‘ਮਿਸ਼ਨ ਕਲੀਨ ਗਰੀਨ ਐਂਡ ਸੇਫ਼ ਸੁਸਾਇਟੀ’ ਫਿਰ ਹੋਈ ਸਰਗਰਮ, ਗੀਤਾ ਭਵਨ ਰੋਡ ਨੂੰ ਕਰਵਾਇਆ ਪੂਰੀ ਤਰਾਂ ਸਾਫ਼

***ਸ਼ਹਿਰ ਦੇ ਹਰ ਕੋਨੇ ‘ਚ ਸਫ਼ਾਈ ਰੱਖਣ ਲਈ ਆਪਣੇ ਵਾਅਦੇ ’ਤੇ ਹਾਂ ਕਾਇਮ:ਗੌਰਵ ਗੁੱਡੂ ਗੁੱਪਤਾ***
ਮੋਗਾ,9 ਮਾਰਚ (ਜਸ਼ਨ): ਨਿਗਮ ਚੋਣਾਂ ਉਪਰੰਤ ਵਾਰਡ ਨੰਬਰ 42 ਤੋਂ ਚੁਣੇ ਗਏ ਕੌਂਸਲਰ ਗੌਰਵ ਗੁੱਡੂ ਗੁੱਪਤਾ ਨੇ ‘ਮਿਸ਼ਨ ਕਲੀਨ ਗਰੀਨ ਐਂਡ ਸੇਫ਼ ਸੁਸਾਇਟੀ’ ਵੱਲੋਂ ਕੀਤੇ ਜਾ ਰਹੇ ਸਫ਼ਾਈ ਅਭਿਆਨ ਲਈ ਮੁੜ ਤੋਂ ਕੰਮ ਕਰਨਾ ਸ਼ੁਰੂ ਕਰ ਦਿੱਤਾ ਹੈ । ਗੌਰਵ ਗੁੱਡੂ ਸੁਸਾਇਟੀ ਦੇ ਮੈਂਬਰਾਂ ਨਾਲ ਮਿਲ ਕੇ ਵਾਰਡ ਨੂੰ ਹੀ ਨਹੀਂ ਬਲਕਿ ਸ਼ਹਿਰ ਦੇ ਹਰ ਕੋਨੇ ਨੂੰ ਸਾਫ਼ ਰੱਖਣ ਲਈ ਲਏ ਅਹਿਦ ਨੂੰ ਦੁਹਰਾਉਂਦਿਆਂ ਲੋਕਾਂ ‘ਚ ਆਪਣੇ ਆਲੇ ਦੁਆਲੇ ਨੂੰ ਸਾਫ਼ ਰੱਖਣ ਦੇ ਵਿਵਹਾਰ ਨੂੰ ਪਰਪੱਕ ਕਰਨ ਦੀ ਸਕਾਰਾਤਮਕ ਕੋਸ਼ਿਸ਼ ਕਰ ਰਹੇ ਹਨ।

ਗੁੱਡੂ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਆਖਿਆ ਕਿ ਉਹਨਾਂ ਦੀ ਸੰਸਥਾ ‘ਮਿਸ਼ਨ ਕਲੀਨ ਗਰੀਨ ਐਂਡ ਸੇਫ਼ ਸੁਸਾਇਟੀ’ ਦਾ ਮੰਤਵ ਸਮੁੱਚੇ ਸ਼ਹਿਰ ਨੂੰ ਸਾਫ਼ ਸੁਥਰਾ ਰੱਖਣਾ ਹੈ ਅਤੇ ਇਸ ਦੀ ਪੂਰਤੀ ਲਈ ਉਹਨਾਂ ਨੇ ਨਿੱਜੀ ਖਰਚੇ ’ਤੇ ਪ੍ਰਾਈਵੇਟ ਸਫ਼ਾਈ ਕਰਮਚਾਰੀ ਰੱਖੇ ਹੋਏ ਹਨ ਜੋ ਨਗਰ ਨਿਗਮ ਦੇ ਸਫ਼ਾਈ ਕਰਮਚਾਰੀਆਂ ਨਾਲ ਸਹਿਯੋਗ ਕਰਦਿਆਂ ਪਹਿਲਾਂ ਵਾਰਡ ਨੰਬਰ 42 ਵਿਚ ਪੈਂਦੀ ਗੀਤਾ ਭਵਨ ਰੋਡ, ਸਹਿਜ ਕਾਲੋਨੀ, ਨਿਊ ਗੀਤਾ ਕਾਲੋਨੀ, ਕਰਿਸ਼ਨਾ ਅਸਟੇਟ, ਅੰਗਦਪੁਰਾ ਮੁਹੱਲਾ, ਹਾਕਮ ਕਾ ਅਗਵਾੜ ਅਤੇ ਕਿਚਲੂ ਰੋਡ ਨੂੰ ਸਾਫ਼ ਕਰ ਕੇ ਲੋਕਾਂ ਨੂੰ ਸਾਫ਼ ਵਾਤਵਾਰਨ ਮੁਹੱਈਆ ਕਰਵਾਉਣਗੇ। ਗੁੱਡੂ ਨੇ ਆਖਿਆ ਕਿ ਉਹਨਾਂ ਸੁਸਾਇਟੀ ਦੇ ਮੈਂਬਰਾਂ ਨਾਲ ਸਲਾਹ ਕਰਕੇ ਅਗਲਾ ਏਜੰਡਾ ਉਲੀਕਿਆ ਹੈ ਜਿਸ ਵਿਚ ਉਹ ਹਰ ਐਤਵਾਰ ਨੂੰ ਵਾਰਡ ਨੰਬਰ 42 ਤੋਂ ਬਾਹਰ ਪੈਂਦੇ ਖੇਤਰ ਨੂੰ ਵੀ ਸਫ਼ਾਈ ਘੇਰੇ ਵਿਚ ਲਿਆਉਣਗੇ ਜਿਸ ਨਾਲ ‘ਮਿਸ਼ਨ ਕਲੀਨ ਗਰੀਨ ਐਂਡ ਸੇਫ਼ ਸੁਸਾਇਟੀ ’ ਬਣਾਉਣ ਦਾ ਮੰਤਵ ਪੂਰਾ ਹੋਵੇਗਾ। ਉਹਨਾਂ ਆਖਿਆ ਕਿ ਮੋਗਾ ਦੇ ਸ਼ਹਿਰਵਾਸੀਆਂ ਲਈ ਸਾਫ਼ ਸੁਥਰਾ ਮਾਹੌਲ ਸਿਰਜਣ ਦੇ ਜਜ਼ਬੇ ਨਾਲ ਉਹ ਨਿਰਸਵਾਰਥ ਹੋ ਕੇ ਕੰਮ ਕਰ ਰਹੇ ਹਨ । ਉਹਨਾਂ ਆਖਿਆ ਕਿ ਆਉਣ ਵਾਲੇ ਦਿਨਾਂ ਵਿਚ ਉਹ ਨਿੱਜੀ ਸਵੀਪਰਾਂ ਨੂੰ ‘ਮਿਸ਼ਨ ਕਲੀਨ ਗਰੀਨ ਐਂਡ ਸੇਫ਼ ਸੁਸਾਇਟੀ’ ਦੇ ਬੈਨਰ ਦੀ ਵਰਦੀ ਮੰਗਵਾ ਕੇ ਦੇ ਰਹੇ ਹਨ ਤਾਂ ਕਿ ਲੋਕ ਵੀ ਆਪਣਾ ਆਲਾ ਦੁਆਲਾ ਸਾਫ਼ ਰੱਖਣ ਦੀ ਹਸਰਤ ਸਦਕਾ ਸੁਸਾਇਟੀ ਦੇ ਇਹਨਾਂ ਕਾਮਿਆਂ ਨੂੰ ਸਹਿਯੋਗ ਦੇਣ।
ਉਹਨਾਂ ਇਹ ਵੀ ਆਖਿਆ ਕਿ ਨਿਗਮ ਕੋਲ ਸਫ਼ਾਈ ਕਾਮਿਆਂ ਦੀ ਘਾਟ ਹੈ ਪਰ ਫਿਰ ਵੀ ਨਿਗਮ ਹਾਊਸ ਦੇ ਗਠਨ ਉਪਰੰਤ ਉਹ ਬਾਕੀ ਚੁਣੇ ਕੌਂਸਲਰਾਂ ਅਤੇ ਨਿਗਮ ਅਧਿਕਾਰੀਆਂ ਦੇ ਸਹਿਯੋਗ ਨਾਲ ਸਮੁੱਚੇ ਸ਼ਹਿਰ ਦੀ ਸਫ਼ਾਈ ਲਈ ਯਤਨ ਆਰੰਭਣਗੇ।