ਕਰੋਨਾ ਦੇ 13 ਨਵੇਂ ਮਰੀਜ਼ ਆਉਣ ਨਾਲ ਮੋਗਾ ‘ਚ ਕਰੋਨਾ ਫੇਰ ਦੇਣ ਲੱਗਾ ਦਸਤਕ, ਸਿਹਤ ਵਿਭਾਗ ਅਤੇ ਪ੍ਰਸ਼ਾਸਨ ਦੀਆਂ ਹਦਾਇਤਾਂ ਦੀਆਂ ਉਡਾਈਆਂ ਜਾ ਰਹੀਆਂ ਨੇ ਧੱਜੀਆਂ
ਮੋਗਾ, 22 ਫਰਵਰੀ (ਜਸ਼ਨ): ਕਰੋਨਾ ਇਕ ਵਾਰ ਫੇਰ ਪਰਤਦਾ ਦਿਖਾਈ ਦੇ ਰਿਹਾ ਹੈ । ਅੱਜ ਮੋਗਾ ਵਿਚ ਇਕੋ ਦਿਨ 13 ਨਵੇਂ ਮਰੀਜ਼ ਆਉਣ ਨਾਲ ਕਰੋਨਾ ਮਹਾਂਮਾਰੀ ਦੇ ਮੁੜ ਤੋਂ ਤੇਜ਼ ਹੋਣ ਦੇ ਸ਼ੰਕੇ ਪੈਦਾ ਹੋ ਗਏ ਹਨ। ਪੰਜਾਬ ‘ਚ ਪਿਛਲੇ 24 ਘੰਟਿਆਂ ਦੌਰਾਨ ਕੋਰੋਨਾ ਕਾਰਨ 15 ਮੌਤਾਂ ਹੋਈਆਂ ਹਨ ਜਦੋਂ ਕਿ 389 ਨਵੇਂ ਕੇਸ ਆਏ ਸਾਹਮਣੇ ਹਨ ਜਿਸ ਕਾਰਨ ਐਕਟਿਵ ਮਰੀਜ਼ਾਂ ਦੀ ਗਿਣਤੀ 3167 ਹੋ ਗਈ ਹੈ। ਜਦੋਂ ਕਿ ਸੂਬੇ ‘ਚ ਹੁਣ ਤੱਕ ਕੁੱਲ ਪਾਜ਼ੀਟਿਵ ਮਰੀਜ਼ਾਂ ਦੀ ਗਿਣਤੀ 178847 ਹੋ ਗਈ ਹੈ ਜਦੋਂ ਕਿ 169911 ਮਰੀਜ਼ ਠੀਕ ਹੋ ਕੇ ਘਰਾਂ ਨੂੰ ਪਰਤ ਚੁੱਕੇ ਹਨ । ਦਰਅਸਲ ਅਜਿਹੇ ਹਾਲਾਤ ਬਣਨ ਦਾ ਕਾਰਨ ਲੋਕਾਂ ਦਾ ਅਵੇਸਲਾਪਣ ਹੈ । ਸਕੂਲ ,ਕਾਲਜ , ਬਾਜ਼ਾਰ ਅਤੇ ਹਰ ਤਰਾਂ ਦੀਆਂ ਜਨਤਕ ਥਾਵਾਂ ’ਤੇ ਲੋਕ ਨਾ ਤਾਂ ਮਾਸਕ ਪਹਿਨਦੇ ਨੇ ਤੇ ਨਾ ਹੀ ਸਮਾਜਿਕ ਦੂਰੀ ਦਾ ਖਿਆਲ ਰੱਖਦੇ ਨੇ । ਖਾਣਪੀਣ ਦੀਆਂ ਦੁਕਾਨਾਂ ਖਾਸਕਰ ਹਲਵਾਈ ਜਾਂ ਮਠਿਆਈ ਵਾਲੀਆਂ ਦੁਕਾਨਾਂ ’ਤੇ ਕਰਿੰਦਿਆਂ ਵੱਲੋਂ ਬਿਨਾਂ ਮਾਸਕ ਅਤੇ ਬਿਨਾਂ ਦਸਤਾਨੇ ਪਹਿਨਿਆਂ ਟਰੇਅ ਵਿਚੋਂ ਮਠਿਆਈ ਚੱਕ ਕੇ ਤੋਲਣਾ ਅਤੇ ਉਹਨਾਂ ਹੱਥਾਂ ਨਾਲ ਹੀ ਨੋਟਾਂ ਦਾ ਲੈਣ ਦੇਣ ਕਰਨਾ ਮਠਿਆਈ ਖਾਣ ਵਾਲਿਆਂ ਨੂੰ ਬੀਮਾਰੀਆਂ ਦੇ ਮੂੰਹ ਵਿਚ ਧੱਕਣ ਦਾ ਕਾਰਨ ਬਣ ਰਿਹਾ ਹੈ। ਇਸੇ ਤਰਾਂ ਬੈਂਕ ਅਤੇ ਹੋਰ ਜਨਤਕ ਅਦਾਰਿਆਂ ਵਿਚ ਸੈਨੇਟਾਈਜ਼ਰ ਗਾਇਬ ਹੋ ਗਏ ਹਨ, ਇਸ ਕਰਕੇ ਜੇ ਕੋਈ ਵਿਅਕਤੀ ਜਾਗਰੂਕ ਹੈ ਵੀ ਤੇ ਉਹ ਆਪਣੇ ਹੱਥਾਂ ਨੂੰ ਸੈਨੇਟਾਈਜ਼ ਕਰਨਾ ਵੀ ਚਾਹੇ ਤਾਂ ਸੈਨੇਟਾਈਜ਼ਰ ਨਾ ਹੋਣ ਦੀ ਸੂਰਤ ਵਿਚ ਉਹ ਬੇਵੱਸ ਦਿਖਾਈ ਦਿੰਦਾ ਹੈ। ਇਸ ਸਾਰੇ ਘਟਨਾਕ੍ਰਮ ਲਈ ਪ੍ਰਸ਼ਾਸਨ ਵੀ ਪੂਰੀ ਤਰਾਂ ਜ਼ਿੰਮੇਵਾਰ ਹੈ ਤੇ ਇੰਜ ਲੱਗਦਾ ਹੈ ਕਿ ਪ੍ਰਸ਼ਾਸਨ ਨੇ ਲੋਕਾਂ ਨੂੰ ਰੱਬ ਆਸਰੇ ਛੱਡ ਦਿੱਤਾ ਹੈ ।