ਮੋਗਾ 'ਚ ਨਿਗਮ ਚੋਣਾਂ ਤੋਂ ਪਹਿਲਾਂ ਹੋਈ ਹਿੰਸਕ ਝੜਪ 'ਚ ਸਾਬਕਾ ਸਰਪੰਚ ਸਮੇਤ 2 ਦੀ ਮੌਤ,ਨਰਿੰਦਰਪਾਲ ਸਿੰਘ ਸਿੱਧੂ ਸਮੇਤ ਤਿੰਨ ਵਿਅਕਤੀ ਗ੍ਰਿਫਤਾਰ

ਮੋਗਾ, 10 ਫਰਵਰੀ (ਜਸ਼ਨ): ਮੋਗਾ ਦੇ ਵਾਰਡ ਨੰਬਰ 9 ‘ਚ ਬੀਤੀ ਸ਼ਾਮ ਕਾਂਗਰਸ ਅਤੇ ਅਕਾਲੀ ਸਮਰਥਕਾਂ ਦਰਮਿਆਨ ਹੋਈ ਹਿੰਸਾਂ ‘ਚ ਦੋ ਵਿਅਕਤੀਆਂ ਦੀ ਮੌਤ ਹੋ ਗਈ ਜਦਕਿ ਇਕ ਵਿਅਕਤੀ ਜ਼ਖਮੀਂ ਹੋ ਗਿਆ । ਮਿਰਤਕਾਂ ਦੇ ਪਰਿਵਾਰਿਕ ਮੈਂਬਰਾਂ ਨੇ ਦੋਸ਼ ਲਾਇਆ ਹੈ ਕਿ ਵਾਰਡ ਦੀ ਮਹਿਲਾ ਕਾਂਗਰਸ ਉਮੀਦਵਾਰ ਦੇ ਪਤੀ ਅਤੇ ਕਾਂਗਰਸੀ ਆਗੂ ਨਰਿੰਦਰਪਾਲ ਸਿੰਘ ਸਿੱਧੂ , ਉਸ ਦੇ ਬੇਟੇ ਅਤੇ ਸਮਰਥਕਾਂ ਵਲੋਂ ਆਪਣੀਆਂ ਗੱਡੀਆਂ ਲਾਪਰਵਾਹੀ ਨਾਲ ਚਲਾਉਣ ਅਤੇ ਅਕਾਲੀ ਸਮਰਥਕਾਂ ਨੂੰ ਲਪੇਟ ਵਿਚ ਲੈਣ ਕਾਰਨ ਦੋ ਵਿਅਕਤੀਆਂ ਦੀ ਮੌਤ ਹੋਈ ਹੈ ।ਇਸ ਘਟਨਾ ਵਿਚ ਜਖਮੀਆਂ ਨੂੰ ਗੰਭੀਰ ਹਾਲਤ ਵਿਚ ਸਿਵਲ ਹਸਪਤਾਲ ਮੋਗਾ ਲਿਆਂਦਾ ਗਿਆ ਸੀ ਜਿੱਥੋਂ ਉਨ੍ਹਾਂ ਨੂੰ ਲੁਧਿਆਣਾ ਲਈ ਰੈਫਰ ਕਰ ਦਿੱਤਾ ਗਿਆ ਸੀ ਪਰ ਦੇਰ ਰਾਤ ਡੀ ਐੱਮ ਸੀ ਲੁਧਿਆਣਾ ਵਿਖੇ ਭੋਲੇ ਤਾਰੇ ਵਾਲਾ ਦੀ ਮੌਤ ਹੋ ਗਈ । ਜ਼ਿਕਰਯੋਗ ਹੈ ਕਿ ਭੋਲਾ ਤਾਰੇਵਾਲਾ ਪਿੰਡ ਤਾਰੇਵਾਲਾ ਦਾ ਸਾਬਕਾ ਸਰਪੰਚ ਸੀ। ਜਾਣਕਾਰੀ ਮੁਤਾਬਕ ਮੋਗਾ ਸ਼ਹਿਰ ਦੇ ਸ਼ਹੀਦ ਭਗਤ ਸਿੰਘ ਨਗਰ ਵਾਰਡ ਨੰਬਰ 9 ਵਿਖੇ ਕਾਂਗਰਸ ਦੇ ਉਮੀਦਵਾਰ ਬੀਬੀ ਪਰਮਜੀਤ ਕੌਰ ਸਿੱਧੂ ਪਤਨੀ ਸਾਬਕਾ ਕੌਂਸਲਰ ਨਰਿੰਦਰਪਾਲ ਸਿੰਘ ਸਿੱਧੂ ਚੋਣ ਲੜ ਰਹੇ ਹਨ, ਜਦਕਿ ਦੂਜੇ ਪਾਸੇ ਸ਼੍ਰੋਮਣੀ ਅਕਾਲੀ ਦਲ (ਬਾਦਲ) ਦੇ ਕੁਲਵਿੰਦਰ ਕੌਰ ਪਤਨੀ ਗੁਰਤੇਜ ਸਿੰਘ ਚੋਣ ਲੜ ਰਹੇ ਹਨ। ਬੀਤੀ ਦੇਰ ਰਾਤ ਕੁਲਵਿੰਦਰ ਕੌਰ ਦੇ ਸਮਰਥਕਾਂ ਅਤੇ ਕਾਂਗਰਸੀ ਉਮੀਦਵਾਰ ਪਰਮਜੀਤ ਕੌਰ ਸਿੱਧੂ ਦੇ ਪਤੀ ਨਰਿੰਦਰਪਾਲ ਸਿੰਘ ਸਿੱਧੂ ਦੇ ਸਮਰਥਕਾਂ ਦਾ ਆਪਸ 'ਚ ਤਕਰਾਰ ਹੋ ਗਿਆ। ਇਹ ਤਕਰਾਰ ਉਸ ਸਮੇਂ ਹਿੰਸਕ ਹੋ ਗਿਆ, ਜਦੋਂ ਦੋਹਾਂ ਪਾਰਟੀਆਂ ਦੇ ਸਮਰਥਕ ਉੱਥੇ ਇਕੱਠੇ ਹੋਣੇ ਸ਼ੁਰੂ ਹੋ ਗਏ। ਇਸੇ ਦੌਰਾਨ ਕੁਝ ਵਿਅਕਤੀਆਂ ਵਲੋਂ ਗੱਡੀਆਂ ਦੀ ਭੰਨ-ਤੋੜ ਕਰਨ ਉਪਰੰਤ ਕਾਂਗਰਸੀ ਆਗੂ ਨਰਿੰਦਰਪਾਲ ਸਿੰਘ ਸਿੱਧੂ ਅਤੇ ਉਹਨਾਂ ਦੇ ਸਮਰਥਕਾਂ ਨੇ ਆਪਣੀਆਂ ਗੱਡੀਆਂ ਭਜਾ ਲਈਆਂ ਪਰ ਇਹਨਾਂ ਗੱਡੀਆਂ ਦੀ ਲਪੇਟ ਵਿਚ ਕੁਝ ਵਿਅਕਤੀ ਆ ਗਏ । ਇਸ ਦੌਰਾਨ ਸਾਬਕਾ ਸਰਪੰਚ ਜਗਦੀਪ ਸਿੰਘ ਭੋਲਾ ਤਾਰੇ ਵਾਲਾ ਅਤੇ ਹਰਮੰਦਰ ਸਿੰਘ ਗਿੱਲ ਵਾਸੀ ਸ਼ਹੀਦ ਭਗਤ ਸਿੰਘ ਨਗਰ ਦੀ ਮੌਤ ਹੋ ਗਈ। ਪੁਲਿਸ ਵਲੋਂ 9 ਦੋਸ਼ੀਆਂ ਵਿਰੁੱਧ ਧਾਰਾ 302, 323, 188, 120 'ਬੀ' ਅਧੀਨ ਮੁਕੱਦਮਾ ਦਰਜ ਕੀਤਾ ਗਿਆ ਹੈ। ਐੱਸ ਐੱਸ ਪੀ ਦੇ ਦੱਸਣ ਮੁਤਾਬਕ ਨਰਿੰਦਰਪਾਲ ਸਿੰਘ ਸਿੱਧੂ ਸਮੇਤ ਤਿੰਨ ਵਿਅਕਤੀ ਗ੍ਰਿਫਤਾਰ ਕਰ ਲਏ ਗਏ ਨੇ ।


