ਸਿੰਘੂ ਬਾਰਡਰ ਦੇ ਸ਼ਹੀਦ ਦਰਸ਼ਨ ਸਿੰਘ ਰੌਲੀ ਨੂੰ ਹਜ਼ਾਰਾਂ ਸੇਜ਼ਲ ਅੱਖਾਂ ਨੇ ਦਿੱਤੀ ਅੰਤਿਮ ਵਿਦਾਇਗੀ
ਮੋਗਾ 11 ਫ਼ਰਵਰੀ (ਜਸ਼ਨ): ਸਿੰਘੂ ਬਾਡਰ ਉੱਤੇ ਸ਼ਹੀਦ ਹੋਏ ਪਿੰਡ ਰੌਲੀ ਦੇ ਕਿਸਾਨ ਦਰਸ਼ਨ ਸਿੰਘ ਦਾ ਅੱਜ ਪੂਰੇ ਸਨਮਾਨਾਂ ਨਾਲ ਕਿਸਾਨ ਜੱਥੇਬੰਦੀਆਂ, ਧਾਰਮਿਕ ਸਖਸ਼ੀਅਤਾਂ, ਨਗਰ ਅਤੇ ਇਲਾਕਾ ਨਿਵਾਸੀਆਂ ਵੱਲੋਂ ਅੰਤਿਮ ਸੰਸਕਾਰ ਕੀਤਾ ਗਿਆ। ਜਿਕਰਯੋਗ ਹੈ ਕਿ ਪਰਸੋਂ ਦਰਸ਼ਨ ਸਿੰਘ ਪੁੱਤਰ ਅਮਰ ਸਿੰਘ ਦੀ ਦਿੱਲੀ ਬਾਡਰ ਉੱਤੇ ਹਾਰਟ ਅਟੈਕ ਨਾਲ ਮੌਤ ਹੋ ਗਈ ਸੀ। ਅੱਜ ਉਹਨਾਂ ਨੂੰ ਅੰਤਿਮ ਵਿਦਾਇਗੀ ਵੇਲੇ ਭਾਰਤੀ ਕਿਸਾਨ ਯੂਨੀਅਨ ਕਾਦੀਆਂ ਦੇ ਜਿਲ੍ਹਾ ਪ੍ਰਧਾਨ ਨਿਰਮਲ ਸਿੰਘ ਮਾਣੂੰਕੇ, ਗੁਰਬਚਨ ਸਿੰਘ ਚੰਨੂਵਾਲਾ, ਬਲਾਕ ਪ੍ਰਧਾਨ ਦਰਸ਼ਨ ਸਿੰਘ ਰੌਲੀ, ਨੌਜਵਾਨ ਆਗੂ ਸੁਖਜਿੰਦਰ ਮਹੇਸਰੀ, ਗੁਰਮੀਤ ਸਿੰਘ ਸੰਧੂਆਣਾ, ਬਾਬਾ ਹਰਿੰਦਰ ਸਿੰਘ, ਬਾਬਾ ਤੇਗਾ ਸਿੰਘ ਅਤੇ ਜਗਰਾਜ ਸਿੰਘ ਸਰਪੰਚ ਨੇ ਮ੍ਰਿਤਕ ਦੇਹ ਉੱਪਰ ਫੁੱਲ ਮਾਲਾਵਾਂ ਭੇਂਟ ਕੀਤੀਆਂ। ਇਸ ਮੌਕੇ ਹਾਜ਼ਰ ਲੋਕਾਂ ਨੇ "ਦਰਸ਼ਨ ਸਿੰਘ ਤੇਰੀ ਸੋਚ 'ਤੇ, ਪਹਿਰਾ ਦਿਆਂਗੇ ਠੋਕ ਕੇ", "ਸ਼ਹੀਦ ਦਰਸ਼ਨ ਸਿੰਘ ਅਮਰ ਹੈ" ਦੇ ਨਾਅਰੇ ਲਗਾ ਕੇ ਉਹਨਾਂ ਨੂੰ ਸਿਜਦਾ ਕੀਤਾ। ਹਾਜਰ ਕਿਸਾਨ ਆਗੂਆਂ ਨੇ ਕਿਹਾ ਕਿ ਸ਼ਹੀਦ ਦਰਸ਼ਨ ਸਿੰਘ ਦੀ ਕੁਰਬਾਨੀ ਇਸ ਮਿੱਟੀ ਅਤੇ ਅਨਾਜ਼ ਦੀ ਰੱਖਿਆ ਕਰਦਿਆਂ ਹੋਈ ਹੈ। ਉਹਨਾਂ ਦੀ ਸ਼ਹਾਦਤ ਨੇ ਪੰਜਾਬ ਦੇ ਲੋਕਾਂ ਦੇ ਕੁਰਬਾਨੀ ਕਰਨ ਦੇ ਰੁਤਬੇ ਨੂੰ ਹੋਰ ਉੱਚਾ ਕੀਤਾ ਹੈ ਅਤੇ ਪੰਜਾਬੀਆਂ ਦੇ ਬਹਾਦਰੀ ਭਰੇ ਇਤਿਹਾਸ ਦੇ ਪੰਨਿਆਂ ਵਿੱਚ ਵਾਧਾ ਕੀਤਾ ਹੈ। ਆਗੂਆਂ ਨੇ ਮੰਗ ਕੀਤੀ ਕਿ ਸ਼ਹੀਦ ਦੇ ਪਰਵਾਰ ਨੂੰ ਤੁਰੰਤ ਮੁਆਵਜ਼ਾ ਦਿੱਤਾ ਜਾਵੇ, ਉਹਨਾਂ ਇਹ ਵੀ ਕਿਹਾ ਕਿ ਸਰਕਾਰ ਨੇ ਅਜੇ ਤੱਕ ਕਈ ਪਰਵਾਰਾਂ ਦੇ ਵਿਛੜੇ ਜੀਆਂ ਦੀ ਸਾਰ ਨਹੀਂ ਲਈ। ਇਸ ਮੌਕੇ ਈਸ਼ਰ ਸਿੰਘ, ਕੁਲਦੀਪ ਸਿੰਘ ਪ੍ਰਧਾਨ, ਬਲਜਿੰਦਰ ਸਿੰਘ, ਬਲਜੀਤ ਸਿੰਘ, ਸੁਖਦੇਵ ਸਿੰਘ ਦਾਤਾ, ਹਰਬੰਸ ਸਿੰਘ, ਜਸਵਿੰਦਰ ਸਿੰਘ ਚੁਗਾਵਾਂ, ਜਗਰਾਜ ਸਿੰਘ ਨੰਬਰਦਾਰ, ਜੋਗਿੰਦਰ ਸਿੰਘ ਸਾਬਕਾ ਸਰਪੰਚ, ਮਨਜੀਤ ਸਿੰਘ, ਦਵਿੰਦਰ ਸਿੰਘ, ਗੁਰਵਿੰਦਰ ਸਿੰਘ ਕੋਕੀ, ਜੀਤਾ ਸਿੰਘ, ਕਰਨਪ੍ਰੀਤ, ਪਿਰਤਪਾਲ ਮੈਂਬਰ, ਗੁਰਮੇਲ ਰੌਲੀ, ਗੁਰਮੇਲ ਸਿੰਘ ਮੈਂਬਰ, ਹਰਤੇਜ ਸਿੰਘ ਮੀਤ ਪ੍ਰਧਾਨ, ਮਲਕੀਤ ਸਿੰਘ ਮੈਂਬਰ, ਬਲਦੇਵ ਸਿੰਘ ਆਦਿ ਹਾਜ਼ਰ ਸਨ।