ਜਨਤਕ ਮੁੱਦਿਆਂ ਨੂੰ ਲੈ ਸ਼ੋ੍ਰਮਣੀ ਅਕਾਲੀ ਦਲ ਨੇ ਹਲਕਾ ਇੰਚਾਰਜ ਬਰਜਿੰਦਰ ਸਿੰਘ ਮੱਖਣ ਬਰਾੜ ਦੀ ਅਗਵਾਈ ਵਿਚ ਡੀ ਸੀ ਕੰਪਲੈਕਸ ਮੂਹਰੇ ਦਿੱਤਾ ਹਲਕਾ ਪੱਧਰੀ ਧਰਨਾ

ਮੋਗਾ, 8 ਮਾਰਚ (ਜਸ਼ਨ) ਅੱਜ ਮੋਗਾ ਦੇ ਜ਼ਿਲ੍ਹਾ ਪਬੰਧਕੀ ਕੰਪਲੈਕਸ ਮੂਹਰੇ ਸ਼੍ਰੋਮਣੀ ਅਕਾਲੀ ਦਲ ਦੇ ਵਰਕਰਾਂ ਨੇ ਬਰਜਿੰਦਰ ਸਿੰਘ ਮੱਖਣ ਬਰਾੜ ਦੀ ਅਗਵਾਈ ਵਿਚ ਜਨਤਕ ਮੁੱਦਿਆਂ ’ਤੇ ਕੇਂਦਰ ਅਤੇ ਸੂਬਾ ਸਰਕਾਰ ਖਿਲਾਫ਼ ਹਲਕਾ ਪੱਧਰੀ ਰੋਸ ਧਰਨਾ ਦਿੱਤਾ।
ਧਰਨੇ ਨੂੰ ਸੰਬੋਧਨ ਕਰਦਿਆਂ ਬਰਜਿੰਦਰ ਸਿੰਘ ਮੱਖਣ ਬਰਾੜ ਨੇ ਆਖਿਆ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ 2017 ਦੀਆਂ ਚੋਣਾਂ ਤੋਂ ਪਹਿਲਾਂ ਤਲਵੰਡੀ ਸਾਬੋ ਦੀ ਧਰਤੀ ’ਤੇ ਹੱਥ ਵਿਚ ਗੁਟਕਾ ਸਾਹਿਬ ਫੜ੍ਹ ਕੇ ਲੋਕਾਂ ਨਾਲ ਵਾਅਦਾ ਕੀਤਾ ਸੀ ਕਿ ਉਹ ਸੱਤਾ ਵਿਚ ਆਉਣ ਉਪਰੰਤ ਕਿਸਾਨਾਂ ਦੇ ਕਰਜ਼ਿਆਂ ਨੂੰ ਪੂਰਨ ਤੌਰ ’ਤੇ ਮੁਆਫ਼ ਕਰਨ, ਪੰਜਾਬ ‘ਚੋਂ ਨਸ਼ਿਆਂ ਨੂੰ ਖਤਮ ਕਰਨ, ਹਰ ਘਰ ਨੌਕਰੀ ਦੇਣਗੇ ਪਰ ਅਫਸੋਸ ਕਿ ਇਹਨਾਂ ਵਿਚੋਂ ਇਕ ਵੀ ਵਾਅਦਾ ਸਰਕਾਰ ਵਫ਼ਾ ਨਹੀਂ ਕਰ ਸਕੀ। ਬਰਾੜ ਨੇ ਕੇਂਦਰ ਅਤੇ ਸੂਬਾ ਸਰਕਾਰ ’ਤੇ ਨਿਸ਼ਾਨਾਂ ਲਾਉਂਦਿਆਂ ਆਖਿਆ ਕਿ ਡੀਜ਼ਲ ,ਪੈਟਰੋਲ ਅਤੇ ਰਸੋਈ ਗੈਸ ਦੀਆਂ ਕੀਮਤਾਂ ਵਿਚ ਇਕਦਮ ਕੀਤੇ ਵਾਧੇ ਨਾਲ ਜਿੱਥੇ ਆਮ ਲੋਕਾਂ ਨੂੰ ਜੀਵਨ ਨਿਰਵਾਹ ਕਰਨਾ ਮੁਸ਼ਕਿਲ ਹੋਇਆ ਪਿਆ ਹੈ ਉੱਥੇ ਸਰਕਾਰ ਦੇ ਖਜਾਨੇ ‘ਚ ਚੋਖਾ ਵਾਧਾ ਹੋ ਰਿਹੈ । ਉਹਨਾਂ ਆਖਿਆ ਕਿ ਡੀਜ਼ਲ ਅਤੇ ਪੈਟਰੋਲ ’ਤੇ ਜਿੱਥੇ ਕੇਂਦਰ ਸਰਕਾਰ ਵੱਲੋਂ ਟੈਕਸ ਵਸੂਲਿਆ ਜਾ ਰਿਹਾ ਹੈ ਉੱਥੇ ਸੂਬਾ ਸਰਕਾਰ ਵੱਲੋਂ ਵੈਟ ਵਸੂਲਣ ਦੀ ਦੌੜ ਨੇ ਆਮ ਲੋਕਾਂ ਜ਼ਿੰਦਗੀ ਲੀਹੋਂ ਲੈਣ ’ਤੇ ਆਈ ਹੋਈ ਹੈ। ਉਹਨਾਂ ਕਿਹਾ ਕਿ ਜੇ ਪੰਜਾਬ ਸਰਕਾਰ ਚਾਹੇ ਤਾਂ ਡੀਜ਼ਲ ਪੈਟਰੋਲ ’ਤੇ ਆਪਣੇ ਵੱਲੋਂ ਲਗਾਇਆ ਟੈਕਸ ਘਟਾਵੇ ਤਾਂ ਤੇਲ ਦੀ ਕੀਮਤ ਵਿਚ ਲਿਟਰ ਪਿੱਛੇ ਪੰਜ ਸੱਤ ਰੁਪਏ ਦੀ ਕਮੀ ਆ ਸਕਦੀ ਹੈ। ਮੱਖਣ ਬਰਾੜ ਨੇ ਸੂਬੇ ਵਿਚ ਲਗਾਤਾਰ ਵਧਾਏ ਜਾ ਰਹੇ ਬਿਜਲੀ ਦੇ ਰੇਟਾਂ ’ਤੇ ਗੱਲ ਕਰਦਿਆਂ ਆਖਿਆ ਕਿ ਸਰਕਾਰ ਵੱਲੋਂ ਘਰੇਲੂ ਦਰਾਂ ਵਿਚ ਵਿਚ 30 ਫੀਸਦੀ ਵਾਧਾ ਕਰਕੇ ਲੋਕਾਂ ਨੂੰ ਬੇਬੱਸ ਕਰ ਰੱਖਿਆ ਹੈ । ਉਹਨਾਂ ਕਿਹਾ ਕਿ ਇਨੇ ਭਾਰੀ ਭਰਕਮ ਬਿੱਲ ਤਾਰਨ ਤੋਂ ਬਾਅਦ ਮੱਧ ਵਰਗ ਲੋਕਾਂ ਕੋਲ ਘਰ ਦੇ ਹੋਰ ਖਰਚਿਆਂ ਲਈ ਪੈਸੇ ਹੀ ਨਹੀਂ ਬੱਚਦੇ । ਮੱਖਣ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਆਖਿਆ ਕਿ ਸ਼ੋ੍ਰਮਣੀ ਅਕਾਲੀ ਦਲਦੇ ਆਗੂਆਂ ਅਤੇ ਵਰਕਰਾਂ ਨੇ, ਪਾਰਟੀ ਹਾਈ ਕਮਾਂਡ ਦੇ ਦਿਸ਼ਾ ਨਿਰਦੇਸ਼ਾਂ ’ਤੇ ਸਮੁੱਚੇ ਪੰਜਾਬ ਵਿਚ ਜ਼ਿਲ੍ਹਾ ਹੈੱਡਕੁਆਟਰ ਅਤੇ ਸਬ ਡਵੀਜ਼ਨ ਹੈੱਡਕੁਆਟਰ ’ਤੇ ਧਰਨੇ ਲਗਾਏ ਗਏ ਨੇ ਅਤੇ ਇਹਨਾਂ ਧਰਨਿਆਂ ਵਿਚ ਉਹ ਸੂਬਾ ਸਰਕਾਰ ਨੂੰ ਉਹਨਾਂ ਵੱਲੋਂ ਪਾਰਟੀ ਦੇ ਚੋਣ ਮਨੋਰਥ ਪੱਤਰ ਵਿਚ ਲੋਕਾਂ ਨਾਲ ਕੀਤੇ ਵਾਅਦਿਆਂ ਵੱਲ ਧਿਆਨ ਦਿਵਾਉਣਾ ਚਾਹੰੁਦੇ ਹਨ । ਇਸ ਮੌਕੇ ਬਰਜਿੰਦਰ ਸਿੰਘ ਮੱਖਣ ਬਰਾੜ ਦੀ ਅਗਵਾਈ ਵਿਚ ਸ਼ੋ੍ਰਮਣੀ ਅਕਾਲੀ ਕਿਸਾਨ ਵਿੰਗ ਦੇ ਜ਼ਿਲ੍ਹਾ ਪ੍ਰਧਾਨ ਸਾਬਕਾ ਚੇਅਰਮੈਨ ਅਮਰਜੀਤ ਸਿੰਘ ਲੰਢੇਕੇ, ਸਾਬਕਾ ਜ਼ਿਲਾ ਪ੍ਰੀਸ਼ਦ ਮੈਂਬਰ ਬੂਟਾ ਸਿੰਘ ਦੌਲਤਪੁਰਾ, ਸੁਖਵਿੰਦਰ ਸਿੰਘ ਬਰਾੜ, ਜਗਦੀਸ਼ ਛਾਬੜਾ, ਪ੍ਰੇਮ ਕੁਮਾਰ ਚੱਕੀਵਾਲਾ, ਰਾਕੇਸ਼ ਸਿਤਾਰਾ, ਕੌਂਸਲਰ ਰਾਜ ਕੁਮਾਰ,ਕੁਲਦੀਪ ਸਿੰਘ ਜੋਗਵਾਲਾ, ਰਿਸ਼ਵ ਗਰਗ ਨੇ ਐੱਸ ਡੀ ਐੱਮ ਸਤਵੰਤ ਸਿੰਘ ਨੂੰ ਮੁੱਖ ਮੰਤਰੀ ਦੇ ਨਾਮ ਲਿਖਿਆ ਮੈਮੋਰੰਡਮ ਪੱਤਰ ਸੌਪਿਆ।


