ਚੋਣ ਰਣਨੀਤੀਕਾਰ ਪ੍ਰਸ਼ਾਂਤ ਕਿਸ਼ੋਰ ਬਣੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਪਿ੍ਰੰਸੀਪਲ ਸਲਾਹਕਾਰ, ਲੋਕ ਸਭਾ ਚੋਣਾ 2014 ਤੋਂ ਲੈ ਕੇ ਪੰਜਾਬ, ਆਂਧਰਾ ਪ੍ਰਦੇਸ਼ ਅਤੇ ਦਿੱਲੀ ਵਿਧਾਨ ਸਭਾ ਚੋਣਾਂ ‘ਚ ਦਿਖਾ ਚੁੱਕੇ ਨੇ ਪ੍ਰਸ਼ਾਂਤ ਆਪਣੀਆਂ ਚੋਣ ਰਣਨੀਤੀਆਂ ਦੇ ਜਲਵੇ

ਮੋਗਾ,01 ਮਾਰਚ (ਜਸ਼ਨ): ਚੋਣ ਰਣਨੀਤੀਕਾਰ ਪ੍ਰਸ਼ਾਂਤ ਕਿਸ਼ੋਰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਪਿ੍ਰੰਸੀਪਲ ਸਲਾਹਕਾਰ ਨਿਯੁਕਤ ਕੀਤੇ ਗਏ ਹਨ। ਇਸ ਖਬਰ ਦੇ ਆਉਣ ਨਾਲ ਪੰਜਾਬ ਦੇ ਲੋਕਾਂ ਨੂੰ ਲੱਗ ਰਿਹਾ ਹੈ ਕਿ ਕੈਪਟਨ ਅਮਰਿੰਦਰ ਸਿੰਘ ਨੇ ਵਿਧਾਨ ਸਭਾ ਚੋਣਾਂ 2022 ਲਈ ਆਪਣੀਆਂ ਜੰਗੀ ਮਸ਼ਕਾਂ ਸ਼ੁਰੂ ਕਰ ਦਿੱਤੀਆਂ ਨੇ । ਪੰਜਾਬ ਦੀ ਸਿਆਸਤ ਸਥਾਨਕ ਚੋਣਾਂ ਦੌਰਾਨ ਖੂਬ ਭਖੀ ਕਿਉਂਕਿ ਜਿੱਥੇ ਇਸ ਵਾਰ ਸ਼ਰੋਮਣੀ ਅਕਾਲੀ ਦਲ ਨੇ ਸੱਤਾ ਵਿਚ ਨਾ ਹੋਣ ਦੇ ਬਾਵਜੂਦ, ਹਾਲ ਹੀ ਵਿਚ ਹੋਈਆਂ ਸਥਾਨਕ ਚੋਣਾਂ ‘ਚ ਕਾਫ਼ੀ ਸਰਗਰਮੀ ਦਿਖਾਈ ਉੱਥੇ ਆਮ ਆਦਮੀ ਪਾਰਟੀ ਨੇ ਪਹਿਲੀ ਵਾਰ ਸਥਾਨਕ ਚੋਣਾਂ ਵਿਚ ਹਿੱਸਾ ਲਿਆ ਅਤੇ ਕਈ ਥਾਵਾਂ ’ਤੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਨੂੰ ਚੰਗਾ ਹੰੁਗਾਰਾ ਵੀ ਮਿਲਿਆ ਹੈ ਜੋ ਵਿਧਾਨ ਸਭਾ ਚੋਣਾਂ 2022 ’ਤੇ ਵੀ ਪ੍ਰਭਾਵ ਪਾਉਂਦਾ ਵੀ ਨਜ਼ਰੀ ਆ ਰਿਹੈ।
