ਵਾਰਡ ਨੰਬਰ 15 ਤੋਂ ਕਾਂਗਰਸ ਦੀ ਉਮੀਦਵਾਰ ਸ਼ਿਖਾ ਚਰਾਇਆ ਦੇ ਚੋਣ ਜਲਸੇ ਨੂੰ ਸੰਬੋਧਨ ਕਰਦਿਆਂ ਵਿਧਾਇਕ ਡਾ: ਹਰਜੋਤ ਕਮਲ ਨੇ ਆਖਿਆ ‘‘ਉਹ ਵਿਰੋਧੀਆਂ ਨੂੰ ਨਿੰਦਣ ਦੀ ਬਜਾਏ ਕੰਮ ਕਰਨ ‘ਚ ਜ਼ਿਆਦਾ ਵਿਸ਼ਵਾਸ਼ ਰੱਖਦੇ ਨੇ’’

ਮੋਗਾ, 12 ਫਰਵਰੀ (ਜਸ਼ਨ): ਵਿਧਾਇਕ ਡਾ: ਹਰਜੋਤ ਕਮਲ ਮੋਗਾ ਦੇ ਹਰ ਵਾਰਡ ਵਿਚ ਕਾਂਗਰਸ ਦੇ ਉਮੀਦਵਾਰਾਂ ਦੇ ਹੱਕ ਵਿਚ ਚੋਣ ਪ੍ਰਚਾਰ ਕਰਨ ਅਤੇ ਲੋਕਾਂ ਨੂੰ ਕਾਂਗਰਸ ਦੇ ਸਾਢੇ ਤਿੰਨ ਸਾਲ ਦੇ ਕਾਰਜਕਾਲ ਦੌਰਾਨ ਮੋਗਾ ਦੇ ਹੋਏ ਸਰਬਪੱਖੀ ਵਿਕਾਸ , ਹਰ ਵਾਰਡਾਂ ਦੀਆਂ ਗਲੀਆਂ ਮੁਹੱਲਿਆਂ ਦੀ ਬਦਲੀ ਨੁਹਾਰ ਬਾਰੇ ਦੱਸਦਿਆਂ ਆਖ ਰਹੇ ਹਨ ਕਿ ਇਹਨਾਂ ਕੰਮਾਂ ਦੀ ਰਫਤਾਰ ਨੂੰ ਹੁਣ ਨਿਰੰਤਰ ਜਾਰੀ ਰੱਖਣ ਲਈ ਮੋਗਾ ਦੇ ਹਰ ਵਾਰਡ ‘ਚ ਕਾਂਗਰਸ ਦੇ ਉਮੀਦਵਾਰਾਂ ਦਾ ਸਮਰਥਨ ਕਰਕੇ ‘ਟੀਮ ਹਰਜੋਤ ’ ਨੂੰ ਕਾਮਯਾਬ ਕਰਨ। ਅੱਜ ਵਿਧਾਇਕ ਡਾ: ਹਰਜੋਤ ਕਮਲ ਨੇ ਵਾਰਡ ਨੰਬਰ 15 ਦੀ ਉਮੀਦਵਾਰ ਸ਼ਿਖਾ ਚਰਾਇਆ  ਦੇ ਚੋਣ ਜਲਸੇ ਨੂੰ ਸੰਬੋਧਨ ਕਰਦਿਆਂ ਆਖਿਆ ਕਿ ਭਾਨੂੰ ਪ੍ਰਤਾਪ ਚਾਇਆ ਦੀ ਨੂੰਹ ਸ਼ਿਖਾ ਚਰਾਇਆ ਸੂਝਵਾਨ, ਪੜ੍ਹੀ ਲਿਖੀ ਅਤੇ ਮਿਹਨਤੀ ਉਮੀਦਵਾਰ ਹੈ  ਅਤੇ ਹੁਣ ਕੈਪਟਨ ਅਮਰਿੰਦਰ ਸਿੰਘ ਵੱਲੋਂ ਮਹਿਲਾਵਾਂ ਨੂੰ ਦਿੱਤੇ 50 ਪ੍ਰਤੀਸ਼ਤ ਕੋਟੇ ਸਦਕਾ ਇਹਨਾਂ ਹੋਣਹਾਰ ਮਹਿਲਾ ਉਮੀਦਵਾਰਾਂ ਨੂੰ ਸੇਵਾ ਦਾ ਮੌਕਾ ਮਿਲੇਗਾ ਜਿਸ ਨਾਲ ਮਹਿਲਾਵਾਂ ਵਿਚ ਸਵੈ ਭਰੋਸੇ ਦੀ ਭਾਵਨਾ ਵਿਕਸਤ ਹੋਵੇਗੀ। 
