ਵਿਧਾਇਕ ਡਾ: ਹਰਜੋਤ ਕਮਲ ਵੱਲੋਂ ਮੋਗਾ ਸ਼ਹਿਰ ਦੇ ਕਰਵਾਏ ਵਿਕਾਸ ਅਤੇ ਲੋਕਾਂ ਨੂੰ ਦਿੱਤੀਆਂ ਬੁਨਿਆਦੀ ਸਹੂਲਤਾਂ ਦੇ ਮੱਦੇਨਜ਼ਰ 50 ਅਤੇ 50 ਵਾਰਡਾਂ ‘ਚ ਕਾਂਗਰਸ ਸ਼ਾਨਦਾਰ ਜਿੱਤ ਦਰਜ ਕਰੇਗੀ: ਰਜਿੰਦਰਪਾਲ ਸਿੰਘ ਗਿੱਲ ਸਿੰਘਾਵਾਲਾ

***ਵਿਰੋਧੀ ਲੱਖ ਵਿਕਾਸ ਦੀਆਂ ਦੁਹਾਈਆਂ ਪਾ ਲੈਣ ਪਰ ਲੋਕ ਵਿਰੋਧੀਆਂ ਦੇ 10 ਸਾਲਾਂ ਦੇ ਕਾਰਜਕਾਲ ‘ਚ ਵਿਕਾਸ ਵਿਹੂਣੇ ਮੋਗੇ ਦੀ ਦਾਸਤਾਨ ਨੂੰ ਭੁੱਲੇ ਨਹੀਂ: ਰਜਿੰਦਰਪਾਲ ਸਿੰਘ ਗਿੱਲ ਸਿੰਘਾਵਾਲਾ****
ਮੋਗਾ ,12 ਫਰਵਰੀ (ਜਸ਼ਨ):‘‘ਵਿਧਾਇਕ ਡਾ: ਹਰਜੋਤ ਕਮਲ ਵੱਲੋਂ ਮੋਗਾ ਸ਼ਹਿਰ ਦੇ ਕਰਵਾਏ ਵਿਕਾਸ ਅਤੇ ਲੋਕਾਂ ਨੂੰ ਦਿੱਤੀਆਂ ਬੁਨਿਆਦੀ ਸਹੂਲਤਾਂ ਦੇ ਮੱਦੇਨਜ਼ਰ 50 ਅਤੇ 50 ਵਾਰਡਾਂ ‘ਚ ਕਾਂਗਰਸ ਸ਼ਾਨਦਾਰ ਜਿੱਤ ਦਰਜ ਕਰੇਗੀ।’’ ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਮਾਰਕੀਟ ਕਮੇਟੀ ਦੇ ਚੇਅਰਮੈਨ ਰਜਿੰਦਰਪਾਲ ਸਿੰਘ ਗਿੱਲ ਸਿੰਘਾਵਾਲਾ ਨੇ ਮੋਗਾ ਵਿਖੇ ਮੀਡੀਆ ਨਾਲ ਗੱਲਬਾਤ ਕਰਦਿਆਂ ਕੀਤਾ। ਸ. ਰਜਿੰਦਰਪਾਲ ਗਿੱਲ ਨੇ ਆਖਿਆ ਕਿ ਮੋਗਾ ਵਾਸੀ ਵਿਕਾਸ ਕਾਰਜਾਂ ਦੀ ਨਿਰੰਤਰਤਾ ਕਾਇਮ ਰੱਖਣ ਦੇ ਚਾਹਵਾਨ ਹਨ ਅਤੇ ਉਹ ‘ਟੀਮ ਹਰਜੋਤ’ ਨੂੰ ਜਿਤਾ ਕੇ ਨਿਗਮ ਹਾਊਸ ਵਿਚ ਭੇਜਣਗੇ ਅਤੇ ਮੋਗੇ ਦੇ ਸਰਬਪੱਖੀ ਵਿਕਾਸ ਸੰਭਵ ਬਣਾਉਣਗੇ। ਉਹਨਾਂ ਕਿਹਾ ਕਿ ਵਿਧਾਇਕ ਡਾ: ਹਰਜੋਤ ਕਮਲ ਵੱਲੋਂ ਕਾਂਗਰਸ ਦੇ ਉਮੀਦਵਾਰਾਂ ਦੇ ਹੱਕ ਵਿਚ ਕੀਤੀਆਂ ਜਾ ਰਹੀਆਂ ਨੁੱਕੜ ਮੀਟਿੰਗਾਂ ਦੌਰਾਨ ਵੀ ਉਹ ਕੰਮ ਦੇ ਆਧਾਰ ’ਤੇ ਹੀ ਵੋਟਾਂ ਦੀ ਮੰਗ ਕਰ ਰਹੇ ਹਨ । ਸ. ਗਿੱਲ ਨੇ ਆਖਿਆ ਕਿ ਵਿਧਾਇਕ ਹਰ ਚੋਣ ਜਲਸੇ ਵਿਚ ਲੋਕਾਂ ਨੂੰ ਇਹੀ ਅਪੀਲ ਕਰ ਰਹੇ ਹਨ ਕਿ ਜੇਕਰ ਵੋਟਰਾਂ ਨੂੰ ਲੱਗਦਾ ਹੈ ਕਿ ਪਿਛਲੇ 10 ਮਹੀਨਿਆਂ ਵਿਚ ਵਿਕਾਸ ਕਾਰਜ ਹੋਏ ਹਨ ਤਾਂ ਉਹ ਇਹਨਾਂ ਕਾਰਜਾਂ ਦੀ ਸਪੀਡ ਮੱਠੀ ਨਾ ਹੋਣ ਦੇਣ । ਉਹਨਾਂ ਕਿਹਾ ਕਿ ਪਿਛਲੇ ਨਿਗਮ ਹਾਊਸ ਵਿਚ ਕੌਂਸਲਰਾਂ ਦੀ ਆਪਸੀ ਧੱੜੇਬੰਦੀ ਕਾਰਨ ਮੋਗਾ ਦਾ ਵਿਕਾਸ ਪੂਰਨ ਤੌਰ ’ਤੇ ਠੱਪ ਰਿਹਾ ਜਿਸ ਕਾਰਨ ਲੋਕਾਂ ਦੀ ਹਾਲਤ ਤਰਸਯੋਗ ਬਣੀ ਰਹੀ ਇਸ ਕਰਕੇ ਹੁਣ ਮੋਗਾ ਵਾਸੀ ਇਹਨਾਂ ਲੋਕ ਦੋਖ਼ੀ ਪਾਰਟੀਆਂ ਦੇ ਉਮੀਦਵਾਰਾਂ ਨੂੰ ਸਬਕ ਸਿਖਾਉਣ ਦੇ ਰੌਂਅ ਵਿਚ ਹਨ ਅਤੇ ਉਹ ਹਰ ਹਾਲ ਕਾਂਗਰਸ ਦੇ ਉਮੀਦਵਾਰਾਂ ਨੂੰ ਜਿਤਾਉਣ ਦਾ ਮਨ ਬਣਾਈ ਬੈਠੇ ਹਨ। ਰਜਿੰਦਰਪਾਲ ਗਿੱਲ ਨੇ ਆਖਿਆ ਕਿ ਵਿਧਾਇਕ ਡਾ: ਹਰਜੋਤ ਕਮਲ ਵੱਲੋਂ ‘ਸੋਹਣਾ ਮੋਗੇ ਦੇ ਸੰਕਲਪ’ ਨੂੰ ਪੂਰਾ ਕਰਨ ਪਹਿਲਾਂ 5 ਕਰੋੜ ਰੁਪਏ ਅਤੇ ਹੁਣ 25 ਕਰੋੜ ਰੁਪਏ ਦੀ ਗਰਾਂਟ ਲਿਆਦੀ ਗਈ ਜਿਸ ਸਦਕਾ ਹੁਣ ਸ਼ਹਿਰ ਦੇ ਹਰ ਕੋਨੇ ਹਰ ਵਾਰਡ ਵਿਚ ਵਿਕਾਸ ਕਾਰਜਾਂ ਦੀ ਲੜੀ ਚਲਾਈ ਜਾ ਰਹੀ ਹੈ ਤਾਂ ਕਿ ਲੋਕਾਂ ਨੂੰ ਬੁਨਿਆਦੀ ਸਹੂਲਤਾਂ ਮਿਲ ਸਕਣ। ਉਹਨਾਂ ਕਿਹਾ ਕਿ ਵਿਰੋਧੀ ਭਾਵੇਂ ਜਿਨੀਆਂ ਮਰਜ਼ੀ ਵਿਕਾਸ ਦੀਆਂ ਦੁਹਾਈਆਂ ਪਾ ਲੈਣ ਪਰ ਲੋਕਾਂ ਨੂੰ ਪਤਾ ਹੈ ਕਿ ਉਹਨਾਂ ਦੇ 10 ਸਾਲਾਂ ਦੇ ਰਾਜ ਵਿਚ ਲੋਕ ਹਨੇਰੀਆਂ ਰਾਤਾਂ ਨੂੰ ਸੜਕਾਂ ’ਤੇ ਪਏ ਟੋਇਆਂ ‘ਚ ਡਿੱਗ ਡਿੱਗ ਕੇ ਸਰਕਾਰ ਨੂੰ ਕੋਸਦੇ ਰਹੇ ਪਰ ਜਦੋਂ ਤੋਂ ਵਿਧਾਇਕ ਡਾ: ਹਰਜੋਤ ਕਮਲ ਦੇ ਹੱਥ ਮੋਗਾ ਹਲਕੇ ਦੀ ਕਮਾਨ ਆਈ ਉਸ ਉਪਰੰਤ ਮੋਗਾ ਸ਼ਹਿਰ ਦੀ ਹਰ ਗਲੀ ਪੱਕੀ ਹੋਈ ਹੈ ਅਤੇ ਸੜਕਾਂ ’ਤੇ ਪ੍ਰੀਮਿਕਸ ਪਾ ਕੇ ਮੁਹੱਲਿਆਂ ਅਤੇ ਵਾਰਡਾਂ ਦੀ ਨਕਸ਼ ਨੁਹਾਰ ਬਦਲੀ ਹੈ । ਇਸ ਮੌਕੇ ਉਹਨਾਂ ਨਾਲ ਸੀਨੀਅਰ ਕਾਂਗਰਸੀ ਆਗੂ ਜਤਿੰਦਰ ਅਰੋੜਾ ਅਤੇ ਸਰਪੰਚ ਰਾਕੇਸ਼ ਕਿੱਟਾ ਵੀ ਹਾਜ਼ਰ ਸਨ।