ਜੇਕਰ ਗੱਲ ਕਰੀਏ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ, ਤਾਂ ਉਹ ਆਪਣੇ ਸੁਭਾਅ ਮੁਤਾਬਕ ਜ਼ਿਆਦਾ ਬਿਆਨਬਾਜ਼ੀ ਵਿਚ ਵਿਸ਼ਵਾਸ਼ ਨਹੀਂ ਰੱਖਦੇ ਪਰ ਉਹ ਰਾਜਨੀਤੀ ਵਿਚ ਅੱਗੇ ਵਧਣ ਲਈ ਰਣਨੀਤੀ ਜ਼ਰੂਰ ਬਣਾਉਂਦੇ ਨੇ ਅਤੇ ਅੱਜ ਪ੍ਰਸ਼ਾਤ ਕਿਸ਼ੋਰ ਦੀ ਇਸ ਨਿਯੁਕਤੀ ਨੇ ਸਿੱਧ ਕਰ ਦਿੱਤਾ ਹੈ ਕਿ ਕੈਪਟਨ ਅਮਰਿੰਦਰ ਸਿੰਘ ਵਿਧਾਨ ਸਭਾ ਚੋਣਾਂ 2022 ਲਈ ਕਮਰਕਸੇ ਕਰ ਲਏ ਹਨ।
ਕੈਪਟਨ ਅਮਰਿੰਦਰ ਸਿੰਘ ਨੇ ਪ੍ਰਸ਼ਾਂਤ ਕਿਸ਼ੋਰ ਦੀ ਨਿਯੁਕਤੀ ਉਪੰਰਤ ਟਵੀਟ ਕਰਦਿਆਂ ਕਿਹਾ ਹੈ ਕਿ ਉਹ ਪ੍ਰਸ਼ਾਂਤ ਕਿਸ਼ੋਰ ਨਾਲ ਰਲ ਕੇ, ਪੰਜਾਬ ਦੇ ਲੋਕਾਂ ਦੇ ਭਲੇ ਲਈ ਕੰਮ ਕਰਨਗੇ। ਪਰ ਕੈਪਟਨ ਸਾਬ੍ਹ ਦੇ ਇਸ ਟਵੀਟ ’ਤੇ ਹੋਰਨਾਂ ਪਾਰਟੀ ਦੇ ਆਗੂਆਂ ਅਤੇ ਬੁੱਧੀਜੀਵੀਆਂ ਦੇ ਮਨ ਵਿਚ ਜ਼ਰੂਰ ਇਹ ਗੱਲ ਆਉਂਦੀ ਹੈ ਕਿ ਪਿਛਲੀ ਵਾਰ ਪ੍ਰਸ਼ਾਂਤ ਕਿਸ਼ੋਰ ਨੇ ਆਪਣੀ ਟੀਮ ਨੂੰ ਹਰ ਸ਼ਹਿਰ ਵਿਚ ਭੇਜ ਕੇ ਜਨਤਾ ਨਾਲ ਜੋ ਵਆਦੇ ਕੀਤੇ ਸਨ ਉਹਨਾਂ ਨੂੰ ਸੂਬਾ ਸਰਕਾਰ ਪੂਰਾ ਕਰਨ ਵਿਚ ਪੂਰੀ ਤਰਾਂ ਸਫ਼ਲ ਨਹੀਂ ਹੋਈ ਅਤੇ ਦੇਖਣਾ ਇਹ ਹੋਵੇਗਾ ਕਿ ਇਸ ਵਾਰ ਪ੍ਰਸ਼ਾਂਤ ਟੀਮ ਲੋਕਾਂ ਨੂੰ ਕੀ ਨਵੇਂ ਸਬਜ਼ਬਾਗ ਦਿਖਾ ਕੇ ਭਰਮਾਉਂਦੀ ਹੈ।
ਜ਼ਿਕਰਯੋਗ ਹੈ ਕਿ ਮਹਿਜ਼ 44 ਸਾਲ ਦੇ ਪ੍ਰਸ਼ਾਂਤ ਕਿਸ਼ੋਰ ਨੇ 2014 ਵਿਚ ਨਰਿੰਦਰ ਮੋਦੀ ਦੀ ਇਲੈਕਸ਼ਨ ਕੰਪੇਨ ‘ਚ ਵਿਗਿਆਪਨ ਅਭਿਆਨ , ‘ਥ੍ਰੀ ਡੀ ਰੈਲੀਜ਼’ ,‘ਰਨ ਫਾਰ ਯੂਨਟੀ’, ‘ਚਾਏ ਪੇ ਚਰਚਾ’ ਅਤੇ ਮੰਥਨ ਤੋਂ ਇਲਾਵਾ ਸੋਸ਼ਲ ਮੀਡੀਆ ਪ੍ਰੋਗਰਾਮਾਂ ਨੂੰ ਚਲਾਇਆ ਅਤੇ ਨਰਿੰਦਰ ਮੋਦੀ ਨੂੰ ਗੁਜਰਾਤ ਦੀ ਰਾਜਨੀਤੀ ਤੋਂ ਕੇਂਦਰ ਦੀ ਰਾਜਨੀਤੀ ਤੱਕ ਲੈ ਆਂਦਾ ਸੀ ।
