ਮਹਿਲਾਵਾਂ ਨੂੰ ਸਸ਼ੱਕਤ ਕਰਨ ਲਈ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਲਏ ਕ੍ਰਾਂਤੀਕਾਰੀ ਫੈਸਲੇ : ਚੇਅਰਮੈਨ ਵਿਨੋਦ ਬਾਂਸਲ

ਮੋਗਾ,7 ਮਾਰਚ (ਜਸ਼ਨ): ਇੰਪਰੂਵਮੈਂਟ ਟਰੱਸਟ ਦੇ ਚੇਅਰਮੈਨ ਸ਼੍ਰੀ ਵਿਨੋਦ ਬਾਂਸਲ ਨੇ ਅੰਤਰਰਾਸ਼ਟਰੀ ਮਹਿਲਾ ਦਿਵਸ ’ਤੇ ਮਹਿਲਾਵਾਂ ਨੂੰ ਵਧਾਈ ਦਿੰਦਿਆਂ ਆਖਿਆ ਕਿ ਅਜੋਕੇ ਦੌਰ ਵਿਚ ਸਮਾਜ ਵਿਚ ਮਹਿਲਾਵਾਂ ਦੀ ਦਿਨ ਬ ਦਿਨ ਵਧ ਰਹੀ ਭਾਗੀਦਾਰੀ ਸਮਾਜ ਲਈ ਸ਼ੁਭ ਸੰਕੇਤ ਹੈ । ਉਹਨਾਂ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਔਰਤਾਂ ਨੂੰ ਮਰਦਾਂ ਦੇ ਬਰਾਬਰ ਮੌਕੇ ਮੁਹਈਆ ਕਰਵਾਉਣ ਵਾਸਤੇ ਸਥਾਨਕ ਚੋਣਾਂ ਵਿਚ ਔਰਤਾਂ ਨੂੰ 50 ਪ੍ਰਤੀਸ਼ਤ ਰਾਖਵਾਂਕਰਨ ਦੇ ਕੇ ਮਰਦਾਂ ਦੇ ਬਰਾਬਰ ਭਾਗੀਦਾਰ ਬਣਾਇਆ ਜਦਕਿ ਹਾਲ ਹੀ ਵਿਚ ਸੂਬਾ ਸਰਕਾਰ ਨੇ ਪੰਜਾਬ ਸਿਵਲ ਸਰਵਿਸਿਜ਼ ਲਈ ਮਹਿਲਾਵਾਂ ਲਈ 33 ਪ੍ਰਤੀਸ਼ਤ ਦਾ ਕੋਟਾ ਰੱਖ ਕੇ ਮਹਿਲਾਵਾਂ ਨੂੰ ਹੋਰ ਸਸ਼ੱਕਤ ਕਰਨ ਵੱਲ ਵੱਡਾ ਕਦਮ ਚੁੱਕਿਆ ਵਿਨੋਦ ਬਾਂਸਲ ਨੇ ਆਖਿਆ ਕਿ ਕੈਪਟਨ ਅਮਰਿੰਦਰ ਸਿੰਘ ਨੇ ਸੂਬੇ ਦੀਆਂ ਮਹਿਲਾਵਾਂ ਨੂੰ ਸਸ਼ੱਕਤ ਕਰਨ ਲਈ ਨਰਸਰੀ ਤੋਂ 12ਵੀਂ ਤੱਕ ਦੀ ਸਿੱਖਿਆ, ਸਰਕਾਰੀ ਸਕੂਲਾਂ ਵਿਚ ਬਿਲਕੁੱਲ ਮੁੱਫਤ ਦੇਣ ਵਰਗੇ ਕਲਿਆਣਕਾਰੀ ਕਦਮ ਚੁੱਕੇ ਜਿਸ ਨਾਲ ਲੜਕੀਆਂ ਹੁਣ ਮਾਪਿਆਂ ’ਤੇ ਬੋਝ ਨਹੀਂ ਰਹਿਣਗੀਆਂ ਬਲਕਿ ਮਿਆਰੀ ਸਿੱਖਿਆ ਹਾਸਲ ਕਰਕੇ ਉਹ ਆਪਣੇ ਪੈਰਾ ਸਿਰ ਖੜ੍ਹੀਆਂ ਹੋ ਕੇ ਮਾਪਿਆਂ ਅਤੇ ਦੇਸ਼ ਦਾ ਨਾਮ ਰੌਸ਼ਨ ਕਰਨਗੀਆਂ । ਵਿਨੋਦ ਬਾਂਸਲ ਨੇ ਆਖਿਆ ਕਿ ਸੂਬਾ ਸਰਕਾਰ ਵੱਲੋਂ ਮਹਿਲਾਵਾਂ ਦੇ ਹੱਕ ਵਿਚ ਲਏ ਹਰ ਫੈਸਲੇ ਕਾਬਿਲੇ ਤਾਰੀਫ਼ ਹਨ ਅਤੇ ਹੁਣ ਲੜਕੀਆਂ ਨੂੰ ਇਹਨਾਂ ਸਹੂਲਤਾਂ ਦਾ ਫਾਇਦਾ ਲੈਣਾ ਚਾਹੀਦਾ ਹੈ ਤਾਂ ਕਿ ਉਹ ਹਰ ਖੇਤਰ ਵਿਚ ਮਰਦਾਂ ਦੇ ਬਰਾਬਰ ਆਪਣੇ ਹੁਨਰ ਦਾ ਲੋਹਾ ਮੰਨਵਾ ਸਕਣ। ਉਹਨਾਂ ਕਿਹਾ ਕਿ ਸਮੁੱਚੇ ਦੇਸ਼ ਵਿਚ ਮਹਿਲਾਵਾਂ ਹੁਣ ਪੁਲਾੜ,ਰਾਜਨੀਤੀ ਅਤੇ ਪ੍ਰਸ਼ਾਸਨਿਕ ਹਲਕਿਆਂ ਤੋਂ ਇਲਾਵਾ ਜ਼ਿੰਦਗੀ ਦੇ ਹਰ ਖੇਤਰ ਵਿਚ ਉਚੇਰੀਆਂ ਪਦਵੀਆਂ ਤੇ ਸੁਭਾਏਮਾਨ ਹੋ ਕੇ ਆਪਣੀ ਸਥਿਤੀ ਨੂੰ ਹੋਰ ਮਜਬੂਤ ਕਰ ਰਹੀਆਂ ਹਨ।


