ਲੋਕਾਂ ਪ੍ਰਤੀ ਨਿਭਾਈਆਂ ਸੇਵਾਵਾਂ ਸਦਕਾ ਲੋਕਾਂ ਦੇ ਚੇਤਿਆਂ ‘ਚ ਵਸੇ ਰਹਿਣਗੇ, ਸਾਬਕਾ ਸਰਪੰਚ ਸਵਰਗੀ ਗੁਰਦਿਆਲ ਸਿੰਘ ਧਾਲੀਵਾਲ

ਸਿੱਧਵਾ ਬੇਟ/ਮੋਗਾ, 30 ਮਾਰਚ (ਜਸ਼ਨ): ਸਾਬਕਾ ਸਰਪੰਚ ਸਵਰਗੀ ਗੁਰਦਿਆਲ ਸਿੰਘ ਧਾਲੀਵਾਲ ਦਾ ਜਨਮ 1940 ਵਿਚ ਪਿੰਡ ਸੁਧਾਰ ਜਿਲਾ ਲਾਇਲਪੁਰ ਪਾਕਿਸਤਾਨ ਵਿਖੇ ਪਿਤਾ ਬਖਤੌਰ ਸਿੰਘ ਧਾਲੀਵਾਲ ਦੇ ਘਰ ਅਤੇ ਮਾਤਾ ਸ਼ਾਮ ਕੌਰ ਦੀ ਕੁੱਖੋ  ਹੋਇਆ। ਭਾਰਤ ਪਾਕਿਸਤਾਨ ਦੀ ਵੰਡ ਪਿਛੋਂ ਆਪ ਜੀ ਦੇ ਪਰਿਵਾਰ ਨੂੰ ਲੁਧਿਆਣਾ ਜਿਲੇ ਦੇ ਪਿੰਡ ਹਲਵਾਰੇ ਵਿਖੇ ਜ਼ਮੀਨ ਅਲਾਟ ਹੋਈ। ਆਪ ਜੀ ਦਾ ਪਰਿਵਾਰ ਕਾਫੀ ਸਮੇਂ ਹਲਵਾਰੇ ਵਿਖੇ ਰਹਿੰਦਾ ਰਿਹਾ ਉਸ ਤੋਂ ਬਾਅਦ ਸਮੂਹ ਪਰਿਵਾਰ ਪਿੰਡ ਭੁਮਾਲ ਜਿਲਾ ਲੁਧਿਆਣਾ ਵਿਖੇ ਆ ਵਸਿਆ। ਆਪ ਜੀ ਆਪਣੇ ਸਾਰੇ ਭੈਣ ਭਰਾਂਵਾਂ ਤੋਂ ਛੋਟੇ ਸਨ ਅਤੇ ਆਪ ਜੀ ਨੇ ਵਧੀਆ ਪੜ੍ਹਾਈ ਕੀਤੀ ਅਤੇ ਆਪ ਜੀ ਬਾਸਕਿਟਬਾਲ ਦੇ ਉਚ ਕੋਟੀ ਦੇ ਖਿਡਾਰੀ ਰਹੇ ਅਤੇ ਪੰਜਾਬ ਪੱਧਰ ਤੱਕ ਖੇਡਾਂ ਵਿਚ ਹਿੱਸਾ ਲੈਂਦੇ ਰਹੇ। ਆਪ ਜੀ ਆਪਣੇ ਪਿੰਡ ਭੁਮਾਲ ਦੇ ਲੰਮਾ ਸਮਾਂ ਸਰਪੰਚ ਰਹੇ ਅਤੇ ਗੁਰਦੁਆਰਾ ਸਾਹਿਬ ਦੀ ਕਮੇਟੀ ਦੇ ਪ੍ਰਧਾਨ ਦੇ ਤੌਰ ਤੇ ਵੀ ਸੇਵਾਵਾਂ ਨਿਭਾਈਆਂ। ਆਪ ਜੀ ਦਾ ਵਿਆਹ ਜਿਲਾ ਜਲੰਧਰ ਦੇ ਪਿੰਡ ਉੱਗੀ ਦੇ ਨਾਮਵਾਰ ਪਰਿਵਾਰ ਸ. ਆਤਮਾ ਸਿੰਘ ਦੀ ਬੇਟੀ ਹਰਦੇਵ ਕੌਰ ਨਾਲ ਹੋਇਆ। 
ਆਪ ਜੀ ਘਰ ਦੋ ਬੇਟੇ ਅਤੇ ਇਕ ਬੇਟੀ ਨੇ ਜਨਮ ਲਿਆ ਜੋ ਕਿ ਉੱਚ ਸਿੱਖਿਆ ਹਾਸਲ ਕਰਕੇ ਦੇਸ਼ ਵਿਦੇਸ਼ ਵਿਚ ਸਫ਼ਲ ਕਾਰੋਬਾਰੀ ਬਣੇ। ਉਹਨਾਂ ਦਾ ਇਕ ਸਪੁੱਤਰ ਇੰਦਰਜੀਤ ਸਿੰਘ ਧਾਲੀਵਾਲ ਸਫ਼ਲ ਕਿਸਾਨ ਹੈ ਅਤੇ ਦੂਸਰਾ ਸਪੁੱਤਰ ਤੇਜਿੰਦਰਜੀਤ ਸਿੰਘ, ਜਵਾਈ ਪਰਮਿੰਦਰ ਸਿੰਘ ਅਤੇ ਭਤੀਜਾ ਦਲਜੀਤ ਸਿੰਘ ਕੰਗ ਕਨੇਡਾ ਵਿਚ ਸਫ਼ਲ ਉੱਦਮੀਆਂ ਵਜੋਂ ਵਿਚਰ ਰਹੇ ਹਨ। 
