ਸਿਵਲ ਹਸਪਤਾਲ ਮੋਗਾ ‘ਚ ਸਫ਼ਾਈ ਦੀ ਹਾਲਤ ਤਰਸਯੋਗ, ਲੇਡੀ ਡਾਕਟਰ ਦੀ ਕੁਰੱਖਤ ਬੋਲਬਾਣੀ ਤੋਂ ਸਮਾਜ ਸੇਵੀ ਅਤੇ ਮੀਡੀਆ ਕਰਮੀ ਖਫ਼ਾ

ਮੋਗਾ,16 ਜਨਵਰੀ (ਜਸ਼ਨ): ਵਿਸ਼ਵ ਭਰ ਵਿਚ ਫੈਲੀ ਕਰੋਨਾ ਮਹਾਂਮਾਰੀ ਦੇ ਚੱਲਦਿਆਂ ਜਿੱਥੇ ਸ਼ੁਰੂਆਤੀ ਮਹੀਨਿਆਂ ਵਿਚ ਸਰਕਾਰੀ ਅਤੇ ਨਿੱਜੀ ਤੌਰ ’ਤੇ ਸੈਨੇਟਾਈਜੇਸ਼ਨ ਹੋਈ ਉੱਥੇ ਦਫਤਰਾਂ ਅਤੇ ਘਰਾਂ ਵਿਚ ਵੀ ਸਾਫ਼ ਸਫਾਈ ਨੂੰ ਪਹਿਲਾਂ ਨਾਲੋਂ ਜ਼ਿਆਦਾ ਮਹੱਤਵ ਦਿੱਤਾ ਜਾਣ ਲੱਗਾ ਪਰ ਇਸ ਤੋਂ ਉਲਟ ਸਫ਼ਾਈ ਪੱਖੋਂ ਸਰਕਾਰੀ ਹਸਪਤਾਲਾਂ ਦੀ ਹਾਲਤ ਬੇਹੱਦ ਤਰਸਯੋਗ ਬਣੀ ਹੋਈ ਹੈ । ਹੋਰ ਤਾਂ ਹੋਰ ਸ਼੍ਰੀ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਅਤੇ ਹਸਪਤਾਲ ਫਰੀਦਕੋਟ ‘ਚ ਵੀ ਸਫ਼ਾਈ ਦਾ ਪੱਧਰ ਬਹੁਤ ਨਿੱਘਰ ਚੁੱਕਿਆ ਹੈ । ਇਸੇ ਤਰਾਂ ਮੋਗਾ ਦਾ ਸਰਕਾਰੀ ਹਸਪਤਾਲ ਜੋ ਆਏ ਦਿਨ ਮਾੜੇ ਪ੍ਰਬੰਧਾਂ ਕਰਕੇ ਕਿਸੇ ਨਾ ਕਿਸੇ ਵਿਵਾਦ ਵਿਚ ਘਿਰਿਆ ਰਹਿੰਦਾ ਹੈ ਉੱਥੇ ਵੀ ਸਫ਼ਾਈ ਦਾ ਹਾਲ ਬਹੁਤ ਮਾੜਾ ਹੈ । ਜ਼ਿਕਰਯੋਗ ਹੈ ਕਿ ਹਸਪਤਾਲ ਦੇ ਕੈਂਪਸ ਵਿਚ ਹੀ ਇਕ ਔਰਤ ਨੂੰ ਪਾਰਕਿੰਗ ਪਲੇਸ ’ਤੇ ਹੀ ਆਪਣੀ ਬੱਚੀ ਨੂੰ ਜਨਮ ਦੇਣਾ ਪਿਆ ਅਤੇ ਜੱਚਾ ਬੱਚਾ ਵਾਰਡ ਵਿਚ ਕਈ ਲੇਡੀ ਡਾਕਟਰਜ਼ ਵੱਲੋਂ ਮਹਿਲਾ ਮਰੀਜ਼ਾਂ ਨਾਲ ਕੁਰੱਖਤ ਬੋਲਬਾਣੀ ਬਾਰੇ ਤਾਂ ਅਕਸਰ ਹੀ ਮਰੀਜ਼ ਅਤੇ ਉਹਨਾਂ ਦੇ ਪਰਿਵਾਰ ਸ਼ਿਕਾਇਤ ਕਰਦੇ ਨੇ। ਬੀਤੇ ਕੱਲ ਹੀ ਇੱਥੋਂ ਦੀ ਇਕ ਡਾਕਟਰ ਨੇ ਕਰੋਨਾ ਵੈਕਸੀਨੇਸ਼ਨ ਦੇ ਪਹਿਲੇ ਦਿਨ ਦੀ ਆਰੰਭਤਾ ਮੌਕੇ ਸਿਵਲ ਸਰਜਨ ਦੇ ਸੱਦੇ ’ਤੇ ਹਸਪਤਾਲ ਪਹੰੁਚੇ ਸਮਾਜ ਸੇਵੀਆਂ ਅਤੇ ਮੀਡੀਆ ਕਰਮੀਆਂ ਨੂੰ ਵੈਕਸੀਨੇਸ਼ਨ ਸੈਂਟਰ ਵਿਚੋਂ ਬੇਇੱਜ਼ਤ ਕਰਕੇ ਬਾਹਰ ਕੱਢ ਦਿੱਤਾ ਸੀ । ਲੇਡੀ ਡਾਕਟਰ ਦਾ ਆਖਣਾ ਸੀ ਕਿ ਇਹ ਸਮਾਜ ਸੇਵੀ ਅਤੇ ਪੱਤਰਕਾਰ ਸੋਸ਼ਲ ਡਿਸਟੈਂਸਿੰਗ ਦਾ ਖਿਆਲ ਨਹੀਂ ਰੱਖ ਰਹੇ ਤੇ ਇੰਜ ਕਰੋਨਾ ਸੰਕਰਮਣ ਦਾ ਖਤਰਾ ਹੈ ਪਰ ਅਜਿਹੇ ਡਾਕਟਰਾਂ ਨੂੰ ਸ਼ਾਇਦ ਹਸਪਤਾਲ ਵਿਚ ਪਏ ਕੂੜੇ ਤੋਂ ਫੈਲਣ ਵਾਲੀਆਂ ਬੀਮਾਰੀਆਂ ਦਾ ਇਲਮ ਨਹੀਂ ਹੈ । ਜਿਸ ਜਗਹ ’ਤੇ ਸਮਾਜ ਸੇਵੀ ਖੜ੍ਹੇ ਹੋ ਕੇ ਇਸ ਡਾਕਟਰ ਪ੍ਰਤੀ ਗੁੱਸੇ ਦਾ ਇਜ਼ਹਾਰ ਕਰ ਰਹੇ ਸਨ ਉਸ ਤੋਂ ਕੁਝ ਕਦਮ ਦੂਰ ਹਸਪਤਾਲ ਅੰਦਰ ਲੱਗਿਆ ਕੂੜੇ ਦਾ ਢੇਰ ਸਵੱਛ ਭਾਰਤ ਮਿਸ਼ਨ ਨੂੰ ਮੂੰਹ ਚਿੜਾ ਰਿਹਾ ਸੀ ਅਤੇ ਹਸਪਤਾਲ ਤੋਂ ਤੰਦਰੁਸਤੀ ਦੀ ਆਸ ਲੈ ਕੇ ਆਉਣ ਵਾਲੇ ਮਰੀਜ਼ਾਂ ਨੂੰ ਕਰੋਨਾ ਅਤੇ ਹੋਰ ਖਤਰਨਾਕ ਬੀਮਾਰੀਆਂ ਦੇ ਘੇਰੇ ਵਿਚ ਲੈਣ ਲਈ ਖਦਸ਼ੇ ਖੜ੍ਹੇ ਕਰ ਰਿਹਾ ਸੀ । ਹੋਰ ਤਾਂ ਹੋਰ ਇਹ ਕੂੜੇ ਦਾ ਢੇਰ ਹਸਪਤਾਲ ਵਿਚ ਮੌਰਚਰੀ ਦੇ ਬਿਲਕੁੱਲ ਨਾਲ ਹੈ ਅਤੇ ਇਸ ਦੇ ਨਜ਼ਦੀਕ ਹੀ ਬਲੱਡ ਬੈਂਕ ਵੀ ਹੈ। ਵੈਸੇ ਤਾਂ ਬਲੱਡ ਬੈਂਕ ਦੇ ਅੰਦਰ ਵੀ ਸਫ਼ਾਈ ਦਾ ਕੋਈ ਬਹੁਤਾ ਵਧੀਆ ਪ੍ਰਬੰਧ ਨਹੀਂ ਹੈ ਅਤੇ ਖੂਨਦਾਨ ਕਰਨ ਵਾਲੇ ਸਮਾਜ ਸੇਵੀਆਂ ਦੇ ਧੋਤੀ ਚਾਦਰ ਵਿਛਾਉਣ ਦੀ ਮੰਗ ਦੇ ਬਾਵਜੂਦ ਕਰਮਚਾਰੀ ਘੇਸਲ ਵੱਟ ਜਾਂਦੇ ਹਨ ਪਰ ਬਲੱਡ ਬੈਂਕ ਦੇ ਨੇੜੇ ਕੂੜੇ ਦਾ ਇਹ ਢੇਰ ਕਿਸੇ ਜ਼ਿਮੇਵਾਰ ਅਧਿਕਾਰੀ ਦੀ ਸਵੱਲੀ ਨਜ਼ਰ ਹੇਠ ਨਾ ਆਉਣਾ ਚਿੰਤਾਜਨਕ ਹੈ। 
ਹਸਪਤਾਲ ਦੇ ਪ੍ਰਬੰਧਕ ਸਰਕਾਰ ਵੱਲੋਂ ਸਮੇਂ ਸਮੇਂ ’ਤੇ ਆਈਆਂ ਹਦਾਇਤਾਂ ’ਤੇ ਲੋਕਾਂ ਨੂੰ ਬੀਮਾਰੀਆਂ ਖਿਲਾਫ਼ ਸੁਚੇਤ ਕਰਨ ਲਈ ਰੈਲੀਆਂ ਵੀ ਕੱਢਦੇ ਨੇ ਪਰ ਮਲਾਹ ਦਾ ਹੁੱਕਾ ਸੁੱਕਾ ਦੇ ਅਖਾਣ ਮੁਤਾਬਕ ਇਹ ਅਫਸਰ ਹਸਪਤਾਲ ਦੇ ਆਪਣੇ ਹੀ ਕੈਂਪਸ ਵਿਚ ਆਪਣੇ ਡਾਕਟਰਾਂ ਅਤੇ ਕਰਮਚਾਰੀਆਂ ਨੂੰ ਸ਼ਾਇਦ ਜਾਗਰੂਕ ਕਰਨ ਤੋਂ ਅਸਮਰਥ ਨੇ। ਇਸ ਤੋਂ ਪਹਿਲਾਂ ਵੀ ਜੱਚਾ ਬੱਚਾ ਵਾਰਡ ਅਤੇ ਹਸਪਤਾਲ ਦੇ ਹੋਰਨਾਂ ਹਿੱਸਿਆਂ ਵਿਚ ਸਫ਼ਾਈ ਨਾ ਹੋਣ ਸਬੰਧੀ ਮੀਡੀਆ ਵਿਚ ਜ਼ਿਕਰ ਆਉਣ ਦੇ ਬਾਵਜੂਦ ਅਤੇ ਸਮਾਜ ਸੇਵੀਆਂ ਵੱਲੋਂ ਸਿਵਲ ਸਰਜਨ ਦੇ ਧਿਆਨ ਵਿਚ ਲਿਆਉਣ ਉਪਰੰਤ ਵੀ ਸਫ਼ਾਈ ਕਰਮਚਾਰੀਆਂ ਦੀ ਅਜਿਹੀ ਢਿੱਲੀ ਕਾਰਗੁਜ਼ਾਰੀ ਹੈਰਾਨੀਜਨਕ ਹੈ।