‘ਟੀਮ ਹਰਜੋਤ’ ਦੇ ਜੇਤੂ 29 ਕੌਂਸਲਰਾਂ ਨੇ ਹੱਥ ਖੜ੍ਹੇ ਕਰਕੇ ਵਿਧਾਇਕ ਡਾ: ਹਰਜੋਤ ਕਮਲ ਦੀ ਰਹਿਨੁਮਾਈ ’ਚ ਕੀਤਾ ਭਰੋਸੇ ਦਾ ਪ੍ਰਗਟਾਵਾ

*******ਅਸੀਂ ਚੋਣਾਂ ਵੀ ਜਿੱਤੀਆਂ ਨੇ ਤੇ ਲੋਕਾਂ ਦੇ ਦਿੱਲ ਵੀ ਜਿੱਤੇ ਨੇ : ਵਿਧਾਇਕ ਡਾ: ਹਰਜੋਤ ਕਮਲ********
*****ਅਸੀਂ ਨਾਇਕ ਹਾਂ, ਖਲਨਾਇਕ ਨਹੀਂ -ਵਿਧਾਇਕ ਡਾ: ਹਰਜੋਤ ਕਮਲ ******
ਮੋਗਾ, 20 ਫਰਵਰੀ (ਜਸ਼ਨ): ਬੀਤੀ ਸ਼ਾਮ ਮੋਗਾ ਦੇ ਤਾਜ ਹੋਟਲ ਵਿਚ ਹੋਈ ਵਿਸ਼ੇਸ਼ ਇਕੱਤਰਤਾ ਦੌਰਾਨ ਕਾਂਗਰਸ ਨਾਲ ਸਬੰਧਤ ਜੇਤੂ ਰਹੇ 29 ਕੌਂਸਲਰਾਂ ਨੇ ਇਕਸੁਰ ਹੋ ਕੇ ਵਿਧਾਇਕ ਡਾ: ਹਰਜੋਤ ਕਮਲ ਨਾਲ ਖੜ੍ਹੇ ਹੋਣ ਦਾ ਐਲਾਨ ਕਰ ਦਿੱਤਾ । ਇਸ ਮੌਕੇ ਵੱਖ ਵੱਖ ਕੌਂਸਲਰਾਂ ਨੇ ਨਿਰਸੰਕੋਚ ਆਪਣੇ ਵਲਵਲੇ ਪ੍ਰਗਟ ਕਰਦਿਆਂ ਵਿਧਾਇਕ ਡਾ: ਹਰਜੋਤ ਕਮਲ ਨੂੰ ਆਪਣਾ ਨੇਤਾ ਗਰਦਾਨਦਿਆਂ ਅਤੇ ਸ਼ਹਿਰ ਦੇ ਵਿਕਾਸ ਲਈ ਮੇਅਰ , ਸੀਨੀਅਰ ਡਿਪਟੀ ਮੇਅਰ ਅਤੇ ਡਿਪਟੀ ਮੇਅਰ ਚੁਨਣ ਲਈ ਅਧਿਕਾਰ ਦਿੰਦਿਆਂ ਹੱਥ ਖੜ੍ਹੇ ਕਰਕੇ ਇਕਜੁੱਟਤਾ ਦਾ ਸਬੂਤ ਦਿੱਤਾ। ਇਸ ਇਕੱਤਰਤਾ ਦੌਰਾਨ ਮੋਗਾ ਕਾਂਗਰਸ ਇਕ ਵਾਰ ਫਿਰ ਤੋਂ ਏਕੇ ਦੀ ਲੜੀ ਵਿਚ ਪਰੋਈ ਸਸ਼ਕਤ ਪਾਰਟੀ ਵਜੋਂ ਉੱਭਰੀ ਦਿਖਾਈ ਦਿੱਤੀ ਅਤੇ ਵਿਧਾਇਕ ਡਾ: ਹਰਜੋਤ ਕਮਲ ਮਜਬੂਤ ਅਤੇ ਸੂਝਵਾਨ ਨੇਤਾ ਵਜੋਂ ਤਸਲੀਮ ਕੀਤੇ ਗਏ । ਜੇਤੂ ਕੌਂਸਲਰਾਂ ਵੱਲੋਂ ਵਿਧਾਇਕ ਪ੍ਰਤੀ ਪ੍ਰਗਟਾਏ ਵਿਸ਼ਵਾਸ਼ ਤੋਂ ਖੁਸ਼ ਹੋਏ ਵਿਧਾਇਕ ਡਾ: ਹਰਜੋਤ ਕਮਲ ਆਪਣੇ ਭਾਸ਼ਣ ਦੌਰਾਨ ਕਈ ਵਾਰ ਭਾਵੁਕ ਹੋਏ ਅਤੇ ਅਖੀਰ ਉਹ ਆਪਣੇ ਹੰਝੂ ਰੋਕ ਹੀ ਨਾ ਸਕੇ।
ਇਸ ਮੌਕੇ ਡਾ: ਹਰਜੋਤ ਕਮਲ ਨੇ ਸੰਬੋਧਨ ਕਰਦਿਆਂ ਆਖਿਆ ਕਿ ਮੋਗਾ ਪੰਜਾਬ ਦੀ ਧੰੁਨੀ ਵਜੋਂ ਜਾਣਿਆ ਜਾਂਦਾ ਹੈ ਤੇ ਇਤਿਹਾਸ ਗਵਾਹ ਹੈ ਕਿ ਵੱਖ ਵੱਖ ਸਿਆਸੀ ਪਾਰਟੀਆਂ ਨੇ ਮੋਗੇ ‘ਚ ਵੱਡੀਆਂ ਰੈਲੀਆਂ ਕੀਤੀਆਂ ਅਤੇ ਉਪਰੰਤ ਸੱਤਾ ਵਿਚ ਵੀ ਆਈਆਂ,ਇਸੇ ਤਰਾਂ ਵੱਖ ਵੱਖ ਲਹਿਰਾਂ ਵੀ ਮੋਗੇ ਤੋਂ ਉੱਠੀਆਂ ਅਤੇ ਇਤਿਹਾਸਕ ਹੋ ਨਿਬੜੀਆਂ ਅਤੇ ਅੱਜ ਜਿਹੜੇ ਕੌਂਸਲਰ ਮੋਗਾ ਤੋਂ ਚੁਣੇ ਗਏ ਨੇ ,ਉਹਨਾਂ ਨੂੰ ਮਾਣ ਹੋਣਾ ਚਾਹੀਦਾ ਹੈ ਕਿ ਉਹ ਇਤਿਹਾਸਕ ਅਤੇ ਰਾਜਨੀਤਕ ਮਹੱਤਤਾ ਵਾਲੇ ਮੋਗਾ ਸ਼ਹਿਰ ਦੇ ਲੋਕਾਂ ਵੱਲੋਂ ਚੁਣੇ ਗਏ ਨੇ। ਡਾ: ਹਰਜੋਤ ਕਮਲ ਨੇ ਇਕੱਤਰਤਾ ਵਿਚ ਸ਼ਾਮਲ ਨਵੇਂ ਚੁਣੇ ਗਏ ਕੌਂਸਲਰਾਂ ਨੂੰ ਮੁਬਾਰਕਬਾਦ ਦਿੰਦਿਆਂ ਆਖਿਆ ਕਿ ਚੁਣੇ ਗਏ ਕੌਂਸਲਰਾਂ ਦੇ ਪਰਿਵਾਰਕ ਮੈਂਬਰਾਂ , ਦੋਸਤ ਮਿੱਤਰ ਅਤੇ ਹਮਾਇਤੀ ਵੀ ਵਧਾਈ ਦੇ ਹੱਕਦਾਰ ਨੇ ਜਿਹਨਾਂ ਦਿਨ ਰਾਤ ਇਕ ਕਰਕੇ ਇਹਨਾਂ ਜੰਗਜੂਆਂ ਦੀ ਜਿੱਤ ਸੰਭਵ ਬਣਾਈ।
