ਸ਼੍ਰੋਮਣੀ ਅਕਾਲੀ ਦਲ ਨੂੰ ਝਟਕਾ, ਵਪਾਰ ਮੰਡਲ ਪ੍ਰਧਾਨ ਨਵੀਨ ਸਿੰਗਲਾ ਕਾਂਗਰਸ ‘ਚ ਸ਼ਾਮਲ, ਵਿਧਾਇਕ ਡਾ: ਹਰਜੋਤ ਦੀ ਕ੍ਰਿਸ਼ਮਈ ਸ਼ਖਸੀਅਤ ਲਿਆਈ ਰੰਗ
*** ਨਵੀਨ ਸਿੰਗਲਾ ਦੇ ਕਾਂਗਰਸ ਵਿਚ ਸ਼ਾਮਲ ਹੋਣ ਨਾਲ ਪਾਰਟੀ ਹੋਵੇਗੀ ਮਜਬੂਤ : ਵਿਧਾਇਕ ਡਾ: ਹਰਜੋਤ ਕਮਲ***
ਮੋਗਾ,14 ਜਨਵਰੀ (ਜਸ਼ਨ): ਅੱਜ ਸ਼੍ਰੋਮਣੀ ਅਕਾਲੀ ਦਲ ਨੂੰ ਉਸ ਸਮੇਂ ਵੱਡਾ ਝਟਕਾ ਲੱਗਾ ਜਦੋਂ ਸ਼ੋ੍ਰਮਣੀ ਅਕਾਲੀ ਦਲ ਦੇ ਵਪਾਰ ਮੰਡਲ ਦੇ ਪ੍ਰਧਾਨ ਅਤੇ ਉੱਘੇ ਸਮਾਜ ਸੇਵੀ ਨਵੀਨ ਸਿੰਗਲਾ ਕਾਂਗਰਸ ਪਾਰਟੀ ਵਿਚ ਸ਼ਾਮਿਲ ਹੋ ਗਏ। ਵਿਧਾਇਕ ਡਾ: ਹਰਜੋਤ ਕਮਲ ਦੀ ਪ੍ਰੇਰਨਾ ਸਦਕਾ ਕਾਂਗਰਸ ਵਿਚ ਸ਼ਾਮਲ ਹੋਣ ਮੌਕੇ ਰਾਈਸ ਬਰਾਨ ਐਸੋਸੀਏਸ਼ਨ ਦੇ ਚੇਅਰਮੈਨ ਨਵੀਨ ਸਿੰਗਲਾ ਨਾਲ ਉਹਨਾਂ ਦੀ ਪੂਰੀ ਟੀਮ ਵੀ ਕਾਂਗਰਸ ਵਿਚ ਸ਼ਾਮਲ ਹੋ ਗਈ। ਇਸ ਮੌਕੇ ਵਿਵੇਕ ਗੋਇਲ ਵਾਈਸ ਪ੍ਰਧਾਨ ਰਾਈਸ ਬਰਾਨ ਐਸੋਸੀਏਸ਼ਨ, ਚੇਅਰਮੈਨ ਸ਼੍ਰੀ ਬਲਦੇਵ ਬਿੱਲਾ, ਜਤਿੰਦਰ ਸ਼ਰਮਾ, ਗੌਰਵ ਜਿੰਦਲ , ਬਾਵਾ, ਕੈਸ਼ੀਅਰ ਨਾਨਕ ਚੋਪੜਾ, ਸੁਰਿੰਦਰ ਕੁਮਾਰ ਡੱਬੂ ਸੈਕਟਰੀ, ਵਿਜੇ ਗੋਇਲ ਪ੍ਰਧਾਨ ਰਾਈਸ ਬਰਾਨ ਐਸੋਸੀਏਸ਼ਨ , ਸਰਪ੍ਰਸਤ ਰਾਜਕਮਲ ਕਪੂਰ, ਬਨਵਾਰੀ ਲਾਲ ਢੀਂਗਰਾ, ਅਸ਼ਵਨੀ ਕੁਮਾਰ ਅਤੇ ਅੰਜੂ ਸਿੰਗਲਾ ਤੋਂ ਇਲਾਵਾ ਨਵੀਨ ਸਿੰਗਲਾ ਦੀ ਟੀਮ ਦੇ ਮੈਂਬਰ ਵੀ ਕਾਂਗਰਸ ਵਿਚ ਸ਼ਾਮਲ ਹੋਏ। ਜ਼ਿਕਰਯੋਗ ਹੈ ਕਿ ਕਾਰੋਬਾਰੀ ਨਵੀਨ ਸਿੰਗਲਾ ਕਈ ਸਾਲਾਂ ਤੋਂ ਮੋਗਾ ਜ਼ਿਲ੍ਹੇ ਵਿਚ ਸਮਾਜ ਸੇਵਾ ਦੀਆਂ ਸਰਗਰਮੀਆਂ ਕਰਨ ਕਾਰਨ ਪ੍ਰਭਾਵਸ਼ਾਲੀ ਸ਼ਖਸੀਅਤ ਵਜੋਂ ਜਾਣੇ ਜਾਂਦੇ ਹਨ ਅਤੇ ਸ਼ੋ੍ਰਮਣੀ ਅਕਾਲੀ ਦਲ ਵੱਲੋਂ ਉਹਨਾਂ ਨੂੰ ਵਪਾਰ ਮੰਡਲ ਦੇ ਪ੍ਰਧਾਨ ਦੇ ਅਹੁਦੇ ਨਾਲ ਨਿਵਾਜਿਆ ਗਿਆ ਸੀ ਪਰ ਅੱਜ ਨਵੀਨ ਸਿੰਗਲਾ ਵਿਧਾਇਕ ਡਾ: ਹਰਜੋਤ ਕਮਲ ਦੀ ਕ੍ਰਿਸ਼ਮਈ ਸ਼ਖਸੀਅਤ ਤੋਂ ਪ੍ਰਭਾਵਿਤ ਹੋ ਕੇ ਕਾਂਗਰਸ ਵਿਚ ਸ਼ਾਮਲ ਹੋ ਗਏ । ਵਿਧਾਇਕ ਡਾ: ਹਰਜੋਤ ਕਮਲ ਨੇ ਨਵੀਨ ਸਿੰਗਲਾ ਅਤੇ ਉਹਨਾਂ ਦੀ ਸਮੁੱਚੀ ਟੀਮ ਨੂੰ ਸਨਮਾਨਿਤ ਕਰਦਿਆਂ ਆਖਿਆ ਕਿ ਉਹ ਨਵੀਨ ਸਿੰਗਲਾ ਦੇ ਕੋਮਲ ਮਨ ਤੋਂ ਵਾਕਿਫ਼ ਹਨ ਅਤੇ ਉਹਨਾਂ ਦੇ ਕਾਂਗਰਸ ਵਿਚ ਸ਼ਾਮਲ ਹੋਣ ਨਾਲ ਜਿੱਥੇ ਪਾਰਟੀ ਮਜਬੂਤ ਹੋਵੇਗੀ ਉੱਥੇ ਸ਼ਹਿਰ ਦੇ ਵਿਕਾਸ ਲਈ ਤੱਤਪਰ ਟੀਮ ਮੋਗਾ ਹੋਰ ਉਤਸ਼ਾਹ ਨਾਲ ਕੰਮ ਕਰ ਸਕੇਗੀ।
ਇਸ ਮੌਕੇ ਕਾਰੋਬਾਰੀ ਨਵੀਨ ਸਿੰਗਲਾ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਆਖਿਆ ਕਿ ਉਹਨਾਂ ਦਾ ਪਿਛਲੇ ਕਈ ਸਾਲਾਂ ਤੋਂ ਵਿਧਾਇਕ ਡਾ: ਹਰਜੋਤ ਕਮਲ ਨਾਲ ਗੂੜਾ ਪਿਆਰ ਰਿਹਾ ਹੈ ਅਤੇ ਹੁਣ ਡਾ: ਹਰਜੋਤ ਕਮਲ ਵੱਲੋਂ ਸ਼ਹਿਰ ਦੇ ਕਰਵਾਏ ਜਾ ਰਹੇ ਵਿਕਾਸ ਕਾਰਜਾਂ ਸਦਕਾ ਉਹ ਦਿਲੀ ਖੁਸ਼ੀ ਮਹਿਸੂਸ ਕਰ ਰਹੇ ਸਨ ਅਤੇ ਇਸੇ ਦੌਰਾਨ ਵਿਧਾਇਕ ਡਾ: ਹਰਜੋਤ ਕਮਲ ਵੱਲੋਂ ਮੋਗਾ ਦੇ ਹਿਤਾਂ ਵਿਚ ਉਹਨਾਂ ਨੂੰ ਕਾਂਗਰਸ ਵਿਚ ਸ਼ਾਮਲ ਹੋਣ ਦਾ ਮੋਹ ਭਰਿਆ ਸੱਦਾ ਦਿੱਤਾ ਗਿਆ ਜਿਸ ਨੂੰ ਉਹ ਦਰਕਿਨਾਰ ਨਹੀਂ ਕਰ ਸਕੇ ਅਤੇ ਮੋਗਾ ਦੇ ਵਿਕਾਸ ਨੂੰ ਮੁੱਖ ਰੱਖਦਿਆਂ ਉਹ ਡਾ: ਹਰਜੋਤ ਕਮਲ ਦੇ ਕਹਿਣ ’ਤੇ ਕਾਂਗਰਸ ਵਿਚ ਸ਼ਾਮਲ ਹੋ ਰਹੇ ਹਨ। ਉਹਨਾਂ ਆਖਿਆ ਕਿ ਸੱਚ ਤਾਂ ਇਹ ਹੈ ਕਿ ਉਹਨਾਂ ਅਤੇ ਵਿਧਾਇਕ ਡਾ: ਹਰਜੋਤ ਕਮਲ ਦੀ ਵਿਚਾਰਧਾਰਾ ਇਕ ਪਿੱਚ ’ਤੇ ਹੋਣ ਕਰਕੇ ਇਹ ਮਿਲਣ ਸੰਭਵ ਹੋ ਸਕਿਆ ਹੈ। ਉਹਨਾਂ ਆਖਿਆ ਕਿ ਮੋਗਾ ਵਾਸੀਆਂ ਵੱਲੋਂ ਦਿੱਤੇ ਪਿਆਰ ਅਤੇ ਸਹਿਯੋਗ ਸਦਕਾ ਉਹ ਪਹਿਲਾਂ ਵਾਂਗ ਹੀ ਸਮਾਜ ਸੇਵਾ ਨੂੰ ਪ੍ਰਣਾਏ ਰਹਿਣਗੇ।