ਉਹਨਾਂ ਦੀ ਸਪੁੱਤਰੀ ਜਤਿੰਦਰ ਕੌਰ ਬਰਾੜ ਬਤੌਰ ਪਿ੍ਰੰਸੀਪਲ ਸਿੱਖਿਆ ਦੇ ਖੇਤਰ ਵਿਚ ਸੇਵਾਵਾਂ ਨਿਭਾਅ ਰਹੇ ਹਨ। ਆਪ ਜੀ ਦੇ ਪੋਤੇ ਅਤੇ ਦੋਹਤੇ ਦੇਸ਼ਾਂ ਵਿਦੇਸ਼ਾਂ ਵਿਚ ਸਿਰਫ਼ ਸਫ਼ਲ ਕਾਰੋਬਾਰੀ ਹੀ ਨਹੀਂ ਸਗੋਂ ਸਮਾਜਿਕ ਅਤੇ ਰਾਜਨੀਤਕ ਗਤੀਵਿਧੀਆਂ ਵਿਚ ਵੀ ਪ੍ਰਭਾਵਸ਼ਾਲੀ ਰੋਲ ਨਿਭਾਅ ਰਹੇ ਹਨ।
 ਸ. ਗੁਰਦਿਆਲ ਸਿੰਘ ਧਾਲੀਵਾਲ ਵੱਲੋਂ ਮਿਲੇ ਸੰਸਕਾਰਾਂ ਦੀ ਬਦੌਲਤ ਉਹਨਾਂ ਦੇ ਦੋਹਤੇ ਰੁਪਿੰਦਰ ਸਿੰਘ ਦੀਨਾ ਮੋਗਾ ਦੇ ਹਲਕਾ ਨਿਹਾਲ ਸਿੰਘ ਵਾਲਾ ਦੇ ਸਾਬਕਾ ਵਿਧਾਇਕ ਬੀਬੀ ਰਾਜਵਿੰਦਰ ਕੌਰ ਭਾਗੀਕੇ ਦੇ ਸਿਆਸੀ ਸਕੱਤਰ ਹੋਣ ਦੇ ਨਾਲ ਨਾਲ ਕਾਂਗਰਸ ਹਾਈ ਕਮਾਂਡ ਵੱਲੋਂ ਬਲਾਕ ਸੰਮਤੀ ਮੈਂਬਰ ਅਤੇ ਮਾਰਕੀਟ ਕਮੇਟੀ ਨਿਹਾਲ ਸਿੰਘ ਵਾਲਾ ਦੇ ਡਾਇਰੈਕਟਰ ਵਜੋਂ ਮਨੋਨੀਤ ਕੀਤੇ ਗਏ ਹਨ। ਸ. ਗੁਰਦਿਆਲ ਸਿੰਘ ਧਾਲੀਵਾਲ ਆਪਣੇ ਸਰਪੰਚੀ ਦੇ ਕਾਰਜਕਾਲ ਦੌਰਾਨ ਅਨੇਕਾਂ ਕਾਰਜ ਆਪ ਜੀ ਨੇ ਪਿੰਡ ਦੀ ਭਲਾਈ ਲਈ ਕੀਤੇ। ਆਪ ਜੀ ਹਮੇਸ਼ਾ ਲੋੜਵੰਦ ਪਰਿਵਾਰਾਂ ਦੀ ਵਧ ਚੜ੍ਹ ਕੇ ਮੱਦਦ ਕਰਦੇ ਰਹੇ।     
ਸਾਬਕਾ ਸਰਪੰਚ ਗੁਰਦਿਆਲ ਸਿੰਘ ਧਾਲੀਵਾਲ ਬੀਤੀ 22 ਮਾਰਚ ਨੂੰ ਇਸ ਫ਼ਾਨੀ ਦੁਨੀਆਂ ਨੂੰ ਅਲਵਿਦਾ ਆਖ ਗਏ । ਉਹਨਾਂ ਨਮਿੱਤ ਸ਼੍ਰੀ ਸਹਿਜ ਪਾਠ ਦਾ ਭੋਗ 31 ਮਾਰਚ ਨੂੰ ਗੁਰਦੁਆਰਾ ਸਾਹਿਬ ਪਿੰਡ ਭੁਮਾਲ, ਨੇੜੇ ਸਿੱਧਵਾਂ ਬੇਟ ਜ਼ਿਲ੍ਹਾ ਲੁਧਿਆਣਾ ਵਿਖੇ ਦੁਪਹਿਰ 12.30 ਵਜੇ ਤੱਕ ਹੋਵੇਗਾ ਜਿੱਥੇ ਵੱਖ ਵੱਖ ਰਾਜਨੀਤਕ ਸ਼ਖਸੀਅਤਾਂ ਉਹਨਾਂ ਨੂੰ ਸ਼ਰਧਾਂਜਲੀ ਭੇਟ ਕਰਨਗੀਆਂ।