ਵਿਧਾਇਕ ਡਾ: ਹਰਜੋਤ ਕਮਲ ਦੀ ‘ਟੀਮ ਹਰਜੋਤ’ ਦੀ ਮੈਂਬਰ ਮਨਜੀਤ ਕੌਰ ਨੇ ਵਾਰਡ ਨੰਬਰ 49 ‘ਚ ਡਿਪਟੀ ਮੇਅਰ ਦੀ ਪਤਨੀ ਨੂੰ 662 ਵੋਟਾਂ ਦੇ ਅੰਤਰ ਨਾਲ ਹਰਾਇਆ

ਮੋਗਾ, 22 ਫਰਵਰੀ (ਜਸ਼ਨ):ਨਗਰ ਨਿਗਮ ਚੋਣਾਂ ‘ਚ ਵਾਰਡ ਨੰਬਰ 49 ਤੋਂ ਸੀਨੀਅਰ ਕਾਂਗਰਸੀ ਆਗੂ ਲਖਬੀਰ ਸਿੰਘ ਲੱਖਾ ਦੁੱਨੇਕੇ ਦੀ ਸੁਪਤਨੀ ਮਨਜੀਤ ਕੌਰ ਗਿੱਲ ਨੇ ਕਾਂਗਰਸੀ ਉਮੀਦਵਾਰ ਵਜੋਂ ਚੋਣ ਲੜਦਿਆਂ ਸਾਬਕਾ ਡਿਪਟੀ ਮੇਅਰ ਡਾ: ਜਰਨੈਲ ਸਿੰਘ ਦੁੱਨੇਕੇ ਦੀ ਪਤਨੀ ਜਸਵਿੰਦਰ ਕੌਰ ਨੂੰ 662 ਵੋਟਾਂ ਦੇ ਅੰਤਰ ਨਾਲ ਹਰਾ ਕੇ ਸ਼ੋ੍ਰਮਣੀ ਅਕਾਲੀ ਦਲ ਦੀਆਂ ਗੋਡਣੀਆਂ ਲਵਾ ਦਿੱਤੀਆਂ। ਇਸ ਵਾਰਡ ਵਿਚੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਨੂੰ ਤੀਜੇ ਨੰਬਰ ਰਹਿ ਕੇ ਸਬਰ ਕਰਨਾ ਪਿਆ। ਆਪਣੀ ਜਿੱਤ ’ਤੇ ਲੋਕਾਂ ਦਾ ਧੰਨਵਾਦ ਕਰਦਿਆਂ ਲਖਵੀਰ ਸਿੰਘ ਲੱਖਾ ਦੁੱਨੇਕੇ ਅਤੇ ਉਹਨਾਂ ਦੀ ਪਤਨੀ ਕੌਂਸਲਰ ਕਮਲਜੀਤ ਕੌਰ ਨੇ ਆਖਿਆ ਕਿ ਉਹਨਾਂ ਨੂੰ ਮਾਣ ਹੈ ਕਿ ਉਹ ‘ਟੀਮ ਹਰਜੋਤ’ ਦੇ ਮੈਂਬਰ ਹਨ ਅਤੇ ਪਿਛਲੇ ਕਈ ਸਾਲਾਂ ਤੋਂ ਆਪਣੇ ਵਾਰਡ ਨੂੰ ਆਪਣਾ ਪਰਿਵਾਰ ਸਮਝ ਕੇ ਵਾਰਡ ਵਿਚ ਨਿਰਸਵਾਰਥ ਸੇਵਾਵਾਂ ਨਿਭਾਅ ਰਹੇ ਹਨ । ਉਹਨਾਂ ਕਿਹਾ ਕਿ ਪਾਰਟੀ ਦੇ ਆਦੇਸ਼ਾਂ ਅਤੇ ਵਿਧਾਇਕ ਡਾ: ਹਰਜੋਤ ਕਮਲ ਦੀ ਅਗਵਾਈ ਵਿਚ ਉਹਨਾਂ ਜਨਤਾ ਦੀ ਸੇਵਾ ਕੀਤੀ ਇਸੇ ਕਰਕੇ ਲੋਕਾਂ ਨੇ ਉਹਨਾਂ ਨੂੰ ਸਿਰ ਅੱਖਾਂ ’ਤੇ ਬੈਠਾਉਂਦਿਆਂ ਜਿੱਤ ਨਾਲ ਨਿਵਾਜਿਆ । ਲੱਖਾ ਦੁੱਨੇਕੇ ਨੇ ਕਿਹਾ ਕਿ ਕਾਂਗਰਸ ਦੀਆਂ ਨੀਤੀਆਂ ਘਰ ਘਰ ਪਹੰੁਚਾਉਣ ਲਈ ਸ਼ਿੱਦਤ ਨਾਲ ਕੰਮ ਕਰਨ ਦੇ ਨਾਲ ਨਾਲ ਕਰੋਨਾ ਕਾਲ ਦੌਰਾਨ ਘਰ ਘਰ ਰਾਸ਼ਨ ਵੰਡਣ ਮੌਕੇ ਵਿਧਾਇਕ ਡਾ: ਹਰਜੋਤ ਕਮਲ ਦੀ ਪ੍ਰੇਰਨਾ ਨਾਲ ਕੀਤੀ ਸੇਵਾ ਨੇ ਜਿੱਥੇ ਉਹਨਾਂ ਨੂੰ ਜ਼ਿੰਦਗੀ ਦਾ ਨਵਾਂ ਮਕਸਦ ਦਿੱਤਾ ਉੱਥੇ ਵਾਰਡ ਵਾਸੀ ਉਹਨਾਂ ਨੂੰ ਆਪਣੇ ਪਰਿਵਾਰ ਦਾ ਮੈਂਬਰ ਸਮਝਣ ਲੱਗੇ ਤੇ ਫਿਰ ਨਿਗਮ ਹਾਊਸ ਭੰਗ ਹੋਣ ਉਪਰੰਤ ਮੋਗਾ ਸ਼ਹਿਰ ਦੇ ਵਿਕਾਸ ਕਾਰਜਾਂ ਦੀ ਲੜੀ ਦੌਰਾਨ ਉਹਨਾਂ ਆਪਣੇ ਵਾਰਡ ਨੰਬਰ 49 ਦਾ ਵਿਕਾਸ ਕਰਵਾਇਆ ਅਤੇ ਲੋਕਾਂ ਦੀਆਂ ਸਮੱਸਿਆਵਾਂ ਨੂੰ ਵੱਡੇ ਪੱਧਰ ’ਤੇ ਹੱਲ ਵੀ ਕਰਵਾਇਆ ਅਤੇ ਕੈਪਟਨ ਅਮਰਿੰਦਰ ਸਿੰਘ ਵੱਲੋਂ ਘੜੀਆਂ ਲੋਕ ਹਿਤੈਸ਼ੀ ਯੋਜਨਾਵਾਂ ਨੂੰ ਘਰ ਘਰ ਪਹੁੰਚਾਇਆ ਜਿਸ ਸਦਕਾ ਵਾਰਡ ਦੀ ਨਕਸ਼ ਨੁਹਾਰ ਬਦਲ ਗਈ। ਲੱਖਾ ਦੁੱਨੇਕੇ ਨੇ ਆਖਿਆ ਕਿ ਪਿਛਲੇ ਨਿਗਮ ਹਾਊਸ ਵਿਚ ਅਕਾਲੀ ਭਾਜਪਾ ਦਾ ਬਹੁਮਤ ਹੋਣ ਦੇ ਬਾਵਜੂਦ ਉਹ ਮੇਅਰ ਦੀ ਕੁਰਸੀ ਪਿੱਛੇ ਲੜਦੇ ਰਹੇ ਜਿਸ ਕਾਰਨ ਸ਼ਹਿਰ ਵਾਸੀਆਂ ਦੀ ਹਾਲਤ ਤਰਸਯੋਗ ਬਣੀ ਰਹੀ । ਉਹਨਾਂ ਕਿਹਾ ਕਿ ਬੜੇ ਦੁੱਖ ਦੀ ਗੱਲ ਹੈ ਕਿ ਡਾ: ਜਰਨੈਲ ਸਿੰਘ ਦੇ ਡਿਪਟੀ ਮੇਅਰ ਹੋਣ ਦੇ ਬਾਵਜੂਦ ਦੁੱਨੇਕੇ ਪਿੰਡ ਦਾ ਵਿਕਾਸ ਨਹੀਂ ਹੋ ਸਕਿਆ।


