ਵਾਰਡ ਨੰਬਰ 3 ਦੇ ਵਾਸੀ ਪਿਛਲੇ 5 ਸਾਲਾਂ ਦੌਰਾਨ ਦਰਪੇਸ਼ ਮੁਸ਼ਕਿਲਾਂ ਅਤੇ ਉਹਨਾਂ ਦੇ ਹੱਲ ਲਈ ਨਿਗਮ ਵੱਲੋਂ ਕੀਤੇ ਕਾਰਜਾਂ ਨੂੰ ਧਿਆਨ ‘ਚ ਰੱਖ ਕੇ ਵੋਟ ਦੇਣ: ਖੁਸ਼ਪ੍ਰੀਤ ਭੰਗੂ

ਮੋਗਾ, 11 ਫਰਵਰੀ (ਜਸ਼ਨ): ਸ਼ੋ੍ਮਣੀ ਅਕਾਲੀ ਦਲ ਵੱਲੋਂ ਵਾਰਡ ਨੰਬਰ 3 ਤੋਂ ਖੁਸ਼ਪ੍ਰੀਤ ਕੌਰ ਭੰਗੂ ਲਗਾਤਾਰ ਆਪਣੀ ਚੋਣ ਮੁਹਿੰਮ ਲਈ ਦਿਨ ਰਾਤ ਇਕ ਕਰ ਰਹੇ ਹਨ ਅਤੇ ਵਾਰਡ ਵਾਸੀਆਂ ਵੱਲੋਂ ਉਹਨਾਂ ਨੂੰ ਭਰਵਾਂ ਸਮਰਥਨ ਮਿਲ ਰਿਹੈ। ਖੁਸ਼ਪ੍ਰੀਤ ਕੌਰ ਭੰਗੂ ਸ਼ੋ੍ਰਮਣੀ ਅਕਾਲੀ ਦਲ ਦੀਆਂ ਨੀਤੀਆਂ ਨੂੰ ਘਰ ਘਰ ਪਹੁੰਚਾਉਣ ਲਈ ਰੋਜ਼ਾਨਾ ਨੁੱਕੜ ਮੀਟਿੰਗਾਂ ਕਰ ਰਹੇ ਹਨ । ਇਸ ਮੌਕੇ ‘ਸਾਡਾ ਮੋਗਾ ਡੌਟ ਕੌਮ ’ ਨਿਊਜ਼ ਪੋਰਟਲ ਨਾਲ ਗੱਲਬਾਤ ਕਰਦਿਆਂ ਖੁਸ਼ਪ੍ਰੀਤ ਭੰਗੂ ਨੇ ਆਖਿਆ ਕਿ ਕੋਈ ਵੀ ਉਮੀਦਵਾਰ ਜਦੋਂ ਚੋਣ ਮੈਦਾਨ ਵਿਚ ਨਿਤਰਦਾ ਹੈ ਤਾਂ ਉਹ ਜਿਸ ਪਾਰਟੀ ਨਾਲ ਸਬੰਧ ਰੱਖਦਾ ਹੈ ਉਸ ਦੀਆਂ ਨੀਤੀਆਂ ਨੂੰ ਲੋਕਾਂ ਤੱਕ ਲੈ ਕੇ ਜਾਂਦਾ ਹੈ ਪਰ ਇਸ ਦੇ ਨਾਲ ਹੀ ਹਰ ਉਮੀਦਵਾਰ ਦੀ ਆਪਣੀ ਨਿੱਜੀ ਸੋਚ ਵੀ ਹੁੰਦੀ ਹੈ ਜਿਸ ਦੇ ਆਧਾਰ ’ਤੇ ਉਹ ਲੋਕਾਂ ਦੇ ਕੰਮ ਕਰਵਾਉਂਦਾ ਹੈ । ਉਹਨਾਂ ਆਖਿਆ ਕਿ ਲੋਕਤੰਤਰ ਵਿਚ ਲੋਕਾਂ ਦੀ ਸੋਚ ਨੇ ਹੀ ਅੰਤਿਮ ਨਿਰਣਾ ਦੇਣਾ ਹੰੁਦਾ ਹੈ ਇਸ ਕਰਕੇ ਹੁਣ ਵਾਰਡ ਨੰਬਰ 3 ਦੇ ਵਾਸੀਆਂ ਨੇ ਵੀ ਆਪਣੀ ਆਜ਼ਾਦਾਨਾ ਸੋਚ ਦਾ ਮੁਜ਼ਾਹਰਾ ਕਰਦਿਆਂ ਪਿਛਲੇ 5 ਸਾਲਾਂ ਦੌਰਾਨ ਵਾਰਡ ਵਾਸੀਆਂ ਨੂੰ ਦਰਪੇਸ਼ ਮੁਸ਼ਕਿਲਾਂ ਅਤੇ ਉਹਨਾਂ ਦੇ ਹੱਲ ਲਈ ਨਗਰ ਨਿਗਮ ਵੱਲੋਂ ਕੀਤੇ ਕਾਰਜਾਂ ਨੂੰ ਧਿਆਨ ਵਿਚ ਰੱਖ ਕੇ ਵੋਟ ਦੇਣੀ ਹੈ। 

ਉਹਨਾਂ ਵਾਰਡ ਵਾਸੀਆਂ ਨੂੰ ਵਿਸ਼ਵਾਸ ਦਿਵਾਉਂਦਿਆਂ ਆਖਿਆ ਕਿ ਉਹ ਖੁਦ ਇਸ ਵਾਰਡ ਦੇ ਵਾਸੀ ਹਨ ਅਤੇ ਹਰ ਵਾਰਡ ਵਾਸੀ ਦੀ ਸਮੱਸਿਆ ਤੋਂ ਭਲੀ ਭਾਂਤ ਵਾਕਿਫ਼ ਹਨ ਇਸ ਕਰਕੇ ਉਹ ਖੁਦ ਸਮੱਸਿਆਵਾਂ ਤੋਂ ਪੀੜਤ ਹੋਣ ਕਰਕੇ ਹੀ ਸਿਆਸਤ ਵਿਚ ਆਏ ਹਨ ਤੇ ਉਹਨਾਂ ਨੂੰ ਆਪਣੇ ’ਤੇ ਸਵੈ ਭਰੋਸਾ ਹੈ ਕਿ ਉਹ ਖੁਦ ਅੱਗੇ ਹੋ ਕੇ ਨਿਗਮ ਹਾਊਸ ਵਿਚ ਵਾਰਡ ਵਾਸੀਆਂ ਦੀ ਹਰ ਸਮੱਸਿਆ ਨੂੰ ਉਠਾਉਣਗੇ ਅਤੇ ਹੱਲ ਕਰਵਾਉਣਗੇ। ਇਸ ਮੌਕੇ ਖੁਸ਼ਪ੍ਰੀਤ ਭੰਗੂ ਨਾਲ ਸੁਖਬੀਰ ਸਿੰਘ ਪਿੱਲਾ, ਰਾਜਪਾਲ ਸਿੰਘ ਭੰਗੂ, ਮੇਜਰ ਸਿੰਘ ਗਿੱਲ ਗੈਸ ਏਜੰਸੀ, ਗੁਰਪ੍ਰੀਤ ਸਿੰਘ ਧੱਲੇਕੇ ਸਰਕਲ ਪ੍ਰਧਾਨ, ਬਲਜੀਤ ਸਿੰਘ ਸਰਪੰਚ ਘੱਲਕਲਾਂ, ਮਾਰਕੀਟ ਕਮੇਟੀ ਮੋਗਾ ਦੇ ਸਾਬਕਾ ਮੈਂਬਰ ਜਸਪਾਲ ਸਿੰਘ ਖੋਸਾ ਪਾਂਡੋ, ਨਿਰਮਲ ਸਿੰਘ ਬੱਬੂ, ਕਰਮ ਸਿੰਘ, ਲਖਬੀਰ ਸਿੰਘ ਸੰਧੂ, ਗੁਰਵਿੰਦਰ ਸਿੰਘ ਗੁਰੀ, ਕੁਲਵਿੰਦਰ ਸਿੰਘ, ਕਰਤਾਰ ਸਿੰਘ, ਹਰਜੀਤ ਸਿੰਘ ਅਤੇ ਵੱਡੀ ਗਿਣਤੀ ਵਿਚ ਮਹਿਲਾਵਾਂ ਹਾਜ਼ਰ ਸਨ