੀਤੀ ਗਈ ਅਤੇ ਕੋਟਪਾ ਐਕਟ ਦੀ ਉਲੰਘਣਾ ਕਰਨ ਵਾਲੇ 15 ਦੁਕਾਨਦਾਰਾਂ ਅਤੇ ਖੋਖਾ ਮਾਲਕਾਂ ਦੇ ਚਲਾਨ ਕੱਟੇ ਗਏ। ਇਹਨਾਂ ਵਿੱਚੋਂ ਦੋ ਦੁਕਾਨਦਾਰਾਂ ਪਾਸੋਂ ਭਾਰੀ ਮਾਤਰਾ ਵਿੱਚ ਬਿਨ੍ਹਾਂ ਚੇਤਾਵਨੀ ਵਾਲੀਆਂ ਵਿਦੇਸ਼ੀ ਸਿਗਰਟਾਂ, ਪਾਬੰਦੀਸ਼ੁਦਾ ਖੁਸ਼ਬੂਦਾਰ ਤੰਬਾਕੂ ਐਸ ਫੋਰ ਮਿਲਿਆ ਹੈ। ਇਸ ਸਬੰਧੀ ਪ੍ਰੈਸ ਨੂੰ ਜਾਣਕਾਰੀ ਦਿੰਦਿਆਂ ਜਿਲ੍ਹਾ ਸਿਹਤ ਅਫਸਰ ਡਾ. ਅਸ਼ੋਕ ਸਿੰਗਲਾ ਨੇ ਦੱਸਿਆ ਕਿ ਬਿਨ੍ਹਾਂ ਚੇਤਾਵਨੀ ਵਾਲੀਆਂ ਵਿਦੇਸ਼ੀ ਸਿਗਰਟਾਂ ਅਤੇ ਖੁਸ਼ਬੂਦਾਰ ਤੰਬਾਕੂ ਵੇਚਣ ਵਾਲੇ ਦੁਕਾਨਦਾਰਾਂ ਨੂੰ ਪੰਜ ਸਾਲ ਦੀ ਸਜਾ ਅਤੇ ਦਸ ਹਜਾਰ ਰੁਪਏ ਤੱਕ ਜੁਰਮਾਨਾ ਹੋ ਸਕਦਾ ਹੈ । ਉਹਨਾ ਅੱਗੇ ਦੱਸਿਆ ਕਿ ਹਰ ਦੁਕਾਨ, ਸਰਕਾਰੀ ਅਤੇ ਗੈਰ ਸਰਕਾਰੀ ਅਦਾਰੇ, ਸਕੂਲਾਂ, ਕਾਲਜ਼ਾਂ ਆਦਿ ਅੱਗੇ ਤੰਬਾਕੂਨੋਸ਼ੀ ਸਬੰਧੀ ਚਿਤਾਵਨੀ ਬੋਰਡ ਲੱਗਿਆ ਹੋਣਾ ਜਰੂਰੀ ਹੈ, ਨਹੀਂ ਤਾ ਸਬੰਧਿਤ ਅਦਾਰੇ ਦੇ ਮਾਲਕ ਜਾਂ ਮੁਖੀ ਦਾ ਵੀ ਚਲਾਨ ਕੱਟਿਆ ਜਾਵੇਗਾ । ਉਹਨਾਂ ਦੱਸਿਆ ਕਿ ਕੋਟਪਾ ਐਕਟ ਅਧੀਨ ਧਾਰਾ 4 ਮੁਤਾਬਕ ਜਨਤਕ ਥਾਵਾਂ ਤੇ ਤੰਬਾਕੂਨੋਸ਼ੀ ਤੇ ਪਾਬੰਦੀ ਹੈ, ਧਾਰਾ 5 ਅਧੀਨ ਤੰਬਾਕੂ ਵਾਲੇ ਪਦਾਰਥਾਂ ਦੀ ਮਸ਼ਹੂਰੀ ਨਹੀਂ ਕੀਤੀ ਜਾ ਸਕਦੀ, ਧਾਰਾ 6 ਅਧੀਨ ਸਕੂਲਾਂ, ਕਾਲਜ਼ਾਂ ਦੇ 100 ਮੀਟਰ ਦੇ ਦਾਇਰੇ ਵਿੱਚ ਅਤੇ ਨਾਬਾਲਿਗਾਂ ਨੂੰ ਤੰਬਾਕੂ ਉਤਪਾਦ ਵੇਚਣ ਤੇ ਪਾਬੰਦੀ ਹੈ, ਧਾਰਾ 7 ਅਧੀਨ ਤੰਬਾਕੂ ਉਤਪਾਦ ਦੇ 85 ਪ੍ਰਤੀਸ਼ਤ ਹਿੱਸੇ ਤੇ ਵਾਰਨਿੰਗ ਹੋਣਾ ਜਰੂਰੀ ਹੈ ਤੇ ਇਹਨਾਂ ਨਿਯਮਾਂ ਦੀ ਉਲੰਘਣਾ ਕਰਨ ਵਾਲੇ ਦੁਕਾਨਦਾਰਾਂ ਨੂੰ ਤਿੰਨ ਸਾਲ ਦੀ ਸਜਾ ਅਤੇ ਦੋ ਲੱਖ ਰੁਪਏ ਤੱਕ ਜੁਰਮਾਨਾ ਹੋ ਸਕਦਾ ਹੈ । ਉਹਨਾਂ ਇਹ ਵੀ ਦੱਸਿਆ ਕਿ ਹੁਣ ਹਰ ਰੋਜ਼ ਮੋਗਾ ਸ਼ਹਿਰ ਵਿੱਚ ਤੰਬਾਕੂਨੋਸ਼ੀ ਕਰਨ ਵਾਲਿਆਂ ਦੇ ਚਲਾਨ ਕੱਟੇ ਜਾਇਆ ਕਰਨਗੇ, ਇਸ ਲਈ ਆਮ ਪਬਲਿਕ ਨੂੰ ਬੇਨਤੀ ਹੈ ਕਿ ਜਨਤਕ ਥਾਵਾਂ ਤੇ ਤੰਬਾਕੂਨੋਸ਼ੀ ਕਰਨ ਤੋਂ ਗੁਰੇਜ ਕੀਤਾ ਜਾਵੇ । ਉਹਨਾਂ ਸਭ ਦੁਕਾਨਦਾਰਾਂ ਅਤੇ ਆਮ ਲੋਕਾਂ ਨੂੰ ਇਸ ਵਿੱਚ ਸਹਿਯੋਗ ਕਰਨ ਦੀ ਅਪੀਲ ਕਰਦਿਆਂ ਕਿਹਾ ਕਿ ਅਸੀਂ ਸਭ ਰਲ ਕੇ ਸ਼ਹਿਰ ਦੇ ਮਹੌਲ ਨੂੰ ਠੀਕ ਕਰੀਏ । ਉਹਨਾਂ ਦੱਸਿਆ ਕਿ ਕੋਟਪਾ ਐਕਟ 2003 ਦੇ ਅਧੀਨ ਸਕੂਲਾਂ, ਕਾਲਜ਼ਾਂ ਦੇ 100 ਮੀਟਰ ਦੇ ਦਾਇਰੇ ਵਿੱਚ ਕੋਈ ਤੰਬਾਕੂ ਪਦਾਰਥ ਨਹੀਂ ਵੇਚਿਆ ਜਾ ਸਕਦਾ, ਕੋਈ ਵੀ ਤੰਬਾਕੂ ਵਾਲਾ ਪਦਾਰਥ ਸਾਹਮਣੇ ਪ੍ਰਦਰਸ਼ਿਤ ਨਹੀਂ ਕੀਤਾ ਜਾ ਸਕਦਾ, ਲੂਜ਼ ਤੇ ਇੰਪੋਰਟਿਡ ਸਿਗਰਟਾਂ ਅਤੇ ਐਸ ਫੋਰ ਨਹੀਂ ਵੇਚਿਆ ਜਾ ਸਕਦਾ, ਕੋਈ ਵੀ ਤੰਬਾਕੂ ਵੇਚਣ ਵਾਲਾ ਸਿਗਰਟ ਜਲਾਉਣ ਲਈ ਮਾਚਿਸ ਜਾਂ ਲਾਈਟਰ ਗ੍ਰਾਹਕ ਨੂੰ ਨਹੀਂ ਦੇ ਸਕਦਾ, ਕਿਸੇ ਵੀ ਖਾਧ ਪਦਾਰਥ ਵੇਚਣ ਵਾਲੀ ਦੁਕਾਨ ਤੇ ਤੰਬਾਕੂ ਪਦਾਰਥ ਨਹੀਂ ਵੇਚੇ ਜਾ ਸਕਦੇ ਅਤੇ ਸਰਕਾਰੀ ਹਦਾਇਤਾਂ ਮੁਤਾਬਿਕ ਦੁਕਾਨ ਤੇ ਚੇਤਾਵਨੀ ਬੋਰਡ ਲੱਗਾ ਹੋਣਾ ਜਰੂਰੀ ਹੈ । ਇਸ ਟੀਮ ਵਿੱਚ ਹੈਲਥ ਸੁਪਰਵਾਈਜਰ ਮਹਿੰਦਰ ਪਾਲ ਲੂੰਬਾ, ਇੰਸੈਕਟ ਕੁਲੈਕਟਰ ਵਪਿੰਦਰ ਸਿੰਘ, ਕਾਂਸਟੇਬਲ ਬਿਕਰਮਜੀਤ ਸਿੰਘ ਅਤੇ ਡਰਾਈਵਰ ਹਰਬੰਸ ਸਿੰਘ ਸ਼ਾਮਿਲ ਸਨ ।


