ਚੋਣਾਂ ਤੋਂ ਪਹਿਲਾਂ ਝੂਠੇ ਵਾਅਦੇ ਕਰਨ ਵਾਲੇ ਕੈਪਟਨ ਅਮਰਿੰਦਰ ਸਿੰਘ ਹਰ ਫਰੰਟ ਉੱਤੇ ਹੋਏ ਫੇਲ : ਭਗਵੰਤ ਮਾਨ
ਚੰਡੀਗੜ੍ਹ, 14 ਜਨਵਰੀ (ਇੰਟਰਨੈਸ਼ਨਲ ਪੰਜਾਬੀ ਨਿਊਜ਼ ) :ਆਮ ਆਦਮੀ ਪਾਰਟੀ ਨੇ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਪਿਛਲੇ ਚਾਰ ਸਾਲਾਂ ਵਿੱਚ ਹਰ ਖੇਤਰ ਵਿੱਚ ਲਏ ਗਏ ਲੋਕ ਵਿਰੋਧੀ ਫੈਸਲਿਆਂ ਦੀ ਅਲੋਚਨਾ ਕਰਦਿਆਂ ਕਿਹਾ ਕਿ ਸਰਕਾਰਾਂ ਲੋਕਾਂ ਦੀ ਭਲਾਈ ਲਈ ਹੁੰਦੀਆਂ ਹਨ ਨਾ ਕਿ ਜਨਤਾ ਉੱਤੇ ਬੋਝ ਪਾਉਣ ਲਈ। ਪਾਰਟੀ ਹੈੱਡਕੁਆਟਰ ਤੋਂ ਜਾਰੀ ਬਿਆਨ ਰਾਹੀਂ ਪਾਰਟੀ ਦੇ ਪ੍ਰਧਾਨ ਅਤੇ ਸੰਸਦ ਮੈਂਬਰ ਭਗਵੰਤ ਮਾਨ ਨੇ ਕਿਹਾ ਕਿ ਕੁਰਸੀ ਉੱਤੇ ਕਾਬਜ਼ ਹੋਣ ਦੇ ਲਾਲਚ 'ਚ ਕੈਪਟਨ ਅਮਰਿੰਦਰ ਸਿੰਘ ਨੇ ਚੋਣਾਂ ਤੋਂ ਪਹਿਲਾਂ ਲੋਕਾਂ ਨਾਲ ਅਨੇਕਾਂ ਵਾਅਦੇ ਕੀਤੇ ਸਨ, ਜੋ ਅੱਜ ਤੱਕ ਪੂਰੇ ਨਹੀਂ ਹੋਏ।ਮਾਨ ਨੇ ਕਿਹਾ ਕਿ ਲੋਕਾਂ ਤੋਂ ਵੋਟਾਂ ਲੈਣ ਵਾਸਤੇ ਸ੍ਰੀ ਗੁਟਕਾ ਸਾਹਿਬ ਜੀ ਦੀਆਂ ਸਹੁੰ ਚੁੱਕੀ ਤੇ ਕੁਰਸੀ ਮਿਲਦਿਆਂ ਹੀ ਸਭ ਭੁੱਲ ਗਏ। ਉਨ੍ਹਾਂ ਕਿਹਾ ਕਿ ਕੈਪਟਨ ਦੇ ਮੁੱਖ ਮੰਤਰੀ ਬਣਨ ਤੋਂ ਬਾਅਦ ਪੰਜਾਬ ਅਜਿਹਾ ਸੂਬਾ ਬਣ ਗਿਆ ਹੈ ਜਿੱਥੇ ਸਾਰੇ ਸੂਬਿਆਂ ਨਾਲੋਂ ਮਹਿੰਗੀ ਬਿਜਲੀ ਮਿਲਦੀ ਹੈ। ਉਨ੍ਹਾਂ ਕਿਹਾ ਕਿ ਹੈਰਾਨੀ ਵਾਲੀ ਗੱਲ ਹੈ ਜਿਸ ਸੂਬੇ ਵਿੱਚ ਬਿਜਲੀ ਦੀ ਪੈਦਾਵਰ ਕੀਤੀ ਜਾਂਦੀ ਹੋਵੇ ਉਥੋਂ ਦੇ ਲੋਕਾਂ ਨੂੰ ਸਾਰੇ ਦੇਸ਼ ਨਾਲੋਂ ਵੱਧ ਮਹਿੰਗੀ ਬਿਜਲੀ ਖਰੀਦਣੀ ਪਵੇ, ਜਦੋਂ ਕਿ ਦਿੱਲੀ 'ਚ ਜਿੱਥੇ ਬਿਜਲੀ ਦੀ ਪੈਦਾਵਰ ਨਹੀਂ, ਉਥੋਂ ਦੀ ਕੇਜਰੀਵਾਲ ਸਰਕਾਰ ਸਭ ਤੋਂ ਸਸਤੀ ਬਿਜਲੀ ਦੇ ਰਹੀ ਹੈ।ਕੈਪਟਨ ਅਮਰਿੰਦਰ ਸਿੰਘ ਸਰਕਾਰੀ ਸਾਧਨ ਤਾਂ ਆਪਣੇ ਚਹੇਤਿਆਂ ਨੂੰ ਲੁਟਾ ਰਹੇ ਹਨ ਤੇ ਸਰਕਾਰੀ ਖਜ਼ਾਨਾ ਭਰਨ ਲਈ ਲੋਕਾਂ ਉੱਤੇ ਟੈਕਸ ਮੜ ਰਹੇ ਹਨ। ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਰੇਤਾ, ਸ਼ਰਾਬ, ਟਰਾਂਸਪੋਰਟ ਤੇ ਹੋਰ ਤਰ੍ਹਾਂ-ਤਰ੍ਹਾਂ ਦਾ ਮਾਫੀਆ ਚਲ ਰਿਹਾ ਹੈ, ਜਿਸਦੀ ਅਗਵਾਈ ਕੈਪਟਨ ਸਾਹਿਬ ਕਰ ਰਹੇ ਹਨ, ਪ੍ਰੰਤੂ ਡੀਜ਼ਲ-ਪੈਟਰੋਲ ਉੱਤੇ ਟੈਕਸ ਲਗਾ ਕੇ ਮਹਿੰਗਾ ਕੀਤਾ ਜਾ ਰਿਹਾ ਹੈ। ਕੋਰੋਨਾ ਮਹਾਮਾਰੀ ਦੇ ਚਲਦਿਆਂ ਪੰਜਾਬ ਦੇ ਲੋਕ ਆਰਥਿਕ ਬੋਝ ਹੇਠ ਦਬੇ ਗਏ ਅਤੇ ਕੈਪਟਨ ਸਾਹਿਬ ਹੋਰ ਬੋਝ ਪਾ ਰਹੇ ਹਨ।ਪੰਜਾਬ ਅੰਦਰ ਪਿਛਲੇ ਚਾਰ ਸਾਲਾਂ ਵਿੱਚ ਵਿਗੜੀ ਲਾਅ ਐਂਡ ਆਰਡਰ ਦੀ ਸਥਿਤੀ ਉੱਤੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਦੇ ਰਾਜ 'ਚ ਵੀ ਪਿਛਲੀ ਬਾਦਲ ਦਲ ਤੇ ਭਾਜਪਾ ਦੀ ਸਰਕਾਰ ਵਾਂਗ ਸਥਿਤੀ ਵਿਗੜੀ ਹੈ। ਉਨ੍ਹਾਂ ਕਿਹਾ ਕਿ ਪਿਛਲੀ ਸਰਕਾਰ ਦੇ ਵਾਂਗ ਹੀ ਗੈਂਗਸਟਰਾਂ ਵੱਲੋਂ ਗੋਲੀਬਾਰੀ ਕਰਦੇ ਹੋਏ ਲੋਕਾਂ ਨੂੰ ਮੌਤ ਦੇ ਘਾਟ ਉਤਾਰਿਆ ਜਾ ਰਿਹਾ ਹੈ, ਲਾਅ ਐਂਡ ਆਰਡਰ ਦੀ ਸਥਿਤੀ ਦਿਨੋਂ ਦਿਨ ਵਿਗੜਦੀ ਜਾ ਰਹੀ ਹੈ।