ਕਿਸਾਨ ਜਥੇਬੰਦੀਆਂ ਦੇ ਸੰਯੁਕਤ ਮੋਰਚੇ ਵੱਲੋਂ ਛੇ ਫ਼ਰਵਰੀ ਨੂੰ ਤਿੰਨ ਘੰਟੇ ਦੇ ਚੱਕਾ ਜਾਮ ਦੇ ਸੱਦੇ ਨੂੰ ਸਫਲ ਬਣਾਉਣ ਲਈ ਮੋਗੇ ਦੀਆਂ ਕਿਸਾਨ ਜਥੇਬੰਦੀਆਂ ਦੀ ਸਾਂਝੀ ਮੀਟਿੰਗ ਹੋਈ

ਮੋਗਾ 3 ਫ਼ਰਵਰੀ (ਜਸ਼ਨ): ਕਿਸਾਨ ਜਥੇਬੰਦੀਆਂ ਦੇ ਸੰਯੁਕਤ ਮੋਰਚੇ ਵੱਲੋਂ ਛੇ ਫ਼ਰਵਰੀ ਨੂੰ ਤਿੰਨ ਘੰਟੇ ਦੇ ਚੱਕਾ ਜਾਮ ਦੇ ਸੱਦੇ ਨੂੰ ਸਫਲ ਬਣਾਉਣ ਲਈ ਅੱਜ ਮੋਗੇ ਦੀਆਂ ਕਿਸਾਨ ਜਥੇਬੰਦੀਆਂ ਦੀ ਸਾਂਝੀ ਮੀਟਿੰਗ ਹੋਈ। ਮੀਟਿੰਗ ਵਿੱਚ ਪ੍ਰਗਟ ਸਿੰਘ ਸਾਫੂਵਾਲਾ, ਜਗਜੀਤ ਸਿੰਘ ਧੂੜਕੋਟ, ਉਦੈ ਬੱਡੂਵਾਲ, ਮੰਦਰਜੀਤ ਸਿੰਘ, ਹਰਦਿਆਲ ਸਿੰਘ ਘਾਲੀ ਅਤੇ ਸਾਰਜ ਸਿੰਘ ਪੰਡੋਰੀ ਨੇ ਕਿਹਾ ਕਿ ਛੇ ਫ਼ਰਵਰੀ ਨੂੰ ਕੋਟ ਈਸੇ ਖਾ, ਧਰਮਕੋਟ, ਬੱਧਨੀ, ਅਜੀਤਵਾਲ, ਮੋਗਾ, ਬਾਘਾਪੁਰਾਣਾ ਅਤੇ ਨਿਹਾਲ ਸਿੰਘ ਵਾਲਾ ਵਿਖੇ ਬਾਰਾਂ ਤੋਂ ਤਿੰਨ ਵਜੇ ਤੱਕ ਚੱਕਾ ਜਾਮ ਕੀਤਾ ਜਾਵੇਗਾ। ਇਸ ਦੌਰਾਨ ਖੇਤੀ ਅੰਦੋਲਨ ਦੇ ਸਭ ਸਮਰਥਕ ਆਪੋ ਆਪਣੇ ਨੇੜਲੇ ਚੱਕਾ ਜਾਮ ਵਿੱਚ ਵੱਧ ਤੋਂ ਵੱਧ ਪਹੁੰਚਣ। ਚੱਕਾ ਜਾਮ ਦੌਰਾਨ ਖਿਆਲ ਰੱਖਿਆ ਜਾਵੇ ਕਿ ਮਰੀਜਾਂ ਨੂੰ ਕੋਈ ਮੁਸ਼ਕਲ ਨਾ ਆਵੇ। ਕਿਸਾਨ ਆਗੂਆਂ ਨੇ 'ਸਾਡਾ ਮੋਗਾ ਡੌਟ ਕੌਮ’ ਨਿਊਜ਼ ਪੋਰਟਲ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਚਾਰ ਫ਼ਰਵਰੀ ਨੂੰ ਜਿਲ੍ਹੇ ਦੇ ਸਭ ਲੋਕ ਦਿੱਲੀ ਵੱਲ ਜਾਂਦੇ ਰਾਹਾਂ ਉੱਤੇ ਰਾਤ ਸਮੇਂ ਦੀਵੇ - ਮੋਮਬੱਤੀਆਂ ਬਾਲਣ। ਦਿੱਲੀ ਵੱਲ ਜਾਂਦੇ ਰਾਹਾਂ ਉੱਤੇ ਕੀਤੀ ਜਾਣ ਵਾਲੀ ਇਹ ਰੌਸ਼ਨੀ ਮੰਗ ਕਰੇਗੀ ਕਿ ਪੂਰੇ ਦੇਸ਼ ਵਿੱਚ ਸਭ ਫਸਲਾਂ ਦੀ ਸਰਕਾਰੀ ਖਰੀਦ ਘੱਟੋ ਘੱਟ ਸਮਰਥਨ ਮੁੱਲ ਅਨੁਸਾਰ ਕਰਨ ਦਾ ਕਾਨੂੰਨ ਬਣਾਇਆ ਜਾਵੇ। ਖੇਤੀ ਮਾਰੂ ਕਾਲੇ ਕਨੂੰਨ ਰੱਦ ਕੀਤੇ ਜਾਣ। ਗ੍ਰਿਫਤਾਰ ਕੀਤੇ ਗਏ ਨੌਜਵਾਨ ਰਿਹਾਅ ਕੀਤੇ ਜਾਣ ਅਤੇ ਅੰਦੋਲਣ ਦੌਰਾਨ ਸ਼ਹੀਦ ਹੋਏ ਮਰਦ ਔਰਤਾਂ ਦੇ ਪਰਵਾਰਾਂ ਨੂੰ ਪੰਜਾਬ ਸਰਕਾਰ ਤੁਰੰਤ ਮੁਆਵਜ਼ਾ ਦੇਵੇ। ਕਿਸਾਨ ਆਗੂਆਂ ਨੇ ਮੋਗੇ ਦੇ ਸਭ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਦਿੱਲੀ ਵੱਲ ਜਾਂਦੇ ਰਸਤਿਆਂ ਉੱਤੇ ਰੌਸ਼ਨੀਆਂ ਕਰਕੇ ਆਪਣੀ ਆਵਾਜ਼ ਬੁਲੰਦ ਕਰਨ, ਉਹਨਾਂ ਇਹ ਵੀ ਕਿਹਾ ਕਿ ਅੰਦੋਲਨ ਦੌਰਾਨ ਸ਼ਹੀਦ ਹੋਏ ਲੋਕਾਂ ਨੂੰ ਇਹ ਚਾਨਣ ਕਰਕੇ ਸ਼ਰਧਾਂਜਲੀ ਹੈ। ਮੀਟਿੰਗ ਵਿੱਚ ਹੋਰਨਾਂ ਤੋਂ ਇਲਾਵਾ। ਮਨਦੀਪ ਨੱਥੂਵਾਲਾ, ਸੁਰਜੀਤ ਸਿੰਘ ਹਰੀਏਵਾਲਾ, ਜਸਵੀਰ ਸਿੰਘ ਮੰਦਰ, ਨਿਰਮਲ ਸਿੰਘ ਮਨਾਵਾਂ, ਕਸ਼ਮੀਰ ਸਿੰਘ ਸ਼ੇਰਪੁਰ, ਨਿਰਮਲ ਸਿੰਘ ਗਾਜੀਆਣਾ, ਰਜਿੰਦਰ ਸਿੰਘ ਰੰਡਿਅਲਾ ਆਦਿ ਹਾਜਰ ਸਨ।****ਨਵੀਆਂ ਅਤੇ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਆਪਣੇ ਐਂਡਰਾਇਡ ਫੋਨ ’ਤੇ ਪਲੇਅ ਸਟੋਰ ਤੋਂ ਨਵਾਂ ਐਪ ‘SADA MOGA’ ਇੰਸਟਾਲ ਕਰੋ ਜੀ