ਪ੍ਰਸ਼ਾਂਤ ਕਿਸ਼ੋਰ ਨੇ 2015 ‘ਚ ਬਿਹਾਰ ‘ਚ ਨੀਤੀਸ਼ ਕੁਮਾਰ ਲਈ, 2017 ‘ਚ ਪੰਜਾਬ ਵਿਧਾਨ ਸਭਾ ਦੀਆਂ ਚੋਣਾਂ ‘ਚ ਕੈਪਟਨ ਅਮਰਿੰਦਰ ਸਿੰਘ ਲਈ ਇਲੈਕਸ਼ਨ ਕੰਪੇਨ ਚਲਾਈ ।
ਇਸ ਤੋਂ ਇਲਾਵਾ 2017 ‘ਚ ਹੀ ਯੂ ਪੀ ਦੀਆਂ ਵਿਧਾਨ ਸਭਾ ਚੋਣਾਂ ‘ਚ ਕਾਂਗਰਸ ਪਾਰਟੀ ਲਈ ਕੰਮ ਕੀਤਾ ਪਰ ਉੱਥੇ ਸਫ਼ਲਤਾ ਨਹੀਂ ਮਿਲੀ ਪਰ 2019 ‘ਚ ਪ੍ਰਸ਼ਾਂਤ ਨੇ ਆਂਧਰਾ ਪ੍ਰਦੇਸ਼ ਦੀਆਂ ਵਿਧਾਨ ਸਭਾ ਚੋਣਾਂ ‘ਚ ਵਾਈ ਆਰ ਐੱਸ ਆਰ ਕਾਂਗਰਸ ਪਾਰਟੀ ਦੀ ਕਮਾਂਡ ਸੰਭਾਲੀ ਅਤੇ ਪਾਰਟੀ ਨੇ 175 ਵਿਚੋਂ 151 ਸੀਟਾਂ ਦੀ ਜਿੱਤ ਦਰਜ ਕੀਤੀ।
2020 ਵਿਚ ਦਿੱਲੀ ਵਿਧਾਨ ਸਭਾ ਚੋਣਾਂ ‘ਚ ਪ੍ਰਸ਼ਾਂਤ ਕਿਸ਼ੋਰ ਨੇ ਆਮ ਆਦਮੀ ਪਾਰਟੀ ਦੀ ਚੋਣ ਮੁਹਿੰਮ ਲਈ ਕੰਮ ਕੀਤਾ ਅਤੇ ਆਪ ਨੇ ਦਿੱਲੀ ਵਿਚ 70 ਵਿਚੋਂ 62 ਸੀਟਾਂ ਲੈ ਕੇ ਹੰੂਝਾਫੇਰ ਜਿੱਤ ਹਾਸਲ ਕੀਤੀ।
ਇਸੇ ਤਰਾਂ 2020 ‘ਚ ਬਿਹਾਰ ਚੋਣਾਂ ਤੋਂ ਇਲਾਵਾ ਹੁਣ ਪੰਛਮੀ ਬੰਗਾਲ ਦੀਆਂ ਵਿਧਾਨ ਸਭਾ ਚੋਣਾਂ 2021 ਲਈ ਆਲ ਇੰਡੀਆ ਤਿ੍ਰਣਮੂਲ ਕਾਂਗਰਸ ਲਈ ਅਤੇ ਤਾਮਿਲਨਾਡੂ ਵਿਧਾਨਸਭਾ ਚੋਣਾਂ 2021 ਲਈ ਦਰਾਵਿੜ ਮੁਨੇਤਰ ਕਡਗਮ ਲਈ ਚੋਣ ਪ੍ਰਚਾਰ ਕਰ ਰਹੇ ਹਨ ਅਤੇ ਅੱਜ ਦੀ ਤਾਜ਼ਾ ਰਿਪੋਰਟ ਮੁਤਾਬਕ ਪੰਜਾਬ ‘ਚ 2022 ਵਿਚ ਹੋਣ ਜਾ ਰਹੀਆਂ ਵਿਧਾਨਸਭਾ ਚੋਣਾਂ ਦੀ ਕਮਾਂਡ ਦੁਬਾਰਾ ਤੋਂ ਪ੍ਰਸ਼ਾਂਤ ਕਿਸ਼ੋਰ ਦੇ ਹੱਥ ਵਿਚ ਆ ਗਈ ਹੈ ।


