ਨਵੀਨ ਸਿੰਗਲਾ ਨੇ ਸ਼ਾਂਤੀ ਪੂਰਵਕ ਚੋਣ ਅਮਲ ਲਈ ਸ਼ਹਿਰ ਵਾਸੀਆਂ ਅਤੇ ਪ੍ਰਸ਼ਾਸਨ ਦਾ ਕੀਤਾ ਧੰਨਵਾਦ

ਮੋਗਾ,15 ਫਰਵਰੀ (ਜਸ਼ਨ):ਉੱਘੇ ਕਾਰੋਬਾਰੀ ਅਤੇ ਸਮਾਜ ਸੇਵੀ ਨਵੀਨ ਸਿੰਗਲਾ ਨੇ ਮੋਗਾ ਵਾਸੀਆਂ ਵੱਲੋਂ ਪਿਆਰ ਦੀਆਂ ਗੂੜ੍ਹੀਆਂ ਤੰਦਾਂ ਨੂੰ ਹੋਰ ਮਜਬੂਤ ਕਰਦਿਆਂ ਚੋਣਾਂ ਦੌਰਾਨ ਕਿਸੇ ਵੀ ਤਰਾਂ ਦੀ ਹਿੰਸਾ ਤੋਂ ਗੁਰੇਜ਼ ਕਰਨ ਅਤੇ ਵੱਡੀ ਗਿਣਤੀ ਵਿਚ ਵੋਟਾਂ ਪਾਉਣ ਲਈ ਉਹਨਾਂ ਦਾ ਧੰਨਵਾਦ ਕੀਤਾ। ਨਵੀਨ ਸਿੰਗਲਾ ਨੇ ਆਖਿਆ ਕਿ ਬੇਸ਼ੱਕ ਉਹਨਾਂ ਦੀ ਪਤਨੀ ਅੰਜੂ ਸਿੰਗਲਾ ਵਾਰਡ ਨੰਬਰ 21 ਤੋਂ ਚੋਣ ਲੜ ਰਹੀ ਸੀ ਪਰ ਉਹਨਾਂ ਨੂੰ ਸਮੁੱਚੇ ਮੋਗੇ ਵਿਚ ਕਿਸੇ ਵੀ ਤਰਾਂ ਦੀ ਹਿੰਸਕ ਵਾਰਦਾਤ ਹੋਣ ਦੀ ਚਿੰਤਾ ਜ਼ਰੂਰ ਸੀ ਪਰ ਇਹ ਵਿਸ਼ਵਾਸ਼ ਸੀ ਕਿ ਮੋਗਾ ਵਾਸੀ ਸਦੀਆਂ ਪੁਰਾਣੀ ਸਾਂਝ ਨੂੰ ਕਦੇ ਵੀ ਤਿਲਾਂਜਲੀ ਨਹੀਂ ਦੇਣਗੇ । ਉਹਨਾਂ ਆਪਣੇ ਹਮਾਇਤੀਆਂ ਅਤੇ ਸ਼ਹਿਰ ਦੀ ਪਤਵੰਤਿਆਂ ਦਾ ਵੀ ਧੰਨਵਾਦ ਕੀਤਾ ਜਿਹਨਾਂ ਨੇ ਅੰਜੂ ਸਿੰਗਲਾ ਦੀ ਚੋਣ ਮੁਹਿੰਮ ਆਪਣੀ ਚੋਣ ਮੁਹਿੰਮ ਸਮਝ ਕੇ ਚਲਾਇਆ । ਗਰੇਟ ਪੰਜਾਬ ਪਿ੍ਰੰਟਰਜ਼ ਦੇ ਐੱਮ ਡੀ ਨਵੀਨ ਸਿੰਗਲਾ ਨੇ ਆਖਿਆ ਕਿ ਉਹ ਵਾਰਡ ਵਾਸੀਆਂ ਦੇ ਵੀ ਸ਼ੁਕਰਗੁਜ਼ਾਰ ਹਨ ਕਿਉਂਕਿ ੳਹ ਜਦ ਵੀ ਚੋਣ ਪ੍ਰਚਾਰ ਦੌਰਾਨ ਵਾਰਡ ਵਾਸੀਆਂ ਦੇ ਘਰੀਂ ਗਏ ਤਾਂ ਹਰ ਪਰਿਵਾਰ ਨੇ ਉਹਨਾਂ ਨੂੰ ਅਪਣੱਤ ਭਰੇ ਨਿੱਘ ਦਾ ਅਹਿਸਾਸ ਕਰਵਾਇਆ । ਉਹਨਾਂ ਆਖਿਆ ਕਿ ਵਾਰਡ ਵਾਸੀਆਂ ਦੇ ਇਸੇ ਪਿਆਰ ਦੀ ਬਦੌਲਤ ਉਹ ਆਪਣੀ ਪਤਨੀ ਅੰਜੂ ਸਿੰਗਲਾ ਦੀ ਚੋਣ ਮੁਹਿੰਮ ਨੂੰ ਜੋਬਨ ’ਤੇ ਲੈ ਜਾਣ ਵਿਚ ਸਫ਼ਲ ਹੋਏ। ਉਹਨਾਂ ਆਖਿਆ ਕਿ ਭਾਵੇਂ ਚੋਣ ਰੈਲੀਆਂ ਹੋਣ ਤੇ ਭਾਵੇਂ ਰੋਡ ਸ਼ੋਅ ਇਹਨਾਂ ਵਿਚ ਸ਼ਾਮਲ ਹੋਣ ਵਾਲੇ ਹਰ ਵਿਅਕਤੀ ਦੇ ਉਹ ਤਮਾਮ ਉਮਰ ਰਿਣੀ ਰਹਿਣਗੇ। ਉਹਨਾਂ ਸ਼ਹਿਰ ਵਿਚ ਸ਼ਾਂਤੀ ਕਾਇਮ ਰੱਖਣ ਲਈ ਪੁਲਿਸ ਅਤੇ ਪ੍ਰਸ਼ਾਸਨ ਦਾ ਵੀ ਧੰਨਵਾਦ ਕੀਤਾ। ਉਹਨਾਂ ਆਖਿਆ ਕਿ ਬੇਸ਼ੱਕ ਉਹ ਸਿਆਸਤ ਵਿਚ ਆ ਗਏ ਹਨ ਪਰ ਸਮਾਜ ਸੇਵਾ ਉਹਨਾਂ ਦੇ ਰੂਹ ਦੀ ਖੁਰਾਕ ਹੈ ਅਤੇ ਉਹ ਸੇਵਾ ਦੇ ਮਾਰਗ ’ਤੇ ਚੱਲਦਿਆਂ ਰੂਹਾਨੀ ਸੁੱਖ ਦੀ ਪ੍ਰਾਪਤੀ ਲਈ ਸਿਆਸਤ ਨੂੰ ਸੇਵਾ ’ਤੇ ਭਾਰੂ ਨਹੀਂ ਹੋਣ ਦੇਣਗੇ।


