ਪਰਮਪਾਲ ਤਖਤੂਪੁਰਾ ਵੱਲੋਂ ਵਾਰਡ ਨੰਬਰ 18 ਤੋਂ ਚੋਣ ਨਾ ਲੜਨ ਦਾ ਐਲਾਨ

***** ਪਰਮਪਾਲ ਨੇ ਚੋਣ ਨਾ ਲੜਨ ਦਾ ਐਲਾਨ ਕਰਕੇ, ਕਾਂਗਰਸ ਦੇ ਵਫਾਦਾਰ ਸਿਪਾਹੀ ਹੋਣ ਦਾ ਸਬੂਤ ਦਿੱਤਾ: ਵਿਧਾਇਕ ਡਾ: ਹਰਜੋਤ ਕਮਲ ******
ਮੋਗਾ,8 ਫਰਵਰੀ (ਜਸ਼ਨ) ਕਾਰਪੋਰੇਸ਼ਨ ਦੀਆਂ ਚੋਣਾਂ ਦੌਰਾਨ ਅੱਜ ਨਵਾਂ ਮੋੜ ਸਾਹਮਣੇ ਆਇਆ ਜਦੋਂ ਰਿਟਰਨਿੰਗ ਅਫਸਰ ਵੱਲੋਂ ਵਾਰਡ ਨੰਬਰ 18 ਤੋਂ ਆਜਾਦ ਉਮੀਦਵਾਰ ਐਲਾਨੇ ਪਰਮਪਾਲ ਸਿੰਘ ਤਖਤੂਪੁਰਾ, ਨੇ ਚੋਣ ਨਾ ਲੜਨ ਦਾ ਐਲਾਨ ਕੀਤਾ। ਵਿਧਾਇਕ ਡਾ: ਹਰਜੋਤ ਕਮਲ ਅਤੇ ਸੀਨੀਅਰ ਕਾਂਗਰਸੀ ਆਗੂ ਹਰੀ ਸਿੰਘ ਖਾਈ ਦੀ ਹਾਜ਼ਰੀ ਵਿਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਪਰਮਪਾਲ ਸਿੰਘ ਤਖਤੂਪੁਰਾ ਨੇ ਆਖਿਆ ਕਿ ਬੇਸ਼ੱਕ ਤਕਨੀਕੀ ਕਾਰਨਾਂ ਕਰਕੇ ਉਹਨਾਂ ਦਾ ਨਾਮ ਆਜ਼ਾਦ ਉਮੀਦਵਾਰ ਵਜੋਂ ਐਲਾਨਿਆ ਗਿਆ ਪਰ ਉਹਨਾਂ ਦਾ ਪਰਿਵਾਰ ਕਾਂਗਰਸ ਨੂੰ ਪ੍ਰਣਾਇਆ ਹੋਇਆ ਹੈ ਇਸ ਕਰਕੇ ਕਾਰਪੋਰੇਸ਼ਨ ਚੋਣਾਂ ਦੌਰਾਨ ਆਜ਼ਾਦ ਉਮੀਦਵਾਰ ਵਜੋਂ ਚੋਣ ਲੜਨ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ ।
ਇਸ ਮੌਕੇ ਵਿਧਾਇਕ ਡਾ: ਹਰਜੋਤ ਕਮਲ ਨੇ ਸਮੁੱਚੇ ਦਿ੍ਰਸ਼ ਨੂੰ ਸਪੱਸ਼ਟ ਕਰਦਿਆਂ ਆਖਿਆ ਕਿ ਬੇਸ਼ੱਕ ਵਾਰਡ ਨੰਬਰ 18 ਤੋਂ ਸਾਬਕਾ ਕੌਂਸਲਰ ਪਵਿੱਤਰ ਸਿੰਘ ਢਿੱਲੋਂ ਵੱਲੋਂ ਆਪਣੇ ਕਾਗਜ਼ ਵਾਪਸ ਲੈ ਲਏ ਜਾਣ ਉਪਰੰਤ ਕਵਰਿੰਗ ਉਮੀਦਵਾਰ ਪਰਮਪਾਲ ਸਿੰਘ ਤਖਤੂਪੂਰਾ ਨੇ ਵਾਰਡ ਨੰਬਰ 18 ਤੋਂ ਕਾਂਗਰਸ ਦੇ ਉਮੀਦਵਾਰ ਵਜੋਂ ਨਗਰ ਨਿਗਮ ਚੋਣਾਂ ਲੜਨ ’ਤੇ ਸਹਿਮਤੀ ਪ੍ਰਗਟ ਕੀਤੀ ਸੀ ਪਰ ਪਾਰਟੀ ਹਾਈ ਕਮਾਂਡ ਸਾਹਮਣੇ ਜਦੋਂ ਇਹ ਸਿਲਸਿਲਾ ਪੁੱਜਾ ਤਾਂ ਹਾਈਕਮਾਂਡ ਖਾਸਕਰ ਪੰਜਾਬ ਕਾਂਗਰਸ ਦੇ ਪ੍ਰਧਾਨ ਸੁਨੀਲ ਕੁਮਾਰ ਜਾਖੜ ਦੇ ਵਿਚਾਰ ਮੁਤਾਬਕ ਕਾਂਗਰਸ ਪਾਰਟੀ ਹਰ ਜੁਝਾਰੂ ਵਰਕਰ ਨੂੰ ਬਣਦਾ ਮਾਣ ਸਤਿਕਾਰ ਦਿੰਦੀ ਹੈ ਪਰ ਪਰਮਪਾਲ ਸਿੰਘ ਤਖਤੂਪੂਰਾ ਖੁਦ ਮਾਰਕੀਟ ਕਮੇਟੀ ਨਿਹਾਲ ਸਿੰਘ ਵਾਲਾ ਦੇ ਚੇਅਰਮੈਨ ਹਨ ਅਤੇ ਉਹਨਾਂ ਦੇ ਪਿਤਾ ਜਗਰੂਪ ਸਿੰਘ ਤਖਤੂਪੂਰਾ ਜ਼ਿਲ੍ਹਾ ਪ੍ਰੀਸ਼ਦ ਮੈਂਬਰ ਹਨ ਅਤੇ ਇਸ ਤਰਾਂ ਤਖਤੂਪੁਰਾ ਪਰਿਵਾਰ ਪਹਿਲਾਂ ਹੀ ਵਕਾਰੀ ਅਹੁਦਿਆਂ ’ਤੇ ਬਿਰਾਜਮਾਨ ਹੈ ਅਤੇ ਹਾਲ ਦੀ ਘੜੀ ਪਰਮਪਾਲ ਤਖਤੂਪੁਰਾ ਦਾ ਮੋਗਾ ਕਾਰਪੋਰੇਸ਼ਨ ਵਿਚ ਚੋਣ ਲੜਨਾ ਉਚਿੱਤ ਨਹੀਂ ਹੋਵੇਗਾ । ਵਿਧਾਇਕ ਨੇ 'ਸਾਡਾ ਮੋਗਾ ਡੌਟ ਕੌਮ’ ਨਿਊਜ਼ ਪੋਰਟਲ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਕਾਰਪੋਰੇਸ਼ਨ ਚੋਣ ਲੜਨ ਲਈ ਪਾਰਟੀ ਰਵਾਇਤਾਂ ਮੁਤਾਬਕ ਪਰਮਪਾਲ ਨੂੰ ਨਿਹਾਲ ਸਿੰਘ ਵਾਲਾ ਮਾਰਕੀਟ ਕਮੇਟੀ ਦੇ ਚੇਅਰਮੈਨ ਵਜੋਂ ਅਸਤੀਫ਼ਾ ਦੇਣਾ ਪੈਣਾ ਸੀ ਜੋ ਕਿ ਸਮਾਂ ਥੋੜਾ ਹੋਣ ਕਰਕੇ ਸੰਭਵ ਨਹੀਂ ਸੀ ਅਤੇ ਸਮੇਂ ਦੀ ਹੀ ਘਾਟ ਕਾਰਨ ਪਰਮਪਾਲ ਤਖਤੂਪੁਰਾ ਦਾ ਨਾਮ ਚੋਣ ਪਰਿਕਿਰਿਆ ਵਿਚੋਂ ਵਾਪਸ ਨਹੀਂ ਲਿਆ ਜਾ ਸਕਿਆ, ਪਰ ਅੱਜ ਪਰਮਪਾਲ ਵੱਲੋਂ ਵਾਰਡ ਨੰਬਰ 18 ਤੋਂ ਚੋਣ ਨਾ ਲੜਨ ਦਾ ਐਲਾਨ ਕਰਕੇ ਉਹਨਾਂ ਕਾਂਗਰਸ ਦੇ ਵਫਾਦਾਰ ਸਿਪਾਹੀ ਹੋਣ ਦਾ ਸਬੂਤ ਦਿੱਤਾ ਹੈ। ਇਸ ਮੌਕੇ ਚੇਅਰਮੈਨ ਰਜਿੰਦਰਪਾਲ ਸਿੰਘ ਗਿੱਲ ਸਿੰਘਾਵਾਲਾ, ਸਰਪੰਚ ਰਾਕੇਸ਼ ਕਿੱਟਾ, ਚੇਅਰਮੈਨ ਦੀਸ਼ਾ ਬਰਾੜ ਅਤੇ ਅਹਿਮ ਆਗੂ ਹਾਜ਼ਰ ਸਨ। ****ਨਵੀਆਂ ਅਤੇ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਆਪਣੇ ਐਂਡਰਾਇਡ ਫੋਨ ’ਤੇ ਪਲੇਅ ਸਟੋਰ ਤੋਂ ਨਵਾਂ ਐਪ ‘SADA MOGA’ ਇੰਸਟਾਲ ਕਰੋ ਜੀ


