ਤਿਹਾੜ ਜੇਲ੍ਹ ਚੋਂ ਰਿਹਾਅ ਹੋਏ ਤਤਾਰੀਏਵਾਲਾ ਦੇ ਨੌਜਵਾਨਾਂ ਦਾ ਬਾਬਾ ਗੁਰਦੀਪ ਸਿੰਘ ਵੱਲੋਂ ਸਨਮਾਨ
*ਜਥੇ.ਤੋਤਾ ਸਿੰਘ ਨੇ ਨੌਜਵਾਨਾਂ ਨੂੰ ਰਿਹਾਅ ਕਰਵਾ ਕੇ ਸ਼ਲਾਘਾਯੋਗ ਕੰਮ ਕੀਤਾ:ਬਾਬਾ ਗੁਰਦੀਪ ਸਿੰਘ *
ਬਾਘਾਪੁਰਾਣਾ,30 ਮਾਰਚ (ਜਸ਼ਨ): 26 ਜਨਵਰੀ ਦੇ ਦਿੱਲੀ ਅੰਦੋਲਨ ਦੌਰਾਨ ਜ਼ਿਲ੍ਹਾ ਮੋਗਾ ਦੇ ਪਿੰਡ ਤਤਾਰੀਏ ਵਾਲਾ ਦੇ ਨੌਜਵਾਨ ਜਿਹੜੇ ਕਿ ਤਿਹਾੜ ਜੇਲ੍ਹ ਵਿੱਚ ਨਜ਼ਰਬੰਦ ਸਨ ਉਹ ਰਿਹਾਈ ਉਪਰੰਤ ਮਾਲਵੇ ਦੇ ਪ੍ਰਸਿੱਧ ਅਤੇ ਪਵਿੱਤਰ ਇਤਿਹਾਸਕ ਸਥਾਨ ਗੁਰਦੁਆਰਾ ਸ਼ਹੀਦ ਬਾਬਾ ਤੇਗਾ ਸਿੰਘ ਤਪ ਅਸਥਾਨ ਸੱਚਖੰਡ ਵਾਸੀ ਬਾਬਾ ਨਛੱਤਰ ਸਿੰਘ ਚੰਦ ਪੁਰਾਣਾ ਵਿਖੇ ਨਤਮਸਤਕ ਹੋਣ ਲਈ ਪੁੱਜੇ, ਜਿੱਥੇ ਉਨ੍ਹਾਂ ਨੇ ਗੁਰੂ ਸਾਹਿਬ ਦਾ ਸ਼ੁਕਰਾਨਾ ਵੀ ਕੀਤਾ। ਇਸ ਮੌਕੇ ਇਸ ਅਸਥਾਨ ਦੇ ਮੁੱਖ ਸੇਵਾਦਾਰ ਸਮਾਜ ਸੇਵੀ ਬਾਬਾ ਗੁਰਦੀਪ ਸਿੰਘ ਜੀ ਨੇ ਉਨ੍ਹਾਂ ਦਾ ਸੁਆਗਤ ਕੀਤਾ ਅਤੇ ਸਿਰਪਾਓ ਭੇਟ ਕਰਕੇ ਉਨ੍ਹਾਂ ਨੂੰ ਸਨਮਾਨਤ ਕੀਤਾ। ਇਸ ਮੌਕੇ ਪੁੱਜੇ ਨੌਜਵਾਨਾਂ ਨੇ ਕਿਹਾ ਕਿ ਉਹ ਸਾਬਕਾ ਮੰਤਰੀ ਜਥੇਦਾਰ ਤੋਤਾ ਸਿੰਘ ਅਤੇ ਦਿੱਲੀ ਗੁਰਦੁਆਰਾ ਕਮੇਟੀ ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਦੀ ਬਦੌਲਤ ਰਿਹਾਅ ਹੋਏ ਹਨ ਉਨ੍ਹਾਂ ਦੀ ਰਿਹਾਈ ਦੇ ਲਈ ਜਿੱਥੇ ਇਨ੍ਹਾਂ ਆਗੂਆਂ ਦਾ ਵੱਡਾ ਯੋਗਦਾਨ ਹੈ ਉੱਥੇ ਕਿਸਾਨ ਜਥੇਬੰਦੀਆਂ ਨੇ ਵੀ ਉਨ੍ਹਾਂ ਦੀ ਰਿਹਾਈ ਤੇ ਲਈ ਪੂਰੀ ਵਾਹ ਲਾਈ।