ਮਾਨ ਨੇ ਕਿਹਾ ਕਿ ਕੈਪਟਨ ਨੇ ਸੱਤਾ ਉੱਤੇ ਕਾਬਜ਼ ਹੋਣ ਵਾਸਤੇ ਪੰਜਾਬ ਦੇ ਮੁਲਾਜ਼ਮਾਂ ਨਾਲ ਅਨੇਕਾਂ ਝੂਠੇ ਵਾਅਦੇ ਕੀਤੇ। ਅਕਾਲੀ-ਭਾਜਪਾ ਦੀ ਸਰਕਾਰ ਸਮੇਂ ਮੁਲਾਜ਼ਮਾਂ ਦੀਆਂ ਰੈਲੀਆਂ, ਧਰਨਿਆਂ ਵਿੱਚ ਜਾ ਕੇ ਕੈਪਟਨ ਨੇ ਤਨਖਾਹ ਕਮਿਸ਼ਨ, ਪੂਰੀਆਂ ਤਨਖਾਹਾਂ ਉੱਤੇ ਪੱਕੇ ਕਰਨ ਦੇ ਵਾਅਦੇ ਕੀਤੇ, ਪ੍ਰੰਤੂ ਕੁਰਸੀ ਦੇ ਨਸ਼ੇ ਵਿੱਚ ਸਭ ਭੁੱਲ ਗਿਆ। ਅਜੇ ਤੱਕ ਕੈਪਟਨ ਸਰਕਾਰ ਨਾ ਤਨਖਾਹ ਕਮਿਸ਼ਨ ਦਿੱਤਾ ਹੋਰ ਤਾਂ ਹੋਰ ਮੁਲਾਜ਼ਮਾਂ ਨਾਲ ਉਨ੍ਹਾਂ ਦੀਆਂ ਮੰਗਾਂ ਉੱਤੇ ਗੱਲ ਕਰਨ ਦੀ ਵੀ ਹਿੰਮਤ ਨਹੀਂ ਰੱਖਦੇ। ਉਨ੍ਹਾਂ ਕਿਹਾ ਕਿ ਸਰਕਾਰੀ ਅਦਾਰਿਆਂ ਵਿੱਚ ਯੋਗ ਮੁਲਾਜ਼ਮ ਨਾ ਹੋਣ ਕਾਰਨ ਲੋਕਾਂ ਦੇ ਕੰਮ ਨਹੀਂ ਹੋ ਰਹੇ ਤੇ ਨੌਜਵਾਨ ਰੁਜ਼ਗਾਰ ਲੈਣ ਲਈ ਸੜਕਾਂ ਉੱਤੇ ਅੰਦੋਲਨ ਕਰ ਰਹੇ ਹਨ ਅਤੇ ਕੈਪਟਨ ਸਾਹਿਬ ਫਾਰਮ ਹਾਊਸ ਵਿੱਚ ਕੁੰਭਕਰਨੀ ਨੀਂਦ ਸੋ ਰਹੇ ਹਨ।ਪੰਜਾਬ ਵਿੱਚ ਦਲਿਤ ਭਾਈਚਾਰੇ ਉੱਤੇ ਅੱਤਿਆਚਾਰ ਦੇ ਅੰਕੜਿਆਂ ਵਿੱਚ ਵਾਧਾ ਹੋਇਆ ਹੈ। ਕੈਪਟਨ ਸਰਕਾਰ ਨੂੰ ਚਾਹੀਦਾ ਤਾਂ ਇਹ ਸੀ ਕਿ ਦਲਿੱਤ ਭਾਈਚਾਰੇ ਦਾ ਜੀਵਨ ਪੱਧਰ ਉੱਚਾ ਚੁੱਕਣ ਲਈ ਕੰਮ ਕਰਦੇ, ਹੈਰਾਨੀ ਦੀ ਗੱਲ ਹੈ ਕਿ ਦਲਿਤ ਵਿਦਿਆਰਥੀਆਂ ਦਾ ਵਜ਼ੀਫਾ ਵੀ ਖਾ ਗਏ। ਉਨ੍ਹਾਂ ਕਿਹਾ ਕਿ ਦਲਿਤ ਭਾਈਚਾਰੇ ਨੂੰ ਨਵੀਆਂ ਸਹੂਲਤਾਂ ਤਾਂ ਸਰਕਾਰ ਨੇ ਕੀ ਦੇਣੀਆਂ ਸਨ, ਪ੍ਰੰਤੂ ਅਕਾਲੀ-ਭਾਜਪਾ ਦੇ ਕਦਮਾਂ ਉੱਤੇ ਚਲਦੇ ਹੋਏ ਪਹਿਲਾਂ ਤੋਂ ਦਿੱਤੀਆਂ ਜਾ ਰਹੀਆਂ ਸਹੂਲਤਾਂ ਉੱਤੇ ਵੀ ਕੱਟ ਲਗਾਇਆ ਜਾ ਰਿਹਾ ਹੈ।ਮਾਨ ਨੇ ਕਿਹਾ ਕਿ ਪੰਜਾਬ ਵਪਾਰਿਕ ਅਦਾਰੇ ਲਗਾਤਾਰ ਸੂਬੇ ਵਿੱਚੋਂ ਬਾਹਰ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਕੇਂਦਰ ਦੀ ਮੋਦੀ ਸਰਕਾਰ ਵੱਲੋਂ ਪਹਿਲਾਂ ਤਾਂ ਵਪਾਰੀਆਂ ਉੱਤੇ ਤਰ੍ਹਾਂ ਤਰ੍ਹਾਂ ਦੇ ਬੋਝ ਪਾਏ ਗਏ, ਦੂਜੇ ਪਾਸੇ ਪੰਜਾਬ ਦੀ ਕੈਪਟਨ ਸਰਕਾਰ ਨੇ ਬਿਜਲੀ ਮਹਿੰਗੀ ਕਰਕੇ ਅਤੇ ਡੀਜ਼ਲ-ਪੈਟਰੋਲ ਉੱਤੇ ਵੱਡੇ ਵੱਡੇ ਟੈਕਸ ਲਗਾਕੇ ਵਪਾਰੀਆਂ ਦਾ ਕਚੂੰਮਰ ਕੱਢ ਕੇ ਰੱਖ ਦਿੱਤਾ ਹੈ। ਉਨ੍ਹਾਂ ਕਿਹਾ ਕਿ ਅੱਜ ਵਪਾਰੀ ਸਰਕਾਰ ਦੀਆਂ ਨੀਤੀਆਂ ਕਾਰਨ ਆਰਥਿਕ ਤੌਰ ਉੱਤੇ ਦਬੇ ਜਾ ਰਹੇ ਹਨ। ਸਰਕਾਰ ਵੱਲੋਂ ਤਰ੍ਹਾਂ ਤਰ੍ਹਾਂ ਦੇ ਚਲਾਏ ਜਾ ਰਹੇ ਮਾਫੀਆ ਕਾਰਨ ਅੱਜ ਸੱਚਾ ਸੁੱਚੇ ਵਪਾਰੀਆਂ ਨੂੰ ਖੁੱਜੇ ਲਗਾਇਆ ਜਾ ਰਿਹਾ ਹੈ।ਅੱਜ ਪੰਜਾਬ ਦੇ ਲੋਕ ਕੇਂਦਰ ਅਤੇ ਪੰਜਾਬ ਸਰਕਾਰ ਦੇ ਦੋ ਚੱਕੀਆਂ ਦੇ ਪੁੜਾਂ ਵਿੱਚ ਪਿੱਸ ਰਹੇ ਹਨ। ਉਨ੍ਹਾਂ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਆਪਣੀ ਕੁਰਸੀ ਦਾ ਨਸ਼ਾ ਤਿਆਗਕੇ ਲੋਕਾਂ ਦੇ ਲਈ ਕੰਮ ਕਰਨ ਨਾ ਕਿ ਆਪਣੇ ਚਹੇਤਿਆਂ, ਮਾਫੀਆ ਦੇ ਲਈ ਕੰਮ ਕਰਨ।