ਵਿਸ਼ਵ ਬੈਂਕ ਦੀ ਸਹਾਇਤਾ ਨਾਲ ਬਣਾਏ ‘ਕੇਂਦਰੀ ਵਾਟਰ ਟਰੀਟਮੈਂਟ ਪਲਾਂਟ’ ਦੇ ਸ਼ੁਰੂ ਹੋਣ ਨਾਲ ਜਿਲ੍ਹਾ ਮੋਗਾ ਦੇ 85 ਪਿੰਡਾਂ ਨੂੰ ਮਿਲੀ ਜ਼ਹਿਰੀਲੇ ਪਾਣੀ ਤੋਂ ਨਿਜ਼ਾਤ

****ਲੋਕ ਭਿਆਨਕ ਬਿਮਾਰੀਆਂ ਤੋਂ ਬਚਣਗੇ, ਪਾਣੀ ਦੀ ਕਿੱਲਤ ਦੂਰ ਹੋਵੇਗੀ ਅਤੇ ਪ੍ਰੋਜੈਕਟ  ਸ਼ੁਰੂ ਹੋਣ ਨਾਲ ਨੌਜਵਾਨਾਂ ਨੂੰ ਰੋਜ਼ਗਾਰ ਦੇ ਮੌਕੇ ਮਿਲਣਗੇ*****

ਦੌਧਰ (ਮੋਗਾ), 2 ਫਰਵਰੀ ((ਜਸ਼ਨ): - ਜ਼ਿਲ੍ਹਾ ਮੋਗਾ ਦੇ 85 ਪਿੰਡਾਂ ਦੇ ਲੋਕਾਂ ਨੂੰ ਸ਼ੁੱਧ ਪੀਣ ਵਾਲਾ ਪਾਣੀ ਮੁਹੱਈਆ ਕਰਾਉਣ ਲਈ ਵਿਸ਼ਵ ਬੈਂਕ ਦੀ ਸਹਾਇਤਾ ਨਾਲ ਲਗਾਇਆ ਗਿਆ ਪੰਜਾਬ ਦਾ ਪਹਿਲਾ ‘ਕੇਂਦਰੀ ਵਾਟਰ ਟਰੀਟਮੈਂਟ ਪਲਾਂਟ’ ਲੋਕਾਂ ਨੂੰ ਸਮਰਪਿਤ ਕਰ ਦਿੱਤਾ ਗਿਆ ਹੈ। ਇਸ ਪ੍ਰੋਜੈਕਟ ਦੇ ਸ਼ੁਰੂ ਹੋਣ ਨਾਲ ਜਿੱਥੇ ਇਹਨਾਂ ਪਿੰਡਾਂ ਦੇ ਲੋਕਾਂ ਨੂੰ ਜ਼ਹਿਰੀਲੇ ਪਾਣੀ ਤੋਂ ਨਿਜ਼ਾਤ ਮਿਲੇਗੀ ਉਥੇ ਹੀ ਲੋਕ ਭਿਆਨਕ ਬਿਮਾਰੀਆਂ ਤੋਂ ਵੀ ਬਚਣਗੇ। ਇਸ ਪ੍ਰੋਜੈਕਟ ਦੇ ਸ਼ੁਰੂ ਹੋਣ ਨਾਲ ਸਥਾਨਕ ਲੋਕ ਬਹੁਤ ਹੀ ਖੁਸ਼ੀ ਮਹਿਸੂਸ ਕਰ ਰਹੇ ਹਨ ਅਤੇ ਪੰਜਾਬ ਸਰਕਾਰ ਦਾ ਧੰਨਵਾਦ ਕਰ ਰਹੇ ਹਨ। ਇਸ ਸਬੰਧੀ ਪਿੰਡ ਦੌਧਰ ਦੇ ਗੁਰਮੇਲ ਸਿੰਘ ਅਤੇ ਪਿੰਡ ਲੋਪੋਂ ਦੇ ਅਮਨ ਮੈਣੀ ਨੇ ਦੱਸਿਆ ਕਿ ਇਸ ਇਲਾਕੇ ਦਾ ਪਾਣੀ ਬਹੁਤ ਹੀ ਜ਼ਹਿਰੀਲਾ ਹੋ ਗਿਆ ਸੀ। ਜ਼ਮੀਨਦੋਜ਼ ਪਾਣੀ ਵਿੱਚ ਬਹੁਤ ਜ਼ਿਆਦਾ ਮਿਕਦਾਰ ਵਿੱਚ ਯੂਰੇਨੀਅਮ ਸੀ। ਜਿਸ ਨਾਲ ਪਾਣੀ ਪੀਣ ਯੋਗ ਨਹੀਂ ਰਿਹਾ ਸੀ। ਪਾਣੀ ਦੀ ਕਿੱਲਤ ਹੋਣ ਕਾਰਨ ਲੋਕਾਂ ਨੂੰ ਕਈ ਤਰ੍ਹਾਂ ਦੀਆਂ ਬਿਮਾਰੀਆਂ ਲੱਗਣ ਲੱਗੀਆਂ ਸਨ। ਇਸ ਪ੍ਰੋਜੈਕਟ ਦੇ ਸ਼ੁਰੂ ਹੋਣ ਨਾਲ ਹੁਣ ਜਿੱਥੇ ਇਹਨਾਂ ਨਾਮੁਰਾਦ ਬਿਮਾਰੀਆਂ ਤੋਂ ਮੁਕਤੀ ਮਿਲੇਗੀ ਉਥੇ ਹੀ ਹੁਣ ਪਾਣੀ ਦੀ ਕਿੱਲਤ ਵੀ ਦੂਰ ਹੋ ਗਈ ਹੈ। ਪਿੰਡ ਬਧਨੀ ਖੁਰਦ ਦੀ ਪਰਮਜੀਤ ਕੌਰ ਅਤੇ ਪਿੰਡ ਰਣੀਆ ਦੀ ਕਰਮਜੀਤ ਕੌਰ ਨੇ ਕਿਹਾ ਕਿ ਹੁਣ ਉਹਨਾਂ ਦੇ ਘਰਾਂ ਵਿੱਚ ਲੋੜੀਂਦੀ ਮਾਤਰਾ ਵਿਚ ਪਾਣੀ ਦੀ ਸਪਲਾਈ ਮਿਲ ਰਹੀ ਹੈ। ਜਿਸ ਨਾਲ ਉਹ ਬਹੁਤ ਖੁਸ਼ ਮਹਿਸੂਸ ਕਰ ਰਹੇ ਹਨ। ਪਿੰਡ ਬਧਨੀ ਕਲਾਂ ਦੀ ਲੜਕੀ ਕੋਮਲ ਪ੍ਰੀਤ ਕੌਰ ਦਾ ਕਹਿਣਾ ਸੀ ਕਿ ਇਸ ਪ੍ਰੋਜੈਕਟ ਨਾਲ ਇਲਾਕੇ ਦੇ ਨੌਜਵਾਨਾਂ ਨੂੰ ਰੋਜ਼ਗਾਰ ਦੇ ਮੌਕੇ ਵੀ ਮਿਲਣਗੇ। ਸ਼ੁੱਧ ਪਾਣੀ ਨੂੰ ਲੋਕਾਂ ਦੇ ਘਰਾਂ ਤੱਕ ਪਹੁੰਚਾਉਣ ਲਈ ਉਕਤ ਪਿੰਡਾਂ ਵਿੱਚ 161 ਪਾਣੀ ਵਾਲੀਆਂ ਟੈਂਕੀਆਂ ਬਣਾਈਆਂ ਗਈਆਂ ਹਨ। ਇਸ ਸਾਰੇ ਇਲਾਕੇ ਨੂੰ ਕਵਰ ਕਰਨ ਲਈ 332 ਕਿਲੋਮੀਟਰ ਲੰਮੀਆਂ ਪਾਈਪਾਂ ਪਾਈਆਂ ਗਈਆਂ ਹਨ। ਇਸ ਸਾਰੇ ਕੰਮ ਨੂੰ ਚਲਾਉਣ ਵੱਡੀ ਗਿਣਤੀ ਵਿਚ ਕਾਮਿਆਂ ਦੀ ਲੋੜ੍ਹ ਹੈ। ਦੱਸਣਯੋਗ ਹੈ ਕਿ ਜ਼ਿਲਾ ਮੋਗਾ ਦੇ 85 ਪਿੰਡਾਂ ਨੂੰ ਪੀਣਯੋਗ ਸਾਫ ਪਾਣੀ ਮੁਹੱਈਆ ਕਰਵਾਉਣ ਲਈ ਵਿਸ਼ਵ ਬੈਂਕ ਦੀ ਸਹਾਇਤਾ ਨਾਲ ਪੰਜਾਬ ਸਰਕਾਰ ਵੱਲੋਂ 218 ਕਰੋੜ ਰੁਪਏ ਦੀ ਲਾਗਤ ਨਾਲ ਇਹ ਪਲਾਂਟ ਪਿੰਡ ਦੌਧਰ ਵਿਖੇ ਲਗਾਇਆ ਗਿਆ ਹੈ, ਜਿਸ ਦੀ ਸਮਰੱਥਾ ਰੋਜ਼ਾਨਾ 50 ਕਰੋੜ ਲੀਟਰ (50 ਐਮ.ਐਲ.ਡੀ.) ਪਾਣੀ ਸਾਫ਼ ਕਰਨ ਦੀ ਹੈ। ਇਸ ਪੋ੍ਰਜੈਕਟ ਤਹਿਤ ਅਬੋਹਰ ਕੈਨਾਲ ਬਰਾਂਚ ਵਿੱਚੋਂ ਪ੍ਰਤੀ ਸੈਕਿੰਡ 21.52 ਕਿਊਸਿਕ ਪਾਣੀ ਲੈ ਕੇ ਟਰੀਟ ਕੀਤਾ ਜਾਵੇਗਾ, ਜਿਸਨੂੰ ਅੱਗੇ ਜ਼ਮੀਨਦੋਜ਼ ਪਾਈਪਾਂ ਰਾਹੀਂ 85 ਪਿੰਡਾਂ ਦੇ ਲੋਕਾਂ ਤੱਕ ਪਹੁੰਚਾਇਆ ਜਾ ਰਿਹਾ ਹੈ।ਇਸ ਪ੍ਰੋਜੈਕਟ ਨਾਲ 4.50 ਲੱਖ ਤੋਂ ਵਧੇਰੇ ਲੋਕਾਂ ਨੂੰ 24 ਘੰਟੇ ਸ਼ੁੱਧ ਪੀਣ ਵਾਲਾ ਪਾਣੀ ਘਰਾਂ ਤੱਕ ਮੁਹੱਈਆ ਹੋਣ ਲੱਗਾ ਹੈ। ਇਹਨਾਂ 85 ਪਿੰਡਾਂ ਵਿੱਚ ਬਲਾਕ ਮੋਗਾ-1 ਦਾ 1 ਪਿੰਡ, ਬਾਘਾਪੁਰਾਣਾ ਦੇ 47 ਪਿੰਡ ਅਤੇ ਨਿਹਾਲ ਸਿੰਘ ਵਾਲਾ ਦੇ 37 ਪਿੰਡ ਸ਼ਾਮਿਲ ਹਨ। ਇਸ ਪ੍ਰੋਜੈਕਟ ਨੂੰ ਵਿਸ਼ਵ ਦੀ ਪ੍ਰਸਿੱਧ ਨਿਰਮਾਣ ਕੰਪਨੀ ਲਾਰਸਨ ਐਂਡ ਟੁਬਰੋ (ਐੱਲ ਐਂਡ ਟੀ) ਵੱਲੋਂ ਤਿਆਰ ਕੀਤਾ ਗਿਆ ਹੈ। ਇਹ ਕੰਪਨੀ ਅਗਲੇ 10 ਸਾਲ ਇਸ ਪ੍ਰੋਜੈਕਟ ਨੂੰ ਚਲਾਉਣ ਅਤੇ ਰੱਖ ਰਖਾਵ ਦੀ ਜਿੰਮੇਵਾਰ ਬਣਾਈ ਗਈ ਹੈ।