ਕਰੋਨਾ ਵੈਕਸੀਨ ਦੇ ਟੀਕਾਕਰਨ ਦੀ ਉਡੀਕ ਲੰਬੀ ਹੋਣ ਦਾ ਖਦਸ਼ਾ, ਮਲਟੀਪਰਪਜ਼ ਸਿਹਤ ਕਾਮਿਆਂ ਨੇ ਕੀਤਾ ਬਾਈਕਾਟ ਦਾ ਐਲਾਨ

Tags: 

ਮੋਗਾ 12 ਜਨਵਰੀ (ਜਸ਼ਨ): ਮਲਟੀਪਰਪਜ ਹੈਲਥ ਇੰਪਲਾਈਜ ਯੂਨੀਅਨ ਪੰਜਾਬ ਵੱਲੋਂ ਆਪਣੇ ਕੇਡਰ ਦੀਆਂ ਪੈਂਡਿੰਗ ਮੰਗਾਂ ਨੂੰ ਲੈ ਕੇ ਸਖਤ ਤੇਵਰ ਅਪਣਾਉਂਦਿਆਂ ਆਪਣੀਆਂ ਮੰਗਾਂ ਦਾ ਹੱਲ ਹੋਣ ਤੱਕ ਕਰੋਨਾ ਵੈਕਸੀਨ ਨਾ ਲਗਵਾਉਣ ਦਾ ਫੈਸਲਾ ਕੀਤਾ ਹੈ ਅਤੇ ਜੱਥੇਬੰਦੀ ਨੇ ਆਪਣੇ ਇਸ ਫੈਸਲੇ ਬਾਰੇ ਸਿਵਲ ਸਰਜਨ ਮੋਗਾ ਨੂੰ ਪੱਤਰ ਰਾਹੀਂ ਸੂਚਿਤ ਕਰ ਦਿੱਤਾ ਗਿਆ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਜੱਥੇਬੰਦੀ ਦੇ ਸੂਬਾ ਪ੍ਰਧਾਨ ਕੁਲਬੀਰ ਸਿੰਘ ਢਿੱਲੋਂ ਅਤੇ ਜਿਲ੍ਹਾ ਮੀਤ ਪ੍ਰਧਾਨ ਮਹਿੰਦਰ ਪਾਲ ਲੂੰਬਾ ਨੇ ਦੱਸਿਆ ਕਿ ਸਰਕਾਰ ਆਪਣੀ ਸੁਵਿਧਾ ਮੁਤਾਬਕ ਸਾਡੇ ਕੇਡਰ ਨੂੰ ਫਰੰਟਲਾਈਨਰ ਕਹਿਣਾ ਬੰਦ ਕਰੇ। ਜੇ ਸਾਡਾ ਕੇਡਰ ਫਰੰਟਲਾਈਨਰ ਹੈ ਤਾਂ ਪਹਿਲਾਂ ਸਾਡੀਆਂ ਤਿੰਨ ਪੈਂਡਿੰਗ ਮੰਗਾਂ ਜਿਵੇਂ ਕੱਚੇ ਕਾਮਿਆਂ ਨੂੰ ਪੱਕਾ ਕਰਨਾ, 1263 ਮਲਟੀਪਰਪਜ ਹੈਲਥ ਵਰਕਰਾਂ ਦਾ ਪ੍ਰੋਬੇਸ਼ਨ ਪੀਰੀਅਡ ਦੋ ਸਾਲ ਕਰਨ ਅਤੇ ਕੋਵਿਡ ਫਰੰਟਲਾਈਨਰ ਕਾਮਿਆਂ ਨੂੰ ਸਪੈਸ਼ਲ ਇੰਕਰੀਮੈਂਟ ਦੇਣ ਦੀ ਮੰਗ ਕੀਤੀ ਅਤੇ ਵਿੱਤ ਮੰਤਰੀ ਮਨਪ੍ਰੀਤ ਬਾਦਲ ਵੱਲੋਂ ਜੱਥੇਬੰਦੀ ਦੇ 