ਕਤਲ ਕੀਤੀ ਮੋਗਾ ਦੀ ਔਰਤ ਦਾ ਕਾਤਲ ਗ੍ਰਿਫਤਾਰ, ਉੱਘੇ ਕਲਾਕਾਰ ਦੁੱਕੀ ਤਿੱਕੀ ਦੀ ਸਕੀ ਭੈਣ ਦਾ ਗਲਾ ਘੁੱਟ ਕੇ ਕੀਤਾ ਗਿਆ ਸੀ ਕਤਲ

Tags: 

ਮੋਗਾ, 22 ਮਾਰਚ (ਜਸ਼ਨ): ਮੋਗਾ ਪੁਲਿਸ ਨੇ ਇਕ ਔਰਤ ਦੇ ਅੰਨ੍ਹੇ ਕਤਲ ਦੇ ਮਾਮਲੇ ਨੂੰ ਸੁਲਝਾਉਂਦਿਆਂ ਮੁਲਜ਼ਮ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਦੋਸ਼ੀ ਖਿਲਾਫ ਕੇਸ ਦਰਜ ਕਰ ਲਿਆ ਗਿਆ ਹੈ ਅਤੇ ਅਗਲੇਰੀ ਕਾਰਵਾਈ ਕੀਤੀ ਜਾ ਰਹੀ ਹੈ। ਸ੍ਰੀ ਹਰਮਨਬੀਰ ਸਿੰਘ ਗਿੱਲ ਸੀਨੀਅਰ ਪੁਲਿਸ ਕਪਤਾਨ ਨੇ ਦੱਸਿਆ ਕਿ 16 ਮਾਰਚ 2021 ਨੂੰ ਜ਼ੀਰਾ ਰੋਡ ਮੋਗਾ ਦੇ ਨਿਊ ਸੋਢੀ ਨਗਰ ਵਿਖੇ ਸੁਸ਼ੀਲ ਕੁਮਾਰੀ (75 ਸਾਲ) ਪੁੱਤਰੀ ਸਵਰਗੀ ਬਚਨ ਰਾਮ ਦਾ ਕਤਲ ਕਰ ਦਿੱਤਾ ਗਿਆ ਸੀ। ਉਸ ਨੂੰ ਉਸੇ ਦਾ ਹੀ ਚਿੱਟਾ ਦੁਪੱਟਾ ਵਰਤ ਕੇ ਕਿਸੇ ਅਣਪਛਾਤੇ ਵਿਅਕਤੀ ਨੇ ਉਸਦਾ ਗਲਾ ਘੁੱਟ ਕੇ ਹੱਤਿਆ ਕਰ ਦਿੱਤੀ ਸੀ। ਇਸ ਤੋਂ ਬਾਅਦ ਮ੍ਰਿਤਕ ਦੇ ਭਰਾ ਸ਼ੁਭਕਰਨ ਸਿੰਘ ਉਰਫ ਦੁੱਕੀ ਦੇ ਬਿਆਨਾਂ 'ਤੇ ਐਫਆਈਆਰ ਨੰ. 34 ਮਿਤੀ 16-3-2021 ਦੇ ਅਧੀਨ 302 ਆਈ ਪੀ ਸੀ ਪੀ ਐਸ ਸਿਟੀ ਮੋਗਾ ਦਰਜ ਕੀਤੀ ਗਈ ਸੀ। ਉਨ੍ਹਾਂ ਦੱਸਿਆ ਕਿ ਕੇਸ ਦੀ ਜਾਂਚ ਦੌਰਾਨ ਇਹ ਪਾਇਆ ਗਿਆ ਕਿ ਇਹ ਕਤਲ ਗੁਰਜੰਟ ਸਿੰਘ ਉਰਫ ਜੰਟਾ ਪੁੱਤਰ ਕੁਲਵੰਤ ਸਿੰਘ ਦੁਆਰਾ ਕੀਤਾ ਗਿਆ ਸੀ, ਜੋ ਕਿ ਪੇਸ਼ੇ ਤੋਂ ਪੇਂਟਰ ਹੈ ਅਤੇ ਉਹ ਵੀ ਉਸੇ ਗਲੀ ਵਿੱਚ ਰਹਿੰਦਾ ਹੈ ਜਿਸ ਵਿੱਚ ਮ੍ਰਿਤਕਾ ਰਹਿੰਦੀ ਸੀ। ਉਸ ਦੇ ਨਾਲ ਉਸਦੇ 2 ਅਣਵਿਆਹੇ ਭਰਾ ਵੀ ਰਹਿੰਦੇ ਸਨ। ਪੁੱਛਗਿੱਛ ਦੌਰਾਨ ਮੁਲਜ਼ਮ ਨੇ ਕਬੂਲ ਕੀਤਾ ਹੈ ਕਿ ਉਸ ਨੇ ਚੋਰੀ ਦੀ ਨੀਅਤ ਨਾਲ ਕਤਲ ਕੀਤਾ ਸੀ ਕਿਉਂਕਿ ਉਹ ਜਾਣਦਾ ਸੀ ਕਿ ਸੁਸ਼ੀਲ ਕੁਮਾਰੀ ਆਪਣੇ ਘਰ ਇਕੱਲੀ ਸੀ ਕਿਉਂਕਿ ਉਸ ਦੇ 2 ਭਰਾ ਆਪਣੇ ਰਿਸ਼ਤੇਦਾਰਾਂ ਨੂੰ ਮਿਲਣ ਗਏ ਹੋਏ ਸਨ ਅਤੇ ਉਹ ਇਹ ਵੀ ਜਾਣਦਾ ਸੀ ਕਿ ਸੁਸ਼ੀਲ ਕੁਮਾਰੀ ਰਿਟਾਇਰਡ ਨਰਸ ਸੀ। ਉਸ ਦੇ ਘਰ ਕਾਫ਼ੀ ਪੈਸਾ ਹੁੰਦਾ ਸੀ ਕਿਉਂਕਿ ਉਹ ਸਮੇਂ ਸਮੇਂ ਉੱਤੇ ਪੈਸੇ ਉਧਾਰ ਲੈਂਦਾ ਰਹਿੰਦਾ ਸੀ। ਇਸ ਲਈ ਉਹ 15 ਮਾਰਚ 2021 ਨੂੰ ਸਵੇਰੇ ਤਕਰੀਬਨ 5 ਵਜੇ ਉਸ ਦੇ ਘਰ ਦੀ ਘਰ ਦੀ ਕੰਧ ਤੋੜ ਕੇ ਉਸਦੇ ਘਰ ਵਿੱਚ ਦਾਖਲ ਹੋਇਆ ਅਤੇ ਫਿਰ ਇੱਕ ਬਾਥਰੂਮ ਵਿੱਚ ਲੁਕ ਗਿਆ। ਉਸ ਨੇ ਸੁਸ਼ੀਲ ਕੁਮਾਰੀ ਦੇ ਘਰੋਂ ਨਿਕਲ ਜਾਣ 'ਤੇ ਪੈਸੇ ਚੋਰੀ ਕਰਨ ਦੀ ਯੋਜਨਾ ਬਣਾਈ ਪਰ ਉਸਨੇ ਉਸ ਨੂੰ ਵੇਖ ਲਿਆ ਅਤੇ ਇਸ ਤੋਂ ਬਾਅਦ ਜਦੋਂ ਉਸਨੇ ਰੌਲਾ ਪਾਉਣ ਦੀ ਕੋਸ਼ਿਸ਼ ਕੀਤੀ ਤਾਂ ਉਸਨੇ ਉਸ ਦਾ ਉਸਦੇ ਦੁਪੱਟੇ ਨਾਲ ਗਲਾ ਘੁੱਟ ਦਿੱਤਾ ਅਤੇ ਬਾਅਦ ਵਿੱਚ ਉਸਦਾ ਮੋਬਾਈਲ ਫੋਨ ਅਤੇ 500 ਦੇ ਕਰੀਬ ਰੁਪਏ ਚੋਰੀ ਕਰਕੇ ਮੌਕੇ ਤੋਂ ਫਰਾਰ ਹੋ ਗਿਆ। ਉਹਨਾਂ ਕਿਹਾ ਕਿ ਮੁਲਜ਼ਮ ਨੇ ਇਹ ਵੀ ਖੁਲਾਸਾ ਕੀਤਾ ਕਿ ਉਸਨੇ ਰਾਤ ਨੂੰ ਦੁਬਾਰਾ ਵਾਪਸ ਆਉਣ ਦੀ ਯੋਜਨਾ ਬਣਾਈ ਸੀ ਤਾਂ ਜੋ ਉਹ ਮ੍ਰਿਤਕ ਦੇ ਘਰ ਤੋਂ ਸਾਰੀਆਂ ਕੀਮਤੀ ਚੀਜ਼ਾਂ ਲੈ ਜਾਏ ਕਿਉਂਕਿ ਉਸਨੂੰ ਪਤਾ ਸੀ ਕਿ ਕੋਈ ਵੀ ਉਸਦੇ ਘਰ ਨਹੀਂ ਆਉਂਦਾ ਅਤੇ ਉਸਦੇ ਭਰਾ ਵੀ ਚਲੇ ਗਏ ਹਨ। ਹੋਰ ਜਾਂਚ ਪੜਤਾਲ ਕਰਦਿਆਂ ਇਹ ਵੀ ਪਾਇਆ ਗਿਆ ਕਿ ਦੋਸ਼ੀ ਨੇ ਆਪਣੀ ਪ੍ਰੇਮਿਕਾ ਨੂੰ ਦਿਖਾਉਣ ਲਈ ਉਸਦੀ ਹੱਤਿਆ ਕਰਨ ਤੋਂ ਬਾਅਦ ਮ੍ਰਿਤਕ ਦੀ ਵੀਡੀਓ ਵੀ ਬਣਾਈ ਤਾਂ ਜੋ ਉਹ ਉਸ ਨਾਲ ਰਹਿਣ ਲਈ ਦਬਾਅ ਪਾ ਸਕੇ ਅਤੇ ਉਕਤ ਵੀਡੀਓ ਉਸਦੇ ਮੋਬਾਈਲ ਫੋਨ ਤੋਂ ਬਰਾਮਦ ਕੀਤੀ ਗਈ ਹੈ। ਚੋਰੀ ਕੀਤੇ ਮੋਬਾਈਲ ਫੋਨ ਅਤੇ ਪੈਸੇ ਵੀ ਬਰਾਮਦ ਹੋਏ ਹਨ। ਮਾਮਲੇ ਦੀ ਅਗਲੇਰੀ ਜਾਂਚ ਚੱਲ ਰਹੀ ਹੈ।