ਵਿਧਾਇਕ ਡਾ: ਹਰਜੋਤ ਕਮਲ ਨੇ ਚੋਣ ਪਰਿਕਿਰਿਆ ਦੌਰਾਨ ਮੋਗਾ ਵਾਸੀਆਂ ਨੂੰ ਭਾਈਚਾਰਕ ਸਾਂਝ ਬਣਾਈ ਰੱਖਣ ਦੀ ਕੀਤੀ ਅਪੀਲ

ਮੋਗਾ,14 ਫਰਵਰੀ (ਜਸ਼ਨ):ਅੱਜ ਮੋਗਾ ਦੀਆਂ ਨਗਰ ਨਿਗਮ ਚੋਣਾਂ ਦੌਰਾਨ ਵਿਧਾਇਕ ਡਾ: ਹਰਜੋਤ ਕਮਲ ਨੇ ਜਿੱਥੇ ਸਾਰੇ ਉਮੀਦਵਾਰਾਂ ਨੂੰ ਚੋਣ ਪਰਿਕਿਰਿਆ ਦਾ ਅਮਲ ਸ਼ਾਂਤਮਈ ਤਰੀਕੇ ਨਾਲ ਨੇਪਰੇ ਚਾੜ੍ਹਨ ਦੀ ਅਪੀਲ ਕੀਤੀ ਉੱਥੇ ਉਹਨਾਂ ਕਾਂਗਰਸ ਦੇ ਉਮੀਦਵਾਰਾਂ ਦੀ ਉਹਨਾਂ ਦੇ ਬੂਥਾਂ ’ਤੇ ਜਾ ਕੇ ਹੌਸਲਾਅਫ਼ਜ਼ਾਈ ਵੀ ਕੀਤੀ। ਉਹਨਾਂ ਸਾਰੀਆਂ ਪਾਰਟੀਆਂ ਦੇ ਵਰਕਰਾਂ ਅਤੇ ਵੋਟਰਾਂ ਨੂੰ ਆਪਸੀ ਭਾਈਚਾਰਕ ਸਾਂਝ ਬਣਾਈ ਰੱਖਣ ਦੀ ਅਪੀਲ ਕੀਤੀ। ਉਹਨਾਂ ਆਖਿਆ ਕਿ 2017 ਤੋਂ ਬਾਅਦ ਹੋਈਆਂ ਜ਼ਿਲ੍ਹਾ ਪ੍ਰੀਸ਼ਦ ਦੀਆਂ ਚੋਣਾਂ ਜਾਂ ਪੰਚਾਇਤੀ ਚੋਣਾਂ ਤੇ ਜਾਂ ਲੋਕ ਸਭਾ ਚੋਣਾਂ ਹੋਈਆਂ ਇਹਨਾਂ ਸਾਰੀਆਂ ਚੋਣਾਂ ਦੌਰਾਨ ਮੋਗਾ ‘ਚ ਸ਼ਾਂਤਮਈ ਮਾਹੌਲ ਰਿਹਾ ਅਤੇ ਇਸ ਵਾਰ ਵੀ ਨਗਰ ਨਿਗਮ ਚੋਣਾਂ ਲਈ ਚਾਹੇ ਉੀ ਉਮੀਦਵਾਰਾਂ ਨੇ ਪੇਪਰ ਦਾਖਲ ਕੀਤੇ ਹੋਣ ਜਾਂ ਕੋਈ ਹੋਰ ਪਰਿਕਿਰਿਆ ਹੋਵੇ ਕਿਸੇ ਕਿਸਮ ਦਾ ਵੀ ਧੱਕਾ ਨਹੀਂ ਹੋਇਆ ਤੇ ਨਾ ਹੀ ਕਰਾਂਗੇ ਕਿਉਂਕਿ ਭਾਰਤ ਦੇਸ਼ ਦੀ ਖੂਬਸੂਰਤੀ ਇਸ ਦੀ ਲੋਕਤੰਤਰਿਕ ਪ੍ਰਣਾਲੀ ਹੈ ਅਤੇ ਇਸ ਦੀ ਮਰਿਯਾਦਾ ਨੂੰ ਕਾਇਮ ਰੱਖਣਾ ਹਰ ਜ਼ਿਮੇਵਾਰ ਨਾਗਰਿਕ ਦਾ ਫਰਜ਼ ਬਣਦਾ ਹੈ। ਵਿਧਾਇਕ ਡਾ: ਹਰਜੋਤ ਕਮਲ ਨੇ ਆਖਿਆ ਕਿ ਉਹਨਾਂ ਨੇ ਆਪਣੇ ਉਮੀਦਵਾਰਾਂ ਦੇ ਚੋਣ ਜਲਸਿਆਂ ਵਿਚ ਵੀ ਕਿਸੇ ਵੀ ਪਾਰਟੀ ਦੇ ਉਮੀਦਵਾਰਾਂ ਦੀ ਬੇਵਜਹ ਆਲੋਚਨਾ ਕਰਨ ਦੀ ਬਜਾਏ ਉਹਨਾਂ ਨੇ ਕਾਂਗਰਸ ਪਾਰਟੀ ਦੇ ਸੱਤਾ ਵਿਚ ਆਉਣ ਉਪਰੰਤ ਮੋਗਾ ਦੀ ਬਿਹਤਰੀ ਲਈ ਨਿੱਠ ਕੇ ਕੀਤੇ ਕੰਮਾਂ ਦਾ ਜ਼ਿਕਰ ਕਰਦਿਆਂ ਵਿਕਾਸ ਕਾਰਜਾਂ ਦੇ ਆਧਾਰ ’ਤੇ ਵੋਟਰਾਂ ਨੂੰ ਕਾਂਗਰਸ ਦੇ ਉਮੀਦਵਾਰਾਂ ਨੂੰ ਹੀ ਵੋਟ ਪਾਉਣ ਦੀ ਅਪੀਲ ਕੀਤੀ । ਉਹਨਾਂ ਕਿਹਾ ਕਿ ‘ਟੀਮ ਹਰਜੋਤ ’ ਨੇ ਪਿਛਲੇ 10 ਮਹੀਨਿਆਂ ਵਿਚ ਸ਼ਹਿਰ ਦੇ ਵਿਕਾਸ ਲਈ ਜੀਅ ਜਾਨ ਨਾਲ ਕੰਮ ਕੀਤਾ ਅਤੇ ਉਹਨਾਂ ਨੂੰ ਆਸ ਹੈ ਕਿ ਵੋਟਰ ਇਸ ਸਭ ਨੂੰ ਆਪਣੇ ਜ਼ਿਹਨ ਵਿਚ ਰੱਖ ਕੇ ਵੋਟ ਪੋਲ ਕਰਨਗੇ। ਇਸ ਮੌਕੇ ਉਹਨਾਂ ਨਾਲ ਸਾਬਕਾ ਸਰਪੰਚ ਰਾਕੇਸ਼ ਕਿੱਟਾ, ਯੂਥ ਪ੍ਰਧਾਨ ਨਵੀ ਤੂਰ, ਸੀਨੀਅਰ ਕਾਂਗਰਸੀ ਆਗੂ ਜਸਵਿੰਦਰ ਸਿੰਘ ਕਾਕਾ ਲੰਢੇਕੇ ਅਤੇ ਯੂਥ ਆਗੂ ਹਾਜ਼ਰ ਸਨ।


