ਸਰਕਾਰਾਂ ਨੇ ਸਿੱਖਿਆ ਅਤੇ ਸਿਹਤ ਸੇਵਾਵਾਂ ਤੋਂ ਪੱਲਾ ਝਾੜਿਆ -ਵਿਧਾਇਕ ਮਨਜੀਤ ਬਿਲਾਸਪੁਰ
ਨਿਹਾਲ ਸਿੰਘ ਵਾਲਾ, 17 ਮਾਰਚ (ਜਸ਼ਨ)-‘ਆਜਾਦੀ ਦੇ 7 ਦਹਾਕਿਆਂ ਬਾਅਦ ਵੀ ਲੋਕਾਂ ਨੂੰ ਸਰਕਾਰਾਂ ਵੱਲੋਂ ਮਾਨਸਿਕ ਗੁਲਾਮ ਹੋਣ ਦਾ ਅਹਿਸਾਸ ਕਰਵਾਇਆ ਜਾ ਰਿਹਾ ਹੈ, ਕਿਉਂਕਿ ਸਾਰੀਆਂ ਸਰਕਾਰਾਂ ਨੇ ਦੇਸ਼ ‘ਚ ਸਿਹਤ ਤੇ ਸਿੱਖਿਆ ਤੋ ਪੱਲਾ ਝਾੜ ਕੇ ਸਿਰਫ਼ ਆਪਣੇ ਹੀ ਬੋਝੇ ਭਰੇ ਨੇ।’ ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਨਿਹਾਲ ਸਿੰਘ ਵਾਲਾ ਦੇ ਵਿਧਾਇਕ ਮਨਜੀਤ ਬਿਲਾਸਪੁਰ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ। ਉਹਨਾਂ ਕਿਹਾ ਕਿ ਸਰਕਾਰਾਂ ਦੀਆਂ ਇਹਨਾਂ ਹਰਕਤਾਂ ਕਰਕੇ ਦੇਸ਼ ਦਾ ਹਰੇਕ ਨਾਗਰਿਕ ਆਪਣੇ ਆਪ ਨੂੰ ਠੱਗਿਆ ਠੱਗਿਆ ਮਹਿਸੂਸ ਕਰ ਰਿਹਾ ਏ ਅਤੇ ਉਹਨਾਂ ਕੋਲ ਕੋਈ ਵਿਕਲਪ ਵੀ ਨਹੀ ਹੈ। ਉਹਨਾਂ ਕਿਹਾ ਕਿ ਹਰੇਕ ਮਹਿਕਮਿਆਂ ਲਈ ਬਜਿੱਦ ਸਰਕਾਰਾਂ ਤੋਂ ਤੰਗ ਮੁਲਾਜਮ ਆਪਣੇ ਆਪ ਨੂੰ ਅਸੁਰੱਖਿਤ ਮਹਿਸੂਸ ਕਰ ਰਿਹਾ ਹੈ । ਮਨਜੀਤ ਬਿਲਾਸਪੁਰ ਨੇ ਕਿਹਾ ਕਿ ਕਾਲਜ ਬੰਦ ਹੋ ਰਹੇ ਹਨ ਤੇ ਪੰਜਾਬ ਦਾ ਪੜਿਆ ਲਿਖਿਆ ਵਰਗ ਵਿਦੇਸ਼ਾਂ‘ਚ ਆਪਣੇ ਸੁਨਿਹਰੇ ਭਵਿੱਖ ਦੀ ਭਾਲ ‘ਚ ਜਾ ਰਿਹਾ ਹੈ। ਉਹਨਾਂ ਕਿਹਾ ਕਿ ਸਰਕਾਰਾਂ ਸਿਹਤ ਤੇ ਸਿੱਖਿਆ ਵੱਲ ਧਿਆਨ ਦੇ ਕੇ ਦੇਸ਼ ਦਾ ਪੈਸਾ ਅਤੇ ਪੜ੍ਹੀ ਲਿਖੀ ਨੌਜਵਾਨੀ ਨੂੰ ਸੰਭਾਲੇ । ਉਹਨਾਂ ਆਖਿਆ ਕਿ ਸਰਕਾਰਾਂ ਨੂੰ ਵੱਖ ਵੱਖ ਆਦਾਰਿਆਂ ਚੋਂ ਪੋਸਟਾਂ ਖਤਮ ਕਰਨ ਦੀ ਬਜਾਏ ਰੁਜਗਾਰ ਦੇ ਵਧੇਰੇ ਮੌਕੇ ਪੈਦਾ ਕਰਨੇ ਚਾਹੀਦੇ ਹਨ ਤਾਂ ਕਿ ਨੌਜਵਾਨਾਂ ਦੇ ਭਵਿੱਖ ਸੁਰੱਖਿਅਤ ਹੋ ਸਕੇ।