ਵਿਧਾਇਕ ਡਾ: ਹਰਜੋਤ ਦੀ ਅਗਵਾਈ ‘ਚ ਲੋਕਾਂ ਵੱਲੋਂ ਚੁਣੀ ‘ਟੀਮ ਹਰਜੋਤ’ ਮੋਗੇ ਦੇ ਵਿਕਾਸ ਵਿਚ ਨਵਾਂ ਇਤਿਹਾਸ ਸਿਰਜੇਗੀ: ਜਗਰਾਜ ਸਿੰਘ ਜੱਗਾ ਰੌਲੀ

ਮੋਗਾ, 13 ਫਰਵਰੀ (ਜਸ਼ਨ): ਵਾਰਡ ਨੰਬਰ 6 ਤੋਂ ਕਾਂਗਰਸ ਦੇ ਉਮੀਦਵਾਰ ਜੁਗਰਾਜ ਸਿੰਘ ਜੱਗਾ ਰੌਲੀ ਆਪਣੇ ਵਾਰਡ ਦੇ ਲੋਕਾਂ ਦੇ ਹਰਮਨ ਪਿਆਰੇ ਆਗੂ ਹੋ ਨਿਬੜੇ ਹਨ । ਉਹਨਾਂ ਦੀ ਚੋਣ ਮੁਹਿੰਮ ਲਈ ਵਾਰਡ ਵਾਸੀਆਂ ਨੇ ਖੁਦ ਦਿਨ ਰਾਤ ਇਕ ਕਰਦਿਆਂ ਘਰ ਘਰ ਜਾ ਕੇ ਲੋਕਾਂ ਨੂੰ ਜੱਗਾ ਰੌਲੀ ਨੂੰ ਹੀ ਵੋਟ ਦੇਣ ਦੀ ਅਪੀਲ ਕੀਤੀ। ਵਿਧਾਇਕ ਡਾ: ਹਰਜੋਤ ਕਮਲ ਨੇ ਜੱਗਾ ਰੌਲੀ ਦੀ ਚੋਣ ਮੁਹਿੰਮ ਨੂੰ ਉਸ ਵੇਲੇ ਸ਼ਿਖਰਾਂ ’ਤੇ ਪਹੁੰਚਾ ਦਿੱਤਾ ਜਦੋਂ ਉਹ ਖੁਦ ਦੇਰ ਸ਼ਾਮ ਹੋਏ ਚੋਣ ਜਲਸੇ ਵਿਚ ਪਹੁੰਚ ਕੇ ਵਾਰਡ ਵਾਸੀਆਂ ਦਾ ਲੱਡੂਆਂ ਨਾਲ ਮੂੰਹ ਮਿੱਠਾ ਕਰਵਾਇਆ। ਇਸ ਮੌਕੇ ਵਾਰਡ ਵਾਸੀਆਂ ਨੇ ਜੱਗਾ ਰੌਲੀ ਨੂੰ ਲੱਡੂਆਂ ਨਾਲ ਤੋਲਿਆ ਅਤੇ ਉਹਨਾਂ ਜੁਗਰਾਜ ਸਿੰਘ ਜੱਗਾ ਰੌਲੀ ਨੂੰ ਪੂਰਨ ਹਮਾਇਤ ਕਰਨ ਦਾ ਵਾਅਦਾ ਵੀ ਕੀਤਾ। ਇਸ ਮੌਕੇ ਵਿਧਾਇਕ ਡਾ: ਹਰਜੋਤ ਕਮਲ ਨੇ ਆਖਿਆ ਕਿ ਜੱਗਾ ਰੌਲੀ ਬੇਹੱਦ ਨਿਮਰ ਸੁਭਾਅ ਦੇ ਇਨਸਾਨ ਹਨ,ਜੋ ਲੋਕਾਂ ਦੇ ਹਰ ਦੁੱਖ ਸੁੱਖ ਵਿਚ ਸ਼ਰੀਕ ਹੁੰਦੇ ਹਨ ਅਤੇ ਇਸੇ ਕਰਕੇ ਉਹ ਵਾਰਡ ਵਾਸੀ ਵੱਲੋਂ ਪ੍ਰਵਾਨੇ ਆਗੂ ਬਣ ਗਏ ਹਨ । ਉਹਨਾਂ ਕਿਹਾ ਕਿ ਉਹਨਾਂ ਨੂੰ ਮਾਣ ਹੈ ਕਿ ਜੱਗਾ ਰੌਲੀ ‘ਟੀਮ ਹਰਜੋਤ ’ ਦੇ ਮੈਂਬਰ ਹਨ ਅਤੇ ਇਹੀ ਟੀਮ ਜਦੋਂ ਨਿਗਮ ਹਾਊਸ ਵਿਚ ਪਹੁੰਚੇਗੀ ਉਦੋਂ ਮੋਗਾ ਵਿਕਾਸ ਦੀਆਂ ਬੁਲੰਦੀਆਂ ਛੂਹੇਗਾ। ਇਸ ਮੌਕੇ ਜੱਗਾ ਰੌਲੀ ਨੇ ਵਾਰਡ ਨੰਬਰ 6 ਦੇ ਵਾਸੀਆਂ ਨੂੰ ਅਪੀਲ ਕੀਤੀ ਉਹਨਾਂ ਨੇ 14 ਫਰਵਰੀ ਨੂੰ ਪੰਜੇ ਦਾ ਬਟਨ ਦਬਾਅ ਕੇ ਮੋਗੇ ਦੇ ਵਿਕਾਸ ਦੀ ਲੈਅ ਨੂੰ ਨਿਰੰਤਰ ਚਲਾਈ ਰੱਖਣ ਲਈ ਕਾਂਗਰਸ ਦੇ ਸਾਰੇ ਉਮੀਦਵਾਰਾਂ ਨੂੰ ਜਿਤਾਉਣ ।