ਔਰਤ ਦਿਵਸ ਮੌਕੇ ਔਰਤਾਂ ਨੇ ਕਿਸਾਨ ਅੰਦੋਲਨ ਦੇ ਸਮਰਥਨ ਵਿੱਚ ਕੀਤੀ ਵਿਸ਼ਾਲ ਰੈਲੀ,ਮੋਦੀ ਸਰਕਾਰ ਖਿਲਾਫ ਲਗਾਏ ਅਕਾਸ਼ ਗੁੰਜਾਊ ਨਾਅਰੇ

ਮੋਗਾ 8 ਮਾਰਚ(ਜਸ਼ਨ): ਅੰਤਰਰਾਸਟਰੀ ਔਰਤ ਦਿਵਸ ਮੌਕੇ ਕਿਸਾਨ ਜੱਥੇਬੰਦੀਆਂ ਵੱਲੋਂ ਦਿੱਤੇ ਗਏ ਸੱਦੇ ਅਨੁਸਾਰ ਕਿਸਾਨ ਸਹਾਇਤਾ ਸੰਘਰਸ਼ ਕਮੇਟੀ ਮੋਗਾ ਵੱਲੋਂ ਔਰਤਾਂ ਦੀ ਅਗਵਾਈ ਵਿੱਚ ਇੱਕ ਵਿਸ਼ਾਲ ਰੈਲੀ ਦਾ ਆਯੋਜਨ ਕੀਤਾ ਗਿਆ। ਇਹ ਰੈਲੀ ਨੇਚਰ ਪਾਰਕ ਮੋਗਾ ਤੋਂ ਸ਼ੁਰੂ ਹੋ ਕੇ ਮੇਨ ਚੌਕ ਮੋਗਾ ਵਿਖੇ ਪਹੁੰਚੀ, ਜਿੱਥੇ ਪਹਿਲਾਂ ਹੀ ਚੱਲ ਰਹੇ ਲੜੀਵਾਰ ਰੋਸ ਪ੍ਰਦਰਸ਼ਨ ਵਿੱਚ ਸ਼ਾਮਲ ਹੋ ਕੇ ਔਰਤਾਂ ਨੇ ਇੱਕ ਘੰਟੇ ਤੱਕ ਮੋਦੀ ਸਰਕਾਰ ਦੇ ਵਿਰੋਧ ਵਿੱਚ ਅਤੇ ਕਿਸਾਨ ਅੰਦੋਲਨ ਦੇ ਸਮਰਥਨ ਵਿੱਚ ਜੋਰਦਾਰ ਨਾਅਰੇਬਾਜ਼ੀ ਕੀਤੀ। ਨੇਚਰ ਪਾਰਕ ਮੋਗਾ ਵਿੱਚ ਇਕੱਤਰ ਔਰਤਾਂ ਦੇ ਇਕੱਠ ਨੂੰ ਸੰਬੋਧਨ ਕਰਦਿਆਂ ਕਿਸਾਨ ਸਹਾਇਤਾ ਸੰਘਰਸ਼ ਕਮੇਟੀ ਮੋਗਾ ਦੇ ਆਗੂ ਬੇਅੰਤ ਕੌਰ ਗਿੱਲ, ਐਡਵੋਕੇਟ ਮੀਨਾ ਸ਼ਰਮਾ, ਸਰਬਜੀਤ ਕੌਰ ਮਾਹਲਾ, ਨਰਜੀਤ ਕੌਰ, ਹਰਜੀਤ ਕੌਰ, ਕਰਮਜੀਤ ਕੌਰ, ਜਸਲੀਨ ਕੌਰ ਸੰਘਾ, ਮਹਿੰਦਰ ਪਾਲ ਲੂੰਬਾ, ਐਡਵੋਕੇਟ ਹਰਜੀਤ ਸਿੰਘ ਨਿਧਾਂਵਾਲਾ ਨੇ ਕਿਹਾ ਕਿ ਔਰਤ ਅੱਜ ਸ਼ਕਤੀ ਦੀ ਪ੍ਰਤੀਕ ਵਜੋਂ ਸਥਾਪਿਤ ਹੋ ਚੁੱਕੀ ਹੈ ਕਿਉਂਕਿ ਪੰਜਾਬ ਦੀਆਂ ਔਰਤਾਂ ਨੇ ਆਪਣੇ ਇਤਿਹਾਸ ਤੋਂ ਪ੍ਰੇਰਨਾ ਲੈਂਦੇ ਹੋਏ ਇਤਿਹਾਸਕ ਕਿਸਾਨ ਅੰਦੋਲਨ ਵਿੱਚ ਆਪਣਾ ਇਤਿਹਾਸਕ ਰੋਲ ਅਦਾ ਕੀਤਾ ਹੈ ਤੇ ਅੱਜ ਦਿੱਲੀ ਦੇ ਸਭ ਬਾਰਡਰਾਂ ਤੇ ਔਰਤਾਂ ਵੱਲੋਂ ਸਟੇਜ ਦਾ ਸੰਚਾਲਨ ਕੀਤਾ ਜਾ ਰਿਹਾ ਹੈ, ਇਸੇ ਕਾਰਨ ਅੱਜ ਮੋਗਾ ਸ਼ਹਿਰ ਦੀਆਂ ਔਰਤਾਂ ਵੀ ਕਿਸਾਨਾਂ ਦੇ ਸਮਰਥਨ ਵਿੱਚ ਸੜਕਾਂ ਤੇ ਉਤਰੀਆਂ ਹਨ ਅਤੇ ਉਨੀਂ ਦੇਰ ਇਸੇ ਤਰ੍ਹਾਂ ਡਟੀਆਂ ਰਹਿਣਗੀਆਂ ਜਦ ਤੱਕ ਅੰਦੋਲਨ ਜਿੱਤ ਦੀਆਂ ਬਰੂਹਾਂ ਤੇ ਨਹੀਂ ਪਹੁੰਚ ਜਾਂਦਾ। ਇਸ ਮੌਕੇ ਉਘੀ ਲੇਖਕ ਹਰਜੀਤ ਕੌਰ ਗਿੱਲ ਨੇ ਅੰਤਰ ਰਾਸ਼ਟਰੀ ਔਰਤ ਦਿਵਸ ਦੇ ਇਤਿਹਾਸ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਔਰਤਾਂ ਨੂੰ ਮਰਦਾਂ ਦੇ ਬਰਾਬਰ ਅਧਿਕਾਰ, ਵੋਟ ਦਾ ਅਧਿਕਾਰ ਲੈਣ ਅਤੇ ਹਰ ਖੇਤਰ ਵਿੱਚ ਵਧੀਆ ਕੰਮ ਕਰਨ ਵਾਲੀਆਂ ਔਰਤਾਂ ਨੂੰ ਸਨਮਾਨ ਦਿਵਾਉਣ ਦੀ ਇਹ ਲੜਾਈ 1908 ਵਿੱਚ ਅਮਰੀਕਾ ਦੇ ਨਿਊਯਾਰਕ ਸ਼ਹਿਰ ਤੋਂ ਸ਼ੂਰੂ ਹੋਈ ਜੋ 1977 ਵਿੱਚ ਸੰਯੁਕਤ ਰਾਸ਼ਟਰ ਨੇ ਅਪਣਾ ਕੇ 8 ਮਾਰਚ ਨੂੰ ਪੂਰੇ ਵਿਸ਼ਵ ਵਿੱਚ ਇਹ ਦਿਨ ਮਨਾਉਣਾ ਸ਼ੁਰੂ ਕਰ ਦਿੱਤਾ। ਉਹਨਾਂ ਕਿਸਾਨ ਅੰਦੋਲਨ ਵਿੱਚ ਔਰਤਾਂ ਦੀ ਭੂਮਿਕਾ ਬਾਰੇ ਚਾਨਣਾ ਪਾਉਂਦਿਆਂ ਕਿਹਾ ਕਿ ਔਰਤਾਂ ਦੇ ਸਹਿਯੋਗ ਤੋਂ ਬਿਨਾਂ ਇਸ ਸੰਘਰਸ਼ ਨੂੰ ਜਿੱਤਣਾ ਮੁਸ਼ਕਿਲ ਹੈ। ਇਸ ਮੌਕੇ ਡਾ ਕੁਲਦੀਪ ਸਿੰਘ ਗਿੱਲ, ਹਰਜਿੰਦਰ ਸਿੰਘ ਰੋਡੇ, ਰਿੰਪੀ ਗਰੇਵਾਲ, ਗਗਨਪ੍ਰੀਤ ਸਿੰਘ, ਗੁਰਮਨਪਰੀਤ ਸਿੰਘ ਨੇ ਸਭ ਹਾਜਰ ਔਰਤਾਂ ਨੂੰ ਅੰਤਰ-ਰਾਸ਼ਟਰੀ ਮਹਿਲਾ ਦਿਵਸ ਦੀ ਵਧਾਈ ਦਿੰਦਿਆਂ ਅੱਜ ਦੀ ਇਸ ਰੈਲੀ ਵਿੱਚ ਭਰਵੀਂ ਸ਼ਮੂਲੀਅਤ ਕਰਨ ਲਈ ਉਨ੍ਹਾਂ ਦਾ ਧੰਨਵਾਦ ਵੀ ਕੀਤਾ। ਇਸ ਉਪਰੰਤ ਇਹ ਰੈਲੀ ਨਾਅਰੇਬਾਜ਼ੀ ਕਰਦੀ ਹੋਈ ਮੇਨ ਬਜਾਰ ਮੋਗਾ ਵਿੱਚ ਦੀ ਹੁੰਦੀ ਹੋਈ ਮੇਨ ਚੌਕ ਮੋਗਾ ਪਹੁੰਚੀ, ਜਿੱਥੇ ਉਨ੍ਹਾਂ ਚੱਲ ਰਹੇ ਲੜੀਵਾਰ ਧਰਨੇ ਵਿਚ ਸ਼ਮੂਲੀਅਤ ਕਰਕੇ ਇੱਕ ਘੰਟਾ ਤਕਰੀਰਾਂ ਅਤੇ ਨਾਅਰੇਬਾਜ਼ੀ ਕੀਤੀ। ਅੱਜ ਦੀ ਇਸ ਰੈਲੀ ਦੀ ਵਿਸ਼ੇਸ਼ਤਾ ਇਹ ਰਹੀ ਕਿ ਸਾਰੇ ਸਮਾਗਮ ਨੂੰ ਔਰਤਾਂ ਨੇ ਹੀ ਚਲਾਇਆ। ਇਸ ਮੌਕੇ ਉਕਤ ਤੋਂ ਇਲਾਵਾ ਸੁਖਵਿੰਦਰ ਕੌਰ ਝੰਡੇਆਣਾ, ਜਸਪ੍ਰੀਤ ਕੌਰ ਬੁੱਘੀਪੁਰਾ, ਜਸਵੰਤ ਸਿੰਘ ਪੁਰਾਣੇਵਾਲਾ, ਸੁਖਦੇਵ ਸਿੰਘ ਬਰਾੜ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਔਰਤਾਂ ਅਤੇ ਮਰਦ ਹਾਜਰ ਸਨ।