ਨਗਰ ਨਿਗਮ ਚੋਣਾਂ ਦੇ ਨਤੀਜੇ ਹੈਰਾਨੀਜਨਕ ਹੋਣਗੇ: ਗੌਰਵ ਗੁਪਤਾ ਗੁੱਡੂ

ਮੋਗਾ, 28 ਜਨਵਰੀ (ਜਸ਼ਨ): ਵਾਰਡ ਨੰਬਰ 42 ਤੋਂ ਸ਼ੋ੍ਰਮਣੀ ਅਕਾਲੀ ਦਲ ਦੇ ਉਮੀਦਵਾਰ ਗੌਰਵ ਗੁੱਡੂ ਨੇ ਗਣਤੰਤਰ ਦਿਵਸ ਦੀਆਂ ਵਧਾਈਆਂ ਦਿੰਦਿਆਂ ਆਖਿਆ ਕਿ ਮਹਾਨ ਆਜ਼ਾਦੀ ਘੁਲਾਟੀਆਂ ਦੀਆਂ ਦਿੱਤੀਆਂ ਕੁਰਬਾਨੀਆਂ ਦੀ ਬਦੌਲਤ ਅੱਜ ਅਸੀਂ ਆਜ਼ਾਦ ਫ਼ਿਜ਼ਾ ‘ਚ ਸਾਹ ਲੈ ਰਹੇ ਹਾਂ । ਜ਼ਿਕਰਯੋਗ ਹੈ ਕਿ ਗੌਰਵ ਗੁੱਡੂ ਮੋਗਾ ਦੇ ਮੰਨੇ ਪ੍ਰਮੰਨੇ ਕਾਰੋਬਾਰੀ ਹਨ ਅਤੇ ਉਹ ਆਪਣੇ ਇਲਾਕੇ ਦੇ ਵਿਕਾਸ ਦੇ ਮੰਤਵ ਲਈ ਨਿਗਮ ਚੋਣਾ ‘ਚ ਸ਼ੋ੍ਰਮਣੀ ਅਕਾਲੀ ਦਲ ਦੇ ਉਮੀਦਵਾਰ ਵਜੋਂ ਆਪਣੀ ਕਿਸਮਤ ਅਜਮਾ ਰਹੇ ਹਨ ਅਤੇ ਪਿਛਲੇ ਇਕ ਹਫ਼ਤੇ ਤੋਂ ਉਹ ਆਪਣੀਆਂ ਚੋਣ ਸਰਗਰਮੀਆਂ ਤੇਜ਼ ਕਰਦਿਆਂ ਵਾਰਡ ਨੰਬਰ 42 ‘ਚ ਘਰ ਘਰ ਜਾ ਕੇ ਲੋਕਾਂ ਨਾਲ ਸੰਪਰਕ ਕਰ ਰਹੇ ਹਨ । ਗਣਤੰਤਰ ਦਿਵਸ ’ਤੇ ਉਹਨਾਂ ਆਪਣੇ ਸਮਰਥਕਾਂ ਨਾਲ ਹੱਥਾਂ ਵਿਚ ਤਿਰੰਗੇ ਝੰਡੇ ਫੜ੍ਹ ਕੇ ਆਮ ਲੋਕਾਂ ਨੂੰ ਸਨੇਹਾ ਦਿੱਤਾ ਕਿ ਉਹ ਦੁਨੀਆਂ ਦੇ ਸਭ ਦੇਸ਼ਾਂ ਤੋਂ ਮਜਬੂਤ ਲੋਕਤੰਤਰਿਕ ਦੇਸ਼ ਭਾਰਤ ਵਿਚ ਰਹਿ ਰਹੇ ਹਨ ਅਤੇ ਦੇਸ਼ ਦੇ ਸੰਵਿਧਾਨ ਨੇ ਉਹਨਾਂ ਨੂੰ ਵੋਟ ਦਾ ਸਭ ਤੋਂ ਵੱਡਾ ਹੱਕ ਦਿੱਤਾ ਹੈ ਅਤੇ ਉਹ ਆਪਣੀ ਸੂਝਬੂਝ ਨਾਲ ਵੋਟ ਦੇ ਹੱਕ ਦਾ ਇਸਤੇਮਾਲ ਕਰਦਿਆਂ ਅਜਿਹੇ ਦੂਅੰਦੇਸ਼ੀ ਆਗੂਆਂ ਦੀ ਚੋਣ ਕਰਨ ਜੋ ਸੱਚਮੁੱਚ ਸ਼ਹੀਦਾਂ ਦੇ ਸੁਪਨਿਆਂ ਦੇ ਭਾਰਤ ਦਾ ਇਸਤੇਮਾਲ ਕਰਨ। ਉਹਨਾਂ ਆਖਿਆ ਕਿ ਨਗਰ ਨਿਗਮ ਦੀਆਂ ਚੋਣਾ ਹੋਣ ਜਾਂ ਫਿਰ ਪਿੰਡਾਂ ‘ਚ ਪੰਚਾਇਤੀ ਚੋਣਾ, ਵਿਧਾਨ ਸਭਾ ਦੀਆਂ ਚੋਣਾ ਹੋਣ ਜਾ ਫਿਰ ਪਾਰਲੀਆਮੈਂਟ ਦੀਆਂ ਚੋਣਾ, ਦੇਸ਼ ਦੇ ਹਰ ਵੋਟਰ ਦੇ ਸਿਰ ’ਤੇ ਵੱਡੀ ਜ਼ਿੰਮੇਵਾਰੀ ਹੈ ਕਿ ਉਹ ਅਜਿਹੇ ਆਗੂ ਨੂੰ ਆਪਣੀ ਵੋਟ ਦੇਣ ਜੋ ਦੇਸ਼ ਅਤੇ ਦੇਸ਼ ਦੇ ਲੋਕਾਂ ਨੂੰ ਪੂਰੀ ਤਰਾਂ ਸਮਰਪਿਤ ਹੋਵੇ। ਗੌਰਵ ਗੁੱਡੂ ਨੇ ਆਖਿਆ ਕਿ ਉਹਨਾਂ ਨੂੰ ਪੂਰਾ ਯਕੀਨ ਹੈ ਕਿ ਇਸ ਵਾਰ ਨਗਰ ਨਿਗਮ ਮੋਗਾ ਦੇ ਚੋਣ ਨਤੀਜੇ ਹੈਰਾਨੀਜਨਕ ਹੋਣਗੇ ਕਿਉਂਕਿ ਮੋਗਾ ਸ਼ਹਿਰ ਦੇ ਲੋਕ ਵੀ ਆਪਣੇ ਹੱਕਾਂ ਅਤੇ ਫਰਜ਼ਾਂ ਪ੍ਰਤੀ ਪੂਰੀ ਤਰਾਂ ਜਾਗਰੂਕ ਹੋ ਚੁੱਕੇ ਹਨ ਅਤੇ ਉਹ ਸਿਆਸਤ ਨੂੰ ਵਪਾਰ ਸਮਝਣ ਵਾਲੇ ਲੋਕਾਂ ਨੂੰ ਪੂਰੀ ਤਰਾਂ ਨਕਾਰਦਿਆਂ ਲੋਕਾਂ ਪ੍ਰਤੀ ਸਮਰਪਿਤ ਆਗੂਆਂ ਹੱਥ ਨਗਰ ਨਿਗਮ ਦੀ ਵਾਗਡੋਰ ਸੌਂਪਣਗੇ।