12 ਆਗੂਆਂ ਤੇ ਦਰਜ ਕੀਤੇ ਨਜਾਇਜ ਪਰਚੇ ਰੱਦ ਕੀਤੇ ਜਾਣ। ਉਸ ਤੋਂ ਬਾਅਦ ਹੀ ਜੱਥੇਬੰਦੀ ਵੈਕਸੀਨੇਸ਼ਨ ਬਾਰੇ ਫੈਸਲਾ ਕਰੇਗੀ। ਉਹਨਾਂ ਦੱਸਿਆ ਕਿ ਉਪਰੋਕਤ ਤਿੰਨ ਛੋਟੀਆਂ ਛੋਟੀਆਂ ਮੰਗਾਂ ਦੀ ਪੂਰਤੀ ਲਈ ਸਾਡਾ ਕੇਡਰ ਪਿਛਲੇ ਇੱਕ ਸਾਲ ਤੋਂ ਸੰਘਰਸ਼ ਕਰ ਰਿਹਾ ਹੈ। ਗੱਲ ਨਾ ਸੁਣੇ ਜਾਣ ਤੇ ਜੱਥੇਬੰਦੀ ਵੱਲੋਂ ਮੁੱਖ ਮੰਤਰੀ ਪੰਜਾਬ, ਵਿੱਤ ਮੰਤਰੀ ਪੰਜਾਬ ਅਤੇ ਸਿਹਤ ਮੰਤਰੀ ਪੰਜਾਬ ਦੇ ਹਲਕਿਆਂ ਵਿੱਚ ਰੋਸ ਮਾਰਚ ਕੀਤੇ ਗਏ ਸਨ ਤੇ ਇਨ੍ਹਾਂ ਵਿੱਚੋਂ ਨਿੱਕਲੀਆਂ ਮੀਟਿੰਗਾਂ ਬੇਸਿੱਟਾ ਰਹੀਆਂ ਸਨ ਤੇ ਉਸ ਤੋਂ ਬਾਅਦ ਸਾਡੇ ਕੇਡਰ ਨਾਲ ਕਿਸੇ ਅਧਿਕਾਰੀ ਦੁਆਰਾ ਮੀਟਿੰਗ ਕਰਨਾ ਵੀ ਮੁਨਾਸਿਬ ਨਹੀਂ ਸਮਝਿਆ ਗਿਆ, ਜਿਸ ਕਾਰਨ ਕੇਡਰ ਵਿੱਚ ਸਰਕਾਰ ਪ੍ਰਤੀ ਨਾਰਾਜ਼ਗੀ ਪਾਈ ਜਾ ਰਹੀ ਹੈ ਤੇ 21 ਜਨਵਰੀ ਤੋਂ ਸਿਹਤ ਡਾਇਰੈਕਟਰ ਚੰਡੀਗੜ੍ਹ ਦੇ ਦਫਤਰ ਅੱਗੇ ਲੜੀਵਾਰ ਭੁੱਖ ਹੜਤਾਲ ਸ਼ੁਰੂ ਕੀਤੀ ਜਾ ਰਹੀ ਹੈ, ਜਿਸ ਵਿੱਚ ਰੋਜਾਨਾ ਇੱਕ ਜਿਲ੍ਹੇ ਤੋਂ 7 ਮੈਂਬਰ ਬੈਠਿਆਂ ਕਰਨਗੇ। ਇਸ ਮੌਕੇ ਉਕਤ ਤੋਂ ਇਲਾਵਾ ਮਨਦੀਪ ਸਿੰਘ ਭਿੰਡਰ, ਦਵਿੰਦਰ ਸਿੰਘ ਤੂਰ, ਗੁਰਜੰਟ ਸਿੰਘ ਮਾਹਲਾ, ਅਨਮੋਲ ਸਿੰਘ ਭੱਟੀ, ਅਮਰਦੀਪ ਸਿੰਘ, ਬਲਵਿੰਦਰ ਸ਼ਰਮਾ, ਜਸਪ੍ਰੀਤ ਕੌਰ, ਇੰਦਰਜੀਤ ਕੌਰ, ਕੁਲਵੰਤ ਸਿੰਘ, ਅਮਰ ਸਿੰਘ ਆਦਿ ਹਾਜ਼ਰ ਸਨ।