ਵਿਧਾਇਕ ਨੇ ਆਖਿਆ ਕਿ ਟੀਮ ਹਰਜੋਤ ਦੇ ਹਰ ਮੈਂਬਰ ਨੇ ਕਰੋਨਾ ਕਾਲ ਦੌਰਾਨ ਆਪਣੀ ਜੇਬ ‘ਚੋਂ ਪੈਸੇ ਖਰਚ ਕੇ ਲੋੜਵੰਦਾਂ ਨੂੰ ਰਾਸ਼ਨ ਵੰਡਿਆ ਅਤੇ ਫਿਰ ਕਾਰਪੋਰੇਸ਼ਨ ਦੀ ਮਿਆਦ ਪੂਰੀ ਹੋਣ ’ਤੇ ਸਾਰੇ ਵਿਕਾਸ ਕਾਰਜ ਕਰਵਾਉਣ ਵਿਚ ਵੀ ‘ਟੀਮ ਹਰਜੋਤ’ ਦੇ ਮੈਂਬਰਾਂ ਵਜੋਂ ਭਰਪੂਰ ਯੋਗਦਾਨ ਪਾਇਆ ।
ਡਾ: ਹਰਜੋਤ ਕਮਲ ਨੇ ਸਪੱਸ਼ਟ ਆਖਿਆ ਕਿ ਜਿਨਾਂ ਮਲਾਲ ਉਹਨਾਂ ਨੂੰ ਆਪਣੀ ਪਤਨੀ ਡਾ. ਰਜਿੰਦਰ ਦੇ ਹਾਰ ਜਾਣ ਦਾ ਹੈ ਉਨੀ ਤੀਬਰਤਾ ਵਾਲੀ ਖੁਸ਼ੀ ਵੀ ਹੈ ਕਿ ਉਹਨਾਂ ਦੀ ‘ਟੀਮ ਹਰਜੋਤ’ ਦੇ 29 ਕੌਂਸਲਰ ਜਿੱਤ ਕੇ ਉਹਨਾਂ ਦੇ ਸਾਹਮਣੇ ਬੈਠੇ ਨੇ ।
ਡਾ: ਹਰਜੋਤ ਨੇ ਆਖਿਆ ਕਿ ਵਿਰੋਧੀਆਂ ਦੇ ਕਾਰਜਕਾਲ ਦੌਰਾਨ 11-11 ਮਹੀਨੇ ਹਾਊਸ ਦੀ ਮੀਟਿੰਗ ਹੀ ਨਹੀਂ ਸੀ ਹੰੁਦੀ ਤੇ ਫਿਰ ਮਤੇ, ਟੈਂਡਰ ਅਤੇ ਠੇਕੇਦਾਰਾਂ ਦੀ ਲੰਮੀ ਪਰਿਕਿਰਿਆ ਕਾਰਨ ਮੋਗੇ ਦਾ ਵਿਕਾਸ ਕਈ ਸਾਲ ਪਿਛੜ ਗਿਆ ਪਰ ਜਦ ਨਿਗਮ ਭੰਗ ਹੋਈ ਤਾਂ ਉਹਨਾਂ ਇਕੋ ਵਾਰ ਮਤੇ ਪਾ ਕੇ ਚੰਡੀਗੜ੍ਹੋਂ ਪਾਸ ਕਰਵਾ ਕੇ ਲਿਆਂਦੇ ਤੇ 15 ਸਾਲ ਤੋਂ ਰੁਕੇ ਵਿਕਾਸ ਨੂੰ ਮੁੜ ਤੋਂ ਲੀਹ ’ਤੇ ਲਿਆਦਾ ਪਰ ਇਸ ਵਿਕਾਸ ਵਿਚ ‘ਟੀਮ ਹਰਜੋਤ’ ਦੇ ਹਰ ਮੈਂਬਰ ਨੇ ਦਿ੍ਰੜਤਾ ਨਾਲ ਕੰਮ ਕੀਤਾ ਜਿਸ ਦੀ ਬਦੌਲਤ ਸ਼ਹਿਰ ਵਾਸੀਆਂ ਨੇ 29 ਕੌਂਸਲਰਾਂ ਨੂੰ ਜਿੱਤ ਨਾਲ ਨਿਵਾਜਿਆ । ਉਹਨਾਂ ਕਿਹਾ ਕਿ ਲੋਕਾਂ ਦਾ ਫਤਵਾ ਸਪੱਸ਼ਟ ਹੈ , ਕਾਂਗਰਸ ਬਹੁਮਤ ਨਾਲ ਨਿਗਮ ਹਾਊਸ ਵਿਚ ਬੈਠੇਗੀ ।
ਡਾ: ਹਰਜੋਤ ਨੇ ਕਿਹਾ ਕਿ ਉਹਨਾਂ ਦੀ ਪਤਨੀ ਦੀ ਹਾਰ ਇਸ ਗੱਲ ਦੀ ਗਵਾਹ ਹੈ ਕਿ ਕਾਂਗਰਸ ਨੇ ਚੋਣਾਂ ਲੜੀਆਂ ਹਨ , ਲੁੱਟੀਆਂ ਨਹੀਂ । ਉਹਨਾਂ ਕਿਹਾ ਕਿ ਜੇ ਧੱਕਾ ਕਰਨ ਦੀ ਮਨਸ਼ਾ ਹੁੰਦੀ ਤਾਂ ਉਹ ਆਪਣੀ ਪਤਨੀ ਨੂੰ ਤਾਂ ਜਿਤਾ ਹੀ ਲੈਂਦੇ । ਉਹਨਾਂ ਕਿਹਾ ਕਿ ਮੋਗੇ ਦਾ ਬੱਚਾ ਬੱਚਾ ਗਵਾਹ ਹੈ ਕਿ ਵਿਰੋਧੀ ਪਾਰਟੀਆਂ ਨੇ ਖਲਨਾਇਕਾਂ ਵਾਲੀ ਭੂਮਿਕਾ ਨਿਭਾਉਂਦਿਆਂ ਪਿਛਲੀਆਂ ਨਿਗਮ ਚੋਣਾ ਦੌਰਾਨ ਧੱਕਾ ਕਰਨ ਦੀ ਇੰਤਹਾ ਕਰਦਿਆਂ ਲੋਕਾਂ ਨੂੰ ਕਾਗਜ਼ ਤੱਕ ਨਹੀਂ ਭਰਨ ਦਿੱਤੇ ।
ਉਹਨਾਂ ਆਖਿਆ ਕਿ ਪਤਨੀ ਦੀ ਹਾਰ ਦਾ ਕਾਰਨ ਵੀ ਇਹੀ ਰਿਹਾ ਕਿ ਉਹ ਟੀਮ ਹਰਜੋਤ ਚੋਂ ਕੌਂਸਲਰ ਦੀ ਚੋਣ ਲੜਨ ਲਈ ਉਮੀਦਵਾਰਾਂ ਦੇ ਹੱਕ ਵਿਚ ਚੋਣ ਪ੍ਰਚਾਰ ਕਰਦਿਆਂ ਵੱਖ ਵੱਖ ਵਾਰਡਾਂ ਵਿਚ ਜਾਂਦੇ ਰਹੇ ਤੇ ਪਤਨੀ ਦੇ ਵਾਰਡ ਨੰਬਰ 1 ਵਿਚ ਲੋੜੀਂਦਾ ਸਮਾਂ ਨਹੀਂ ਦੇ ਸਕੇ। ਉਹਨਾਂ ਕਾਂਗਰਸ ਦੀ ਟਿਕਟ ਤੋਂ ਹਾਰੇ ਉਮੀਦਵਾਰਾਂ ਨੂੰ ਵੀ ਭਰੋਸਾ ਦਿਵਾਇਆ ਕਿ ਉਹਲਾਂ ਦੇ ਵਾਰਡਾਂ ਵਿਚ ਵਿਕਾਸ ਕਰਵਾਉਣ ਵੇਲੇ ਉਹਨਾਂ ਦਾ ਪੂਰਨ ਸਤਿਕਾਰ ਬਣਿਆ ਰਹੇਗਾ।
ਇਸ ਮੌਕੇ ਜਗਜੀਤ ਜੀਤਾ, ਬੂਟਾ ਸਿੰਘ, ਦੀਪਕ ਭੱਲਾ, ਜਸਵਿੰਦਰ ਸਿੰਘ ਕਾਕਾ ਲੰਢੇਕੇ,ਵਿਜੇ ਖੁਰਾਣਾ, ਗੁਰਪ੍ਰੀਤ ਸੱਚਦੇਵਾ, ਨਰਿੰਦਰ ਬਾਲੀ,ਕੁਲਵਿੰਦਰ ਚੱਕੀਆਂ, ਛਿੰਦਾ ਬਰਾੜ, ਸਾਹਿਲ ਅਰੋੜਾ,ਪ੍ਰਵੀਨ ਮੱਕੜ, ਪਾਇਲ ਗਰਗ,ਅਮਰਜੀਤ ਅੰਬੀ, ਆਦਿ ਚੁਣੇ ਕੌਂਸਲਰਾਂ ਨੇ ਸੰਬੋਧਨ ਕਰਦਿਆਂ ਡਾ: ਰਜਿੰਦਰ ਕੌਰ ਦੇ ਹਾਰ ਜਾਣ ’ਤੇ ਦੁੱਖ ਪ੍ਰਗਟ ਕੀਤਾ। ਉਹਨਾਂ ਆਖਿਆ ਕਿ ਉਹਨਾਂ ਨੂੰ ਅਹਿਸਾਸ ਹੈ ਕਿ ਪਿਛਲੇ 8 ਮਹੀਨਿਆਂ ਦੌਰਾਨ ਮੋਗਾ ਦੇ ਹੋਏ ਵਿਕਾਸ ਦੀ ਪਿੱਠ ਭੂਮੀ ਵਿਚ ਡਾ: ਰਜਿੰਦਰ ਨੇ ਦਿਨ ਰਾਤ ਨਿੱਠ ਕੇ ਕੰਮ ਕੀਤਾ ਸੀ ਤੇ ਹੁਣ ਉਹਨਾਂ ਦੀ ਦਿਲੀ ਇੱਛਾ ਸੀ ਕਿ ਨਵੀਂ ਕਾਰਪੋਰੇਸ਼ਨ ਵਿਚ ਡਾ: ਰਜਿੰਦਰ ਵੀ ਟੀਮ ਹਰਜੋਤ ਦਾ ਹਿੱਸਾ ਬਣੇ ਰਹਿੰਦੇ। ਉਹਨਾਂ ਸਾਰਿਆਂ ਨੇ ਡਾ: ਹਰਜੋਤ ਕੋਲ ਇਕ ਸੁਰ ਹੋ ਕੇ ਆਪਣੀ ਆਪਣੀ ਕੌਂਸਲਰਸ਼ਿੱਪ ਤੋਂ ਅਸਤੀਫ਼ਾ ਦੇ ਕੇ ਉਹਨਾਂ ਦੀ ਸੀਟ ਤੋਂ ਡਾ. ਰਜਿੰਦਰ ਨੂੰ ਦੁਬਾਰਾ ਚੋਣ ਲੜਾਉਣ ਦੀ ਪੇਸ਼ਕਸ਼ ਕੀਤੀ। ਵਾਰਡ ਨੰਬਰ 5 ਤੋਂ ਕੌਂਸਲਰ ਬਣੀ ਨੀਤੀਕਾ ਭੱਲਾ ਦੇ ਪਤੀ ਦੀਪਕ ਭੱਲਾ ਨੇ ਤਾਂ ਇੱਥੋਂ ਤੱਕ ਆਖ ਦਿੱਤਾ ਕਿ ਕੌਂਸਲਰ ਬਣਨ ਦੀ ਉਹਨਾਂ ਦੀ ਕੋਈ ਇੱਛਾ ਨਹੀਂ ਸੀ ਉਹ ਵੈਸੇ ਹੀ ਲੋਕਾਂ ਦੀ ਸੇਵਾ ਕਰ ਸਕਦੇ ਸਨ ਪਰ ਉਹ ਆਪਣੇ ਮਰਹੂਮ ਪਿਤਾ ਸ਼੍ਰੀ ਬਾਲ ਿਸ਼ਨ ਭੱਲਾ ਦੀ ਹਾਰ ਦਾ ਬਦਲਾ, ਚੋਣ ਜਿੱਤ ਕੇ ਲੈਣਾ ਚਾਹੁੰਦੇ ਸਨ ਜੋ ਉਹਨਾਂ ਡਾ: ਹਰਜੋਤ ਦੀ ਅਗਵਾਈ ਵਿਚ ਚੋਣ ਜਿੱਤ ਕੇ ਲੈ ਲਿਆ ਹੈ ਤੇ ਹੁਣ ਉਹ ਆਪਣੇ ਵਾਰਡ ਤੋਂ ਡਾ: ਰਜਿੰਦਰ ਨੂੰ ਚੋਣ ਲੜਾ ਕੇ ਉਹਨਾਂ ਨੂੰ ਕੌਂਸਲਰ ਬਣਿਆ ਦੇਖਣਾ ਚਾਹੁੰਦੇ ਨੇ ।
ਜ਼ਿਕਰਯੋਗ ਹੈ ਕਿ ਸ਼੍ਰੀ ਬਾਲ ਿਸ਼ਨ ਭੱਲਾ ਦੇ ਭੋਗ ਸਮਾਗਮ ਦੌਰਾਨ ਡਾ: ਹਰਜੋਤ ਕਮਲ ਨੇ ਭੱਲਾ ਪਰਿਵਾਰ ਨੂੰ ਟਿਕਟ ਦੇਣ ਦਾ ਭਰੋਸਾ ਦਿੱਤਾ ਸੀ ਤੇ ਅੱਜ ਉਸੇ ਪਰਿਵਾਰ ਵਿਚੋਂ ਨੀਤੀਕਾ ਭੱਲਾ ਕੌਂਸਲਰ ਬਣ ਸਕੀ।
ਵਿਧਾਇਕ ਡਾ: ਹਰਜੋਤ ਕਮਲ ਨੇ ਆਖਿਆ ਕਿ ਉਹ ਜਜ਼ਬਾਤੀ ਇਨਸਾਨ ਨੇ ਅਤੇ ਉਹ ਹਰ ਕਿਸੇ ਨੂੰ ਦਿਲ ਦੀਆਂ ਗਹਿਰਾਈਆਂ ਤੋਂ ਪਿਆਰ ਕਰਦੇ ਨੇ ਇਸ ਕਰਕੇ ਹੋਰਨਾਂ ਪਾਰਟੀਆਂ ਚੋਂ ਕਾਂਗਰਸ ‘ਚ ਆਏ ਆਗੂ ਲਾਲਚ ਵੱਸ ਨਹੀਂ ਸਗੋਂ ਉਹਨਾਂ ਦੇ ਪਿਆਰ ਦੇ ਖਿੱਚੇ ਆਏ ਨੇ। ਉਹਨਾਂ ਨੂੰ ਪੂਰਨ ਯਕੀਨ ਹੈ ਕਿ ਜੋ ਭਰੋਸਾ ਅੱਜ 29 ਕੌੌਂਸਲਰਾਂ ਨੇ ਉਹਨਾਂ ਵਿਚ ਪ੍ਰਗਟ ਕੀਤਾ ਹੈ ਇਹ ਭਰੋਸਾ ਹਮੇਸ਼ਾ ਬਣਿਆ ਰਹੇਗਾ। ਉਹਨਾਂ ਕਿਹਾ ਕਿ ਜਿੱਤੇ ਹੋਏ ਸਾਰੇ ਕੌਂਸਲਰ ਅਤੇ ਉਹਨਾਂ ਦੇ ਪਰਿਵਾਰ ਮੇਰਾ ਆਪਣਾ ਪਰਿਵਾਰ ਹਨ ਤੇ ਅਸੀਂ ਸਾਰੇ ਲੋਕਾਂ ਦਾ ਦਿੱਤਾ ਫਤਵਾ ਸਿਰ ਮੱਥੇ ਕਬੂਲ ਕਰਦੇ ਹਾਂ। ਇਸ ਮੌਕੇ ਸਮੂਹ ਕੌਂਸਲਰਾਂ ਨੇ ਹੱਥ ਖੜ੍ਹੇ ਕੇ ਵਿਧਾਇਕ ਡਾ: ਹਰਜੋਤ ਕਮਲ ਦੀ ਰਹਿਨੁਮਾਈ ’ਚ ਆਪਣੇ ਭਰੋਸੇ ਦਾ ਪ੍ਰਗਟਾਵਾ ਕੀਤਾ।
ਇਸ ਸਮਾਗਮ ਵਿਚ ਸਰਪੰਚ ਰਾਕੇਸ਼ ਕਿੱਟਾ, ਸੀਰਾ ਚਕਰ, ਸ. ਮੁਖਤਿਆਰ ਸਿੰਘ ਐੱਸ , ਚੇਅਰਮੈਨ ਪ੍ਰਵੀਨ ਗਰਗ, ਵਿਨੀਤ ਚੋਪੜਾ, ਗੌਰਵ ਗਰਗ, ਤੋਂ ਇਲਾਵਾ ਪ੍ਰਵੀਨ ਕੁਮਾਰ ਪੀਨਾ, ਕੌਂਸਲਰ ਰੀਟਾ ਚੋਪੜਾ, ਅਸ਼ੋਕ ਧਮੀਜਾ, ਵਿਜੇ ਭੂਸ਼ਣ ਟੀਟੂ, ਲਖਵੀਰ ਸਿੰਘ ਲੱਖਾ ਦੁਨੇਕ, ਕੁਲਦੀਪ ਕੌਰ, ਵਰਿੰਦਰ ਕੌਰ, ਕੁਸਮ ਬਾਲੀ, ਕੁਲਵਿੰਦਰ ਕੌਰ, ਗੁਰਦੀਪ ਕੌਰ, ਸੁਖਵਿੰਦਰ ਕੌਰ, ਰੀਮਾ ਸੂਦ, ਤੀਰਥ ਰਾਮ, ਮਨਦੀਪ ਕੌਰ , ਸੁਰਿੰਦਰ ਸਿੰਘ ਗੋਗਾ, ਮਨਜੀਤ ਕੌਰ ਗਿੱਲ, ਜਸਪ੍ਰੀਤ ਵਿੱਕੀ (ਸਾਰੇ ਕੌਂਸਲਰ) ,ਦਵਿੰਦਰ ਸ਼ਰਮਾ ਤੋਂ ਇਲਾਵਾ ਕਾਂਗਰਸੀ ਵਰਕਰ ਹਾਜ਼ਰ ਸਨ। 


