ਸਕੂਲ ਅਧਿਆਪਕਾ ਸਮੇਤ ਜ਼ਿਲ੍ਹੇ ‘ਚ 17 ਕਰੋਨਾ ਪਾਜ਼ਿਟਿਵ ਪਾਏ ਜਾਣ ’ਤੇ ਸਿਹਤ ਵਿਭਾਗ ਹਰਕਤ ‘ਚ ਆਇਆ, ਤਲਵੰਡੀ ਭੰਗੇਰੀਆਂ ਸਕੂਲ ਦੇ ਸਾਰੇ ਅਧਿਆਪਕਾਂ ਦੇ ਲਏ ਸੈਂਪਲ

Tags: 

ਮੋਗਾ, 10 ਮਾਰਚ (ਜਸ਼ਨ) : ਮੋਗਾ ਜ਼ਿਲ੍ਹੇ ‘ਚ ਅੱਜ 17 ਵਿਅਕਤੀਆਂ ਦੇ ਕਰੋਨਾ ਪਾਜ਼ਿਟਿਵ ਪਾਏ ਜਾਣ ’ਤੇ ਕਰੋਨਾ ਦੀ ਦੂਸਰੀ ਲਹਿਰ ਪ੍ਰਚੰਡ ਹੁੰਦੀ ਦਿਖਾਈ ਦੇ ਰਹੀ ਹੈ । ਮੋਗਾ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਤਲਵੰਡੀ ਭੰਗੇਰੀਆਂ ਦੀ ਆਰਟ ਐਂਡ ਕਰਾਫਟ ਅਧਿਆਪਕਾ ਦੇ ਕਰੋਨਾ ਪੀੜਤ ਹੋਣ ਦੀ ਪੁਸ਼ਟੀ ਹੋਈ ਹੈ । ਉਹ ਪਿਛਲੇ ਤਿੰਨ ਦਿਨਾਂ ਤੋਂ ਛੁੱਟੀ ’ਤੇ ਚੱਲ ਰਹੀ ਸੀ । ਪਰ ਅੱਜ ਸਕੂਲ ਮੁਖੀ ਵੱਲੋਂ ਉਸ ਦੇ ਛੁੱਟੀ ’ਤੇ ਹੋਣ ਦੇ ਕਾਰਨ ਦੀ ਪੁੱਛਗਿੱਛ ਤੋਂ ਪਤਾ ਲੱਗਾ ਹੈ ਕਿ ਉਹ ਕਰੋਨਾ ਪਾਜ਼ਿਟਿਵ ਪਾਈ ਗਈ ਹੈ ਅਤੇ ਮੋਗਾ ਦੇ ਪ੍ਰਾਇਵੇਟ ਹਸਪਤਾਲ ਵਿਚ ਦਾਖਲ ਹੈ ਅਤੇ ਉਸ ਨੂੰ ਸਾਹ ਲੈਣ ਵਿਚ ਮੁਸ਼ਕਿਲ ਪੇਸ਼ ਆ ਰਹੀ ਹੈ । ਇਹ ਵੀ ਪਤਾ ਲੱਗਾ ਹੈ ਕਿ ਆਰਟ ਐਂਡ ਕਰਾਫਟ ਅਧਿਆਪਕਾ ਦਾ ਪਤੀ ਵੀ ਕਰੋਨਾ ਪਾਜ਼ਿਟਿਵ ਹੋਣ ਕਰਕੇ ਹਸਪਤਾਲ ਵਿਚ ਜ਼ੇਰੇ ਇਲਾਜ ਹੈ । 
ਅਧਿਆਪਕਾਂ ਦੇ ਕਰੋਨਾ ਪੀੜਤ ਹੋਣ ਦੀ ਸੂਚਨਾ ਪਿ੍ਰੰਸੀਪਲ ਖੁਸ਼ਵੰਤ ਸਿੰਘ ਵੱਲੋਂ ਜ਼ਿਲ੍ਹਾ ਸਿੱਖਿਆ ਅਫਸਰ ਨੂੰ ਦਿੱਤੀ ਗਈ । ਸਿਹਤ ਵਿਭਾਗ ਤੁਰੰਤ ਹਰਕਤ ਵਿਚ ਆਇਆ ਅਤੇ ਸਿਹਤ ਵਿਭਾਗ ਦੇ ਕਰਮਚਾਰੀਆਂ ਨੇ ਅੱਜ ਸਕੂਲ ਦੇ 20 ਅਧਿਆਪਕਾਂ ਦੇ ਕਰੋਨਾ ਟੈਸਟ ਲਈ ਸੈਂਪਲ ਲਏ ਜਦਕਿ ਵਿਦਿਆਰਥੀਆਂ ਦੀ ਸੈਂਪਿਗ ਕੱਲ ਨੂੰ ਕੀਤੀ ਜਾਵੇਗੀ ਤਾਂ ਕਿ ਕਰੋਨਾ ਪਾਜ਼ਿਟਿਵ ਪਾਈ ਗਈ ਅਧਿਆਪਕਾ ਦੇ ਸੰਪਰਕ ਵਿਚ ਆਉਣ ਵਾਲੇ ਵਿਦਿਆਰਥੀਆਂ ਅਤੇ ਅਧਿਆਪਕਾਂ ਦੇ ਕਰੋਨਾ ਸੰਕਰਮਿਤ ਹੋਣ ਦਾ ਪਤਾ ਲਗਾਇਆ ਜਾ ਸਕੇ।  

ਭਰੋਸੇਯੋਗ ਸੂਤਰਾਂ ਤੋਂ ਪਤਾ ਲੱਗਾ ਹੈ ਕਿ ਸਕੂਲ ਦੇ ਅਧਿਆਪਕਾਂ ਵਿਚ ਸਹਿਮ ਦਾ ਮਾਹੌਲ ਹੈ। ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਵੀ ਪਿੰਡ ਕੋਕਰੀ ਫੂਲਾ ਸਿੰਘ, ਨੱਥੂਵਾਲਾ ਜਦੀਦ ਅਤੇ ਕੋਟਈਸੇ ਖਾਂ ਸਕੂਲਾਂ ਦੇ ਕਈ ਅਧਿਆਪਕ ਕਰੋਨਾ ਪਾਜ਼ਿਟਿਵ ਪਾਏ ਗਏ ਸਨ ਅਤੇ ਮੋਗਾ ਦੇ ਇਕ ਸਕੂਲ ਦੀਆਂ ਦੋ ਮਿਡ ਡੇ ਮੀਲ ਵਰਕਰ ਵੀ ਕਰੋਨਾ ਪਾਜ਼ਿਟਿਵ ਪਾਈਆਂ ਗਈਆਂ ਸਨ।