ਵਿਧਾਇਕ ਡਾ: ਹਰਜੋਤ ਕਮਲ ਨੇ ਲੋਕਾਂ ਵੱਲੋਂ ਦਿੱਤੇ ਫਤਵੇ ਨੂੰ ਕੀਤਾ ਸਿਰ ਮੱਥੇ ਪ੍ਰਵਾਨ

*** ਪਿਛਲੀ ਨਗਰ ਨਿਗਮ ਦੌਰਾਨ ਕਾਂਗਰਸ ਦੇ ਇਕ ਕੌਂਸਲਰ ਤੋਂ ਵਾਪਸੀ ਕਰਦਿਆਂ ਕਾਂਗਰਸ ਨੇ 20 ਵਾਰਡਾਂ ‘ਚ ਝੁਲਾਇਆ ਜਿੱਤ ਦਾ ਝੰਡਾ: ਵਿਧਾਇਕ ਡਾ: ਹਰਜੋਤ ਕਮਲ***
ਮੋਗਾ,17 ਫਰਵਰੀ (ਜਸ਼ਨ): ਨਗਰ ਨਿਗਮ ਚੋਣਾਂ ਦੇ ਆਏ ਨਤੀਜਿਆਂ ਉਪਰੰਤ ਵਿਧਾਇਕ ਡਾ: ਹਰਜੋਤ ਕਮਲ ਨੇ ਪ੍ਰਤੀਕ੍ਰਮ ਦਿੰਦਿਆਂ ਆਖਿਆ ਕਿ ਨਿਗਮ ਚੋਣਾ ਦੌਰਾਨ ਲੋਕਾਂ ਵੱਲੋਂ ਦਿੱਤੇ ਫਤਵੇ ਨੂੰ ਉਹ ਸਿਰ ਮੱਥੇ ਪ੍ਰਵਾਨ ਕਰਦੇ ਹਨ । ਉਹਨਾਂ ਆਖਿਆ ਕਿ ਵਿਕਾਸ ਦੇ ਮੁੱਦੇ ’ਤੇ ਲੜੀਆਂ ਚੋਣਾਂ ਦੌਰਾਨ ਲੋਕਾਂ ਵੱਲੋਂ ਕਾਂਗਰਸ ਦੇ ਉਮੀਦਵਾਰਾਂ ਨੂੰ ਜਿਤਾਉਣ ਦੀ ਉਹਨਾਂ ਨੂੰ ਦਿਲੀ ਖੁਸ਼ੀ ਹੋਈ ਹੈ ਕਿਉਂਕਿ ਪਿਛਲੀਆਂ ਨਿਗਮ ਚੋਣਾਂ ਦੌਰਾਨ ਕਾਂਗਰਸ ਸਿਰਫ਼ ਇਕ ਵਾਰਡ ‘ਚੋਂ ਜਿੱਤ ਸਕੀ ਸੀ ਪਰ ਹੁਣ ਟੀਮ ਹਰਜੋਤ ਵੱਲੋਂ ਉਹਨਾਂ ਦੀ ਅਗਵਾਈ ਵਿਚ ਕਰਵਾਏ ਵਿਕਾਸ ਕਾਰਜਾਂ ਦੀ ਬਦੌਲਤ 20 ਉਮੀਦਵਾਰ ਨਿਗਮ ਹਾਊਸ ਵਿਚ ਪਹੁੰਚਣ ਵਿਚ ਕਾਮਯਾਬ ਹੋਏ ਹਨ । ਡਾ: ਹਰਜੋਤ ਕਮਲ ਨੇ ਆਖਿਆ ਕਿ ਕਾਂਗਰਸ ਦੇ 8 ਉਮੀਦਵਾਰ ਮਹਿਜ਼ 20 ਤੋਂ 30 ਵੋਟਾਂ ਦੇ ਅੰਤਰ ਨਾਲ ਹਾਰੇ ਹਨ ਅਤੇ ਇੰਜ ਲੋਕਤੰਤਰ ਪ੍ਰਣਾਲੀ ਦੌਰਾਨ ਵੋਟਾਂ ਵੰਡੇ ਜਾਣ ਕਾਰਨ ਅਕਸਰ ਅਜਿਹਾ ਵਰਤਾਰਾ ਦੇਖਿਆ ਜਾਂਦਾ ਹੈ।
ਵਿਧਾਇਕ ਡਾ: ਹਰਜੋਤ ਕਮਲ ਨੇ ਆਖਿਆ ਕਿ ਜਿਹਨਾਂ ਵਾਰਡਾਂ ਵਿਚ ਕਾਂਗਰਸ ਦੀ ਹਾਰ ਹੋਈ ਹੈ ਉਹਨਾਂ ਵਾਰਡਾਂ ਵਿਚ ਪਹਿਲਾਂ ਤੋਂ ਵੀ ਜ਼ਿਆਦਾ ਵਿਕਾਸ ਕਾਰਜ ਕਰਵਾਏ ਜਾਣਗੇ ਅਤੇ ਲੋੜਵੰਦਾਂ ਨੂੰ ਕਾਂਗਰਸ ਦੀਆਂ ਲੋਕ ਪੱਖੀ ਨੀਤੀਆਂ ਤੋਂ ਵਧੇਰੇ ਲਾਹਾ ਦੇਣ ਦੀ ਮੁਹਿੰਮ ਆਰੰਭੀ ਜਾਵੇਗੀ । 
ਉਹਨਾਂ ਆਖਿਆ ਕਿ ਇਹਨਾਂ ਚੋਣਾਂ ਦੌਰਾਨ ਲੋਕਾਂ ਦੇ ਰੁਝਾਨ ਤੋਂ ਇਹ ਸਪੱਸ਼ਟ ਹੋ ਗਿਆ ਕਿ ਕਾਂਗਰਸ ਲਈ ਵੋਟ ਪ੍ਰਤੀਸ਼ਤਤਾ ਵਧੀ ਹੈ ਅਤੇ ਲੋਕਾਂ ਵੱਲੋਂ ਦਿੱਤੇ ਪਿਆਰ ਅਤੇ ਸਤਿਕਾਰ ਲਈ ਉਹ ਮੋਗਾ ਦੇ ਰੱਬ ਵਰਗੇ ਵੋਟਰਾਂ ਅਤੇ ਸਪੋਟਰਾਂ ਦੇ ਦਿਲੋਂ ਧੰਨਵਾਦੀ ਹਨ । 
ਡਾ: ਹਰਜੋਤ ਨੇ ਆਖਿਆ ਕਿ ਅਕਾਲੀ ਭਾਜਪਾ ਸਰਕਾਰ ਸਮੇਂ ਚੋਣਾਂ ਲੜੀਆਂ ਨਹੀਂ ਸੀ ਜਾਂਦੀਆਂ ਬਲਕਿ ਲੁੱਟੀਆਂ ਜਾਂਦੀਆਂ ਰਹੀਆਂ ਹਨ। ਉਹਨਾਂ ਆਖਿਆ ਕਿ ਮੋਗਾ ਦੇ ਤਾਂ ਇਹ ਹਾਲਾਤ ਸਨ ਕਿ ਕਈ ਉਮੀਦਵਾਰਾਂ ਨੂੰ ਧਮਕਾ ਕੇ ਘਰੀਂ ਬਿਠਾ ਛੱਡਿਆ ਅਤੇ ਕਾਗਜ਼ ਤੱਕ ਨਹੀਂ ਭਰਨ ਦਿੱਤੇ ਗਏ ਸਨ ਤੇ ਕਈਆਂ ਦੇ ਕਾਗ਼ਜ਼ ਹੀ ਰੱਦ ਕਰਵਾ ਦਿਤੇ ਸੀ। ਵਿਧਾਇਕ ਨੇ ਆਖਿਆ ਕਿ ਮਾਣਯੋਗ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਿਚ ਪੰਜਾਬ ਸਰਕਾਰ ਦੇ ਕਾਰਜਕਾਲ ਦੌਰਾਨ ਜ਼ਿਲ੍ਹਾ ਪ੍ਰੀਸ਼ਦ ਚੋਣਾਂ , ਬਲਾਕ ਸੰਮਤੀ ਚੋਣਾਂ, ਪੰਚਾਇਤੀ ਚੋਣਾਂ ਅਤੇ ਹੁਣ ਨਿਗਮ ਚੋਣਾਂ ਪੁਰ ਅਮਨ ਲਹਿਜ਼ੇ ਨਾਲ ਹੋਈਆਂ ਹਨ ਅਤੇ ਚੋਣ ਅਮਲ ਦੌਰਾਨ ਨਾ ਤਾਂ ਕਿਸੇ ਦੇ ਕਾਗਜ਼ ਰੱਦ ਕੀਤੇ ਗਏ ਤੇ ਨਾ ਹੀ ਕਿਸੇ ਨੇ ਸਰਕਾਰ ਹੋਣ ਦੀ ਧੌਂਸ ਦਿਖਾਈ । 
ਉਹਨਾਂ ਆਖਿਆ ਕਿ ਕਾਂਗਰਸ ਵੱਲੋਂ ਕਾਇਮ ਕੀਤੀ ਇਸ ਰਵਾਇਤ ਨੂੰ ਲੋਕਾਂ ਨੇ ਸਲਾਹਿਆ ਹੈ ਅਤੇ ਭਵਿੱਖ ਵਿਚ ਲੋਕ ਹਰ ਪਾਰਟੀ ਤੋਂ ਇਸ ਰਵਾਇਤ ਨੂੰ ਕਾਇਮ ਰੱਖਣ ਲਈ ਆਸ ਰੱਖਣਗੇ।