ਵਿਧਾਇਕ ਡਾ: ਹਰਜੋਤ ਕਮਲ ਨੇ ਸ਼ਹਿਰ ਵਾਸੀਆਂ ਨੂੰ ਕੀਤੀ ਅਪੀਲ

ਮੋਗਾ, 13 ਫਰਵਰੀ (ਜਸ਼ਨ): ਮੋਗਾ ਦੇ ਵਿਧਾਇਕ ਡਾ: ਹਰਜੋਤ ਕਮਲ ਨੇ ਨਿਗਮ ਚੋਣਾਂ ਤੋਂ ਇਕ ਦਿਨ ਪਹਿਲਾਂ ਸ਼ਹਿਰ ਵਾਸੀਆਂ ਨੂੰ ਅਪੀਲ ਕਰਦਿਆਂ ਆਖਿਆ ਕਿ ਬੇਸ਼ੱਕ ਉਹ ਪਾਰਟੀਬਾਜ਼ੀ ਤੋਂ ਉੱਪਰ ਉੱਠ ਕੇ ਵਿਕਾਸ ਕਾਰਜ ਕਰਵਾਉਣ ਵਿਚ ਯਕੀਨ ਰੱਖਦੇ ਹਨ ਪਰ ਹੁਣ ਵੋਟ ਪਾਉਣ ਵੇਲੇ ਸ਼ਹਿਰਵਾਸੀਆਂ ਨੂੰ ਸੁਚੇਤ ਹੋਣਾ ਪਵੇਗਾ ਕਿ ਪੰਜਾਬ ਵਿਚ ਸਰਕਾਰ ਕਾਂਗਰਸ ਦੀ ਹੈ ਅਤੇ ਮੋਗਾ ਵਿਚ ਵਿਧਾਇਕ ਵੀ ਕਾਂਗਰਸ ਦਾ ਹੈ ਇਸ ਕਰਕੇ ਆਪਸੀ ਤਾਲਮੇਲ ਨਾਲ ਪਿਛਲੇ 10 ਮਹੀਨਿਆਂ ਤੋਂ ਮੋਗਾ ਵਿਕਾਸ ਦੇ ਰਾਹ ਪਿਆ ਹੈ ਅਤੇ ਸ਼ਹਿਰ ਦੇ ਵਿਕਾਸ ਨੇ ਗਤੀ ਫੜ੍ਹੀ ਹੈ । ਉਹਨਾਂ ਆਖਿਆ ਕਿ ਆਮ ਤੌਰ ’ਤੇ ਕਿਸੇ ਵੀ ਸਰਕਾਰ ਦੇ ਕਾਰਜਕਾਲ ਦੌਰਾਨ ਆਖਰਲਾ ਵਰ੍ਹਾ ਵਿਕਾਸ ਵਰ੍ਹੇ ਵਜੋਂ ਜਾਣਿਆ ਜਾਂਦਾ ਹੈ ਤੇ ਇੰਜ ਆਉਣ ਵਾਲੇ ਸਾਲ ਵਿਚ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਸਰਕਾਰ ਵੱਲੋਂ ਵੱਡੀਆਂ ਗਰਾਟਾਂ ਭੇਜੀਆਂ ਜਾਣੀਆਂ ਹਨ ਅਤੇ ਵਿਕਾਸ ਦੀਆਂ ਝੜੀਆਂ ਲੱਗਣੀਆਂ ਹਨ। ਉਹਨਾਂ ਆਖਿਆ ਕਿ ਪਹਿਲਾਂ ਹੀ ਪਾਸ ਕੀਤੇ ਪ੍ਰੌਜੈਕਟ ਅਤੇ ਨਵੇਂ ਉਲੀਕੇ ਪ੍ਰੌਜੈਕਟਾਂ ਲਈ ਇਹ ਗਰਾਂਟਾਂ ਖਰਚਣ ਵਾਸਤੇ ਨਗਰ ਨਿਗਮ ਵਿਚ ਕਾਂਗਰਸ ਦੀ ਸ਼ਮੂਲੀਅਤ ਵਾਲੀ ਕੌਂਸਲਰਾਂ ਦੀ ਟੀਮ ਦੀ ਲੋੜ ਹੈ ਇਸ ਕਰਕੇ ਹਰ ਮੋਗਾ ਵਾਸੀ ਆਪੋ ਆਪਣੇ ਵਾਰਡ ਵਿਚ ਮੇਰੇ ਉਮੀਦਵਾਰਾਂ ਨੂੰ ਜਿਤਾਵੇ ਤਾਂ ਕਿ ਹਰ ਵਾਰਡ ਦਾ ਵਿਕਾਸ ਹੋ ਸਕੇ। 
ਉਹਨਾਂ ਆਖਿਆ ਕਿ ਮੋਗਾ ਵਾਸੀ ਅਜੇ ਭੁੱਲੇ ਨਹੀਂ ਕਿ ਪਿਛਲੀ ਨਗਰ ਨਿਗਮ ਵਿਚ ਅਕਾਲੀ ਭਾਜਪਾ ਦਾ ਬਹੁਮਤ ਹੋਣ ਦੇ ਬਾਵਜੂਦ ਦੋ ਸਿਆਸੀ ਪਰਿਵਾਰਾਂ ਦੀ ਰੰਜਿਸ਼ ਦੇ ਚੱਲਦਿਆਂ ਲੰਮਾ ਲੰਮਾ ਸਮਾਂ ਨਿਗਮ ਹਾਊਸ ਦੀਆਂ ਮੀਟਿੰਗਾਂ ਨਹੀਂ ਸੀ ਹੰੁਦੀਆਂ ਅਤੇ ਮੇਅਰ ਦੀ ਦੌੜ ਦੇ ਨਾਲ ਨਾਲ ਮੇਅਰ ਵੱਲੋਂ ਆਪਣੀ ਕੁਰਸੀ ਬਚਾਉਣ ਦੇ ਚੱਕਰ ਵਿਚ ਮੋਗੇ ਦਾ ਵਿਕਾਸ ਨਹੀਂ ਹੋ ਸਕਿਆ ਅਤੇ ਲੋਕਾਂ ਦੀ ਹਾਲਤ ਤਰਸਯੋਗ ਬਣੀ ਰਹੀ । ਉਹਨਾਂ ਆਖਿਆ ਕਿ ਇਸੇ ਖਹਿਬਾਜ਼ੀ ਤੋਂ ਬਚਣ ਲਈ ਹੁਣ ਮੋਗਾ ਦੇ ਸੂਝਵਾਨ ਵੋਟਰ ਆਪੋ ਆਪਣੇ ਵਾਰਡ ਵਿਚ ਮੇਰੇ ਉਮੀਦਵਾਰਾਂ ਨੂੰ ਚੁਣ ਕੇ ਭੇਜਣ ਤਾਂ ਲੋਕਾਂ ਦੇ ਸਹਿਯੋਗ ਨਾਲ ਟੀਮ ਹਰਜੋਤ ਮੋਗੇ ਵਿਚ ਚੱਲ ਰਹੇ ਵਿਕਾਸ ਦੀ ਲੈਅ ਨੂੰ ਤੇਜ਼ ਕਰ ਸਕੇ।