ਕਿਰਤੀ ਕਿਸਾਨ ਯੂਨੀਅਨ ਦੇ ਕਾਰਕੁੰਨ ਚਮਕੌਰ ਸਿੰਘ ਢਿੱਲੋਂ ਦੇ ਦੇਹਾਂਤ ‘ਤੇ ਦੁੱਖ ਦਾ ਪਰਗਟਾਵਾ

ਮੋਗਾ,7 ਮਾਰਚ (ਜਸ਼ਨ): ਕਿਰਤੀ ਕਿਸਾਨ ਯੂਨੀਅਨ ਦੇ ਕਾਰਕੁੰਨ ਚਮਕੌਰ ਸਿੰਘ ਢਿੱਲੋਂ ਵਾਸੀ ਮੋਗਾ ਦੀ ਕੱਲ ਅਚਾਨਕ ਹੋਈ ਮੌਤ ‘ਤੇ ਸੰਯੁਕਤ ਕਿਸਾਨ ਮੋਰਚਾ, ਕਿਰਤੀ ਕਿਸਾਨ ਯੂਨੀਅਨ, ਨੌਜਵਾਨ ਭਾਰਤ ਸਭਾ ਅਤੇ ਪੇਂਡੂ ਮਜਦੂਰ ਯੂਨੀਅਨ ਨੇ ਪਰਿਵਾਰ ਨਾਲ ਡੂੰਘੇ ਦੁੱਖ ਦਾ ਪਰਗਟਾਵਾ ਕੀਤਾ ਹੈ। ਕਿਰਤੀ ਕਿਸਾਨ ਯੂਨੀਅਨ ਦੇ ਸੂਬਾ ਪਰਧਾਨ ਨਿਰਭੈ ਸਿੰਘ ਢੁੱਡੀਕੇ, ਨੌਜਵਾਨ ਭਾਰਤ ਸਭਾ ਦੇ ਸੂਬਾ ਕਮੇਟੀ ਮੈਂਬਰ ਕਰਮਜੀਤ ਮਾਣੂੰਕੇ ਨੇ ਪਰੈਸ ਦੇ ਨਾਮ ਬਿਆਨ ਜਾਰੀ ਕਰਦਿਆਂ ਕਿਹਾ ਕਿ ਚਮਕੌਰ ਸਿੰਘ ਢਿੱਲੋਂ ਦੀ ਬਿਮਾਰ ਰਹਿਣ ਕਾਰਨ ਹੋਈ ਬੇਵਕਤੀ ਮੌਤ ਉਪਰੰਤ ਅੱਜ ਗਾਂਧੀ ਰੋਡ ‘ਤੇ ਸਥਿਤ ਸਮਸ਼ਾਨਘਾਟ ਵਿਖੇ ਅੰਤਿਮ ਸਸਕਾਰ ਕੀਤਾ ਗਿਆ। ਕਿਰਤੀ ਕਿਸਾਨ ਯੂਨੀਅਨ ਦੇ ਜਿਲਾ ਪਰਧਾਨ ਪਰਗਟ ਸਿੰਘ ਸਾਫੂਵਾਲਾ, ਜਿਲਾ ਸਕੱਤਰ ਬੂਟਾ ਸਿੰਘ ਤਖਾਣਵੱਧ, ਪੇਂਡੂ ਮਜਦੂਰ ਯੂਨੀਅਨ ਦੇ ਆਗੂ ਦਲਜੀਤ ਸਿੰਘ ਰੋਡੇ ਨੇ ਕਿਹਾ ਕਿ ਇਨਕਲਾਬੀ ਲਹਿਰ ਲਈ ਪਿਛਲੇ 20-25 ਸਾਲਾਂ ਤੋਂ ਸਾਥੀ ਚਮਕੌਰ ਸਿੰਘ ਢਿੱਲੋਂ ਤੇ ਉਹਨਾਂ ਦਾ ਪਰਿਵਾਰ ਸੇਵਾਵਾਂ ਦੇ ਰਿਹਾ ਹੈ। ਖੇਤੀ ਕਾਨੂੰਨਾਂ ਖਿਲਾਫ ਰੇਲਵੇ ਸਟੇਸ਼ਨ ‘ਤੇ ਚੱਲੇ ਪੱਕੇ ਮੋਰਚੇ ਵਿੱਚ ਮਾਇਕ ਸਹਾਇਤਾ ਸਮੇਤ ਦੁੱਧ, ਲੰਗਰ ਆਦਿ ਹਰ ਪੱਖੋਂ ਸਹਾਇਤਾ ਕੀਤੀ।ਉਹਨਾਂ ਕਿਹਾ ਕਿ ਸਾਥੀ ਢਿਲੋਂ ਦੀ ਬੇਵਕਤੀ ਮੌਤ ਨਾਲ ਜਿੱਥੇ ਉਹਨਾਂ ਦੇ ਸਪੁੱਤਰ ਜਸਪਰੀਤ ਸਿੰਘ, ਭਤੀਜੇ ਗੁਰਭੇਜ ਸਿੰਘ ਸਮੇਤ ਸਮੁੱਚੇ ਪਰਿਵਾਰ ਨੂੰ ਘਾਟਾ ਪਿਆ ਹੈ, ਉਥੇ ਹੀ ਇਨਕਲਾਬੀ ਲਹਿਰ ਅਤੇ ਚੱਲ ਰਹੇ ਕਿਸਾਨੀ ਅੰਦੋਲਨ ਨੂੰ ਵੀ ਸਾਥੀ ਦੀ ਬੇਹੱਦ ਜ਼ਰੂਰਤ ਸੀ। ਲਹਿਰ ਲਈ ਵੀ ਉਹਨਾਂ ਦੀ ਮੌਤ ਅਸਹਿ ਘਾਟਾ ਹੈ। ਉਹਨਾਂ ਕਿਹਾ ਕਿ ਸੰਯੁਕਤ ਕਿਸਾਨ ਮੋਰਚੇ ਸਮੇਤ ਕਿਸਾਨ, ਮਜਦੂਰ, ਨੌਜਵਾਨ ਜਥੇਬੰਦੀਆਂ ਇਸ ਦੁੱਖ ਦੀ ਘੜੀ ਵਿੱਚ ਪਰਿਵਾਰ ਦੇ ਮੋਢੇ ਨਾਲ ਮੋਢਾ ਲਗਾ ਕੇ ਖੜੀਆਂ ਹਨ।