ਉਹਨਾਂ ਕਿਹਾ ਕਿ ਕਰੋਨਾ ਕਾਲ ਦੌਰਾਨ ਟੀਮ ਹਰਜੋਤ ਨੇ ਸ਼ਹਿਰ ਦੇ ਹਰ ਵਾਰਡ ਵਿਚ ਲੋੜਵੰਦ ਲੋਕਾਂ ਦੀ ਨਿੱਠ ਕੇ ਸੇਵਾ ਕੀਤੀ ਅਤੇ ਇਸ ਉਪਰੰਤ ਇਸੇ ਟੀਮ ਨੇ ਨਿਗਮ ਹਾਊਸ ਦਾ ਕਾਰਜਕਾਲ ਖਤਮ ਹੋਣ ਉਪਰੰਤ ਆਪਣੇ ਆਪਣੇ ਵਾਰਡਾਂ ‘ਚ ਹੋਣ ਵਾਲੇ ਕੰਮਾਂ ਨੂੰ ਉਹਨਾਂ ਦੇ ਧਿਆਨ ਵਿਚ ਲਿਆਂਦਾ ਜਿਸ ਸਦਕਾ ਅੱਜ ਮੋਗਾ ਦਾ ਹਰ ਵਾਰਡ ਬੁਨਿਆਦੀ ਸਹੂਲਤਾਂ ਦਾ ਹੱਕਦਾਰ ਬਣਿਆ ਹੈ। ਉਹਨਾਂ ਕਿਹਾ ਕਿ ਹਾਲੇ ਤਾਂ ਸਿਰਫ਼ ਨਿਗਮ ਹਾਊਸ ਨੂੰ ਭੰਗ ਹੋਏ 10 ਮਹੀਨੇ ਹੀ ਹੋਏ ਹਨ ਤਾਂ ਹੀ ਇਨੇ ਵੱਡੇ ਪੱਧਰ ’ਤੇ ਵਿਕਾਸ ਕਾਰਜ ਆਰੰਭੇ ਗਏ ਹਨ ਤੇ ਜੇਕਰ ਮੋਗਾ ਵਾਸੀ ‘ਟੀਮ ਹਰਜੋਤ’ ਨੂੰ ਜਿਤਾਉਂਦੇ ਹਨ ਤਾਂ ਇਹਨਾਂ ਵਿਕਾਸ ਕਾਰਜਾਂ ਦੀ ਗਤੀ ਹੋਰ ਤੇਜ਼ੀ ਨਾਲ ਅੱਗੇ ਵੱਧੇਗੀ। ਵਿਧਾਇਕ ਨੇ ਆਖਿਆ ਕਿ ਉਹ ਆਪਣੇ ਚੋਣ ਜਲਸਿਆਂ ਵਿਚ ਸ਼੍ਰੋਮਣੀ ਅਕਾਲੀ ਦਲ ਦੇ ਆਗੂਆਂ ਨੂੰ ਨਿੰਦਣ ਵਾਲਾ ਭਾਸ਼ਣ ਨਹੀਂ ਕਰਨਗੇ ਪਰ ਉਹ ਲੋਕਾਂ ਦੀ ਕਚਹਿਰੀ ਵਿਚ ਕਾਂਗਰਸ ਦੇ ਰਾਜ ਵਿਚ ਮੋਗੇ ਦੇ ਹੋਏ ਵਿਕਾਸ ਦੀ ਗੱਲ ਜ਼ਰੂਰ ਕਰਨਗੇ ਤਾਂ ਕਿ ਲੋਕਾਂ ਨੂੰ ਫੈਸਲਾ ਲੈਣਾ ਸੌਖਾ ਹੋਵੇ। ਉਹਨਾਂ ਆਖਿਰ ਵਿਚ ਲੋਕਾਂ ਨੂੰ ਅਪੀਲ ਕੀਤੀ ਕਿ ਉਹਨਾਂ ਨੇ 14 ਫਰਵਰੀ ਨੂੰ ਵਾਰਡ ਨੰਬਰ 15 ਦੀ ਉਮੀਦਵਾਰ ਸ਼ਿਖਾ ਚਰਾਇਆ ਨੂੰ ਜਿਤਾਉਣ ਲਈ ਪੰਜੇ ਦਾ ਬਟਨ ਦਬਾ ਕੇ ‘ਟੀਮ ਹਰਜੋਤ’ ਨੂੰ ਕਾਮਯਾਬ ਕਰਨਾ ਹੈ।