ਨੇਕ ਅਤੇ ਸਾਫ਼ ਨੀਅਤ ਲੈ ਕੇ ਸਿਆਸਤ ਦੀ ਪਿੜ ਵਿਚ ਨਿਤਰੇ ਨੇ ਵਾਰਡ ਨੰਬਰ 42 ਤੋਂ ਸ਼ੋ੍ਰਮਣੀ ਅਕਾਲੀ ਦਲ ਦੇ ਉਮੀਦਵਾਰ ਗੌਰਵ ਗੁੱਡੂ

ਮੋਗਾ, 3 ਫਰਵਰੀ (ਜਸ਼ਨ):ਸਿਆਸਤ ਤੋਂ ਹਮੇਸ਼ਾ ਕਿਨਾਰਾ ਕਰੀ ਰੱਖਣ ਅਤੇ ਆਪਣੇ ਕਾਰੋਬਾਰ ’ਚ ਦਿਨ ਰਾਤ ਰੁਝੇ ਰਹਿਣ ਵਾਲੇ ਗੌਰਵ ਗੁਪਤਾ ਗੁੱਡੂ ਇਕ ਦਿਨ ਸਿਆਸਤ ਦੇ ਪਿੜ ਵਿਚ ਆ ਜਾਣਗੇ ਇਸ ਦਾ ਅੰਦਾਜ਼ਾ ਸ਼ਾਇਦ ਗੁੱਡੂ ਨੂੰ ਖੁਦ ਵੀ ਨਹੀਂ ਸੀ ਪਰ ‘ਮਿਸ਼ਨ ਕਲੀਨ ਗਰੀਨ ਐਂਡ ਸੇਫ਼ ਸੋਸਾਇਟੀ’ ਦੇ ਬੈਨਰ ਹੇਠ ਉਹਨਾਂ ਵੱਲੋਂ ਨਿਊ ਗੀਤਾ ਕਾਲੋਨੀ ਨਜ਼ਦੀਕ ਬਣੇ ਬੱਗੇਆਣਾ ਸਟੇਡੀਅਮ ਦੀ ਸਫ਼ਾਈ ਕਰਵਾਉਣ ਅਤੇ ਉਸ ਨੂੰ ਲੋਕਾਂ ਦੇ ਸੈਰ ਕਰਨ ਲਈ ਵਧੀਆ ਮਾਹੌਲ ਦੇਣ ਤੋਂ ਉਤਸ਼ਾਹਿਤ ਹੋ ਕੇ ਇਸ ਨੌਜਵਾਨ ਦੇ ਮਨ ਵਿਚ ਇਕ ਸੁਪਨਾ ਜਾਗਿਆ ਕਿ ਉਹ ਆਪਣੀ ਸੰਸਥਾ ਦੇ ਮੈਂਬਰਾਂ ਨਾਲ ਮਿਲ ਕੇ ਜਿੱਥੇ ਜਿੱਥੇੇ ਵੀ ਸ਼ਹਿਰ ਵਿਚ ਗੰਦਗੀ ਹੈ ਉੱਥੇ ਇਸ ਤਰਾਂ ਦੇ ਸਫ਼ਾਈ ਅਭਿਆਨ ਆਰੰਭੇ ਜਾਣ ਤਾਂ ਕਿ ਆਪਣੇ ਇਲਾਕੇ ਨੂੰ ਖੂਬਸੂਰਤ ਬਣਾਇਆ ਜਾ ਸਕੇ। ਇਸ ਨੇਕ ਕਾਰਜ ਲਈ ਗੌਰਵ ਗੁੱਡੂ ਨੇ ਫਰਵਰੀ 2019 ਤੋਂ ਯਤਨ ਸ਼ੁਰੂ ਕੀਤੇ ਪਰ ਉਸ ਨੇ ਆਪਣੀਆਂ ਗਤੀਵਿਧੀਆਂ ਨੂੰ ਕਦੇ ਵੀ ਮੀਡੀਆ ਜਾਂ ਸੋਸ਼ਲ ਮੀਡੀਆ ’ਤੇ ਨਸ਼ਰ ਕਰਨ ਦੀ ਬਜਾਏ ਇਕ ਮਿਸ਼ਨ ਵਜੋਂ ਸੇਵਾਵਾਂ ਜਾਰੀ ਰੱਖੀਆਂ । ਗੌਰਵ ਗੁੱਡੂ ਦਾ ਆਖਣਾ ਹੈ ਕਿ ਉਸ ਦਾ ਕਾਰੋਬਾਰ ਹੀ ਉਸ ਦਾ ਸ਼ੌਕ ਹੈ ਪਰ ਸਿਆਸਤ ‘ਚ ਉਹ ਸਿਰਫ਼ ਤੇ ਸਿਰਫ਼ ਨਿਰੋਲ ਸੇਵਾ ਭਾਵਨਾ ਦੇ ਮਿਸ਼ਨ ਨੂੰ ਲੈ ਕੇ ਆਏ ਹਨ ਤਾਂ ਕਿ ਨਿਗਮ ਹਾਊਸ ‘ਚ ਨੁਮਾਇੰਦਗੀ ਮਿਲਣ ਉਪਰੰਤ ਉਹ ਆਪਣੇ ਇਲਾਕੇ ਦਾ ਜ਼ਿਆਦਾ ਵਿਕਾਸ ਕਰਵਾਉਣ ਦੇ ਸਮਰੱਥ ਹੋ ਸਕਣ। ਵਾਰਡ ਨੰਬਰ 42 ਤੋਂ ਸ਼ੋ੍ਰਮਣੀ ਅਕਾਲੀ ਦਲ ਦੇ ਉਮੀਦਵਾਰ ਗੌਰਵ ਗੁੱਡੂ ਲਗਾਤਾਰ ਆਪਣੇ ਵਾਰਡ ‘ਚ ਲੋਕਾਂ ਨੂੰ ਮਿਲ ਰਹੇ ਹਨ ਅਤੇ ਉਹ ਮਹਿਸੂਸ ਕਰਦੇ ਹਨ ਕਿ ਪਰਮਾਤਮਾ ਅਤੇ ਲੋਕ ਉਹਨਾਂ ਦਾ ਸਾਥ ਜ਼ਰੂਰ ਦੇਣਗੇ ਜਿਸ ਉਪਰੰਤ ਉਹ ਆਪਣੇ ਵਾਰਡ ਹੀ ਨਹੀਂ ਸਗੋਂ ਸਮੁੱਚੇ ਸ਼ਹਿਰ ਦੇ ਵਿਕਾਸ ਲਈ ਜੀਅ ਜਾਨ ਨਾਲ ਕੰਮ ਕਰ ਸਕਣਗੇ। ਜ਼ਿਕਰਯੋਗ ਹੈ ਕਿ ਗੌਰਵ ਗੁੱਡੂ ਸਿਰਫ਼ ਸਮਾਜਸੇਵਾ ਦੇ ਕੰਮਾਂ ਵਿਚ ਹੀ ਵੱਧ ਚੜ੍ਹ ਕੇ ਹਿੱਸਾ ਨਹੀਂ ਲੈਂਦੇ ਬਲਕਿ ਵਾਤਾਵਰਨ ਨਾਲ ਵੀ ਉਹਨਾਂ ਦਾ ਗੂੜ੍ਹਾ ਪਿਆਰ ਹੈ । ਉਹਨਾਂ ਆਪਣੀ ਟੀਮ ਨਾਲ ਕਸ਼ਮੀਰੀ ਪਾਰਕ ਵਿਚ ਹੋਰ ਪੌਦੇ ਲਗਾਉਣ ਲਈ ਮੁਹਿੰਮ ਆਰੰਭੀ ਹੋਈ ਹੈ ਜਿਸ ਤਹਿਤ ਉਹਨਾਂ ਘਰ ਘਰ ਘੁੰਮ ਕੇ ਵੇਸਟ ਮਟੀਰੀਅਲ ਖਾਸਕਰ ਖਾਲੀ ਟੀਨ ਦੇ ਡੱਬੇ ਅਤੇ ਨਾਰੀਅਲ ਆਦਿ ਇਕੱਤਰ ਕੀਤੇ ਜਿਹਨਾਂ ਵਿਚ ਪੌਦੇ ਲਗਾ ਕੇ ਸ਼ਹਿਰ ਨੂੰ ਸੋਹਣਾ ਬਣਾਉਣ ਦਾ ਮਿਸ਼ਨ ਆਰੰਭਿਆ ਜਾ ਚੁੱਕਾ ਹੈ।