ਉਨ੍ਹਾਂ ਕਿਹਾ ਕਿ ਸਾਨੂੰ ਅੱਜ ਨਵਾਂ ਜੀਵਨ ਮਿਲਿਆ ਹੈ ਅਤੇ ਇਸ ਗੱਲ ਦੀ ਖੁਸ਼ੀ ਵੀ ਮਹਿਸੂਸ ਹੋਈ ਹੈ ਕਿ ਅਸੀਂ ਚੱਲ ਰਹੇ ਕਿਸਾਨੀ ਅੰਦੋਲਨ ਵਿੱਚ ਵੱਡਾ ਯੋਗਦਾਨ ਪਾਇਆ। ਇਸ ਮੌਕੇ ਬਾਬਾ ਜੀ ਨੇ ਕਿਹਾ ਕਿ ਤੁਸੀਂ ਅਕਾਲ ਪੁਰਖ ਦੀ ਕਿਰਪਾ ਸਦਕਾ ਬਾਹਰ ਆਏ ਹੋ ਕਿਉਂਕਿ ਪਰਮਾਤਮਾ ਹੀ ਅਜਿਹੇ ਇਨਸਾਨਾਂ ਦੀ ਡਿਊਟੀ ਲਗਾਉਂਦਾ ਹੈ ਜਿਹੜੀ ਡਿਊਟੀ ਸਾਬਕਾ ਮੰਤਰੀ ਜਥੇਦਾਰ ਤੋਤਾ ਸਿੰਘ ਅਤੇ ਮਨਜਿੰਦਰ ਸਿੰਘ ਸਿਰਸਾ ਪ੍ਰਧਾਨ ਦਿੱਲੀ ਗੁਰਦੁਆਰਾ ਕਮੇਟੀ ਨੇ ਨਿਭਾਈ।ਇਸ ਲਈ ਤੁਸੀਂ ਆਪਣੇ ਨਗਰ ਵਿੱਚ ਵੀ ਅਕਾਲ ਪੁਰਖ ਦਾ ਸ਼ੁਕਰਾਨਾ ਕਰਨ ਦੇ ਲਈ ਅਖੰਡ ਪਾਠ ਦਾ ਜਾਪ ਕਰਵਾਓ।ਬਾਬਾ ਜੀ ਨੇ ਕਿਹਾ ਕਿ ਆਜਾਦੀ ਤੋਂ ਬਾਅਦ ਇਹ ਵੱਡਾ ਅੰਦੋਲਨ ਦਿੱਲੀ ਦੀਆਂ ਸਰਹੱਦਾਂ ਤੇ ਕਿਸਾਨ ਜਥੇਬੰਦੀਆਂ ਵੱਲੋਂ ਲੜਿਆ ਜਾ ਰਿਹਾ ਹੈ ਜਿਸ ਦੀ ਜਿੱਤ ਯਕੀਨਨ ਹੋਵੇਗੀ ਅਤੇ ਮੋਦੀ ਸਰਕਾਰ ਨੂੰ ਵੀ ਸਬਕ ਮਿਲੇਗਾ ਕਿ ਜਿਨ੍ਹਾਂ ਕੌਮਾਂ ਦਾ ਇਤਿਹਾਸ ਕੁਰਬਾਨੀਆਂ ਭਰਿਆ ਹੋਵੇ ਉਹ ਆਪਣੇ ਹੱਕ ਲੈਣ ਜਾਂਣਦੇ ਹਨ ਜਿਵੇਂ ਕਿ ਕਿਸਾਨ ਜਥੇਬੰਦੀਆਂ ਆਪਣੇ ਹੱਕਾਂ ਦੇ ਲਈ ਡਟੀਆਂ ਹੋਈਆਂ ਹਨ।ਉਨ੍ਹਾਂ ਸਮੁੱਚੇ ਕਿਸਾਨ ਵੀਰਾਂ ਨੂੰ ਅਪੀਲ ਕੀਤੀ ਕਿ ਜਿਨ੍ਹਾਂ ਕਿਸਾਨਾਂ ਨੇ ਦਿੱਲੀ ਅੰਦੋਲਨ ਵਿਚ ਅਜੇ ਤੱਕ ਹਾਜ਼ਰੀ ਨਹੀਂ ਲਵਾਈ ਉਹ ਆਪਣਾ ਯੋਗਦਾਨ ਵੀ ਇਸ ਅੰਦੋਲਨ ਵਿੱਚ ਹਾਜਰੀ ਲਗਵਾ ਕੇ ਪਾਉਣ।