ਜਦ ਜਦ ਵੀ ਧਰਮ ਦੀ ਹਾਨੀ ਹੋਵੇਗੀ ਜਾਂ ਹਿੰਦੂ ਸਮਾਜ ਦੀਆਂ ਕਦਰਾਂ ਕੀਮਤਾਂ ਨੂੰ ਠੇਸ ਪਹੁੰਚਾਈ ਜਾਵੇਗੀ ਤਾਂ ਤਿਆਗੀ ਸਭ ਤੋਂ ਅੱਗੇ ਖੜ੍ਹਾ ਹੋਵੇਗਾ: ਦੇਵਪ੍ਰਿਆ ਤਿਆਗੀ ​

ਮੋਗਾ,6 ਜਨਵਰੀ (ਜਸ਼ਨ):' ਜਦ ਜਦ ਵੀ ਧਰਮ ਦੀ ਹਾਨੀ ਹੋਵੇਗੀ ਜਾਂ ਹਿੰਦੂ ਸਮਾਜ ਦੀਆਂ ਕਦਰਾਂ ਕੀਮਤਾਂ ਨੂੰ ਠੇਸ ਪਹੁੰਚਾਈ ਜਾਵੇਗੀ ਤਾਂ ਤਿਆਗੀ ਸਭ ਤੋਂ ਅੱਗੇ ਖੜ੍ਹਾ ਹੋਵੇਗਾ।' ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ‘ਇਸਕਾਨ ਪ੍ਰਚਾਰ ਸਮਿਤੀ ’ ਦੇ ਪ੍ਰਧਾਨ ਦੇਵਪ੍ਰਿਆ ਤਿਆਗੀ ​ ਨੇ ਅੱਜ ਫੇਸਬੁੱਕ ’ਤੇ ਲਾਈਵ  ਹੁੰਦਿਆਂ ਕੀਤਾ। ਉਹਨਾਂ ਆਖਿਆ ਕਿ ਕੁਝ ਸ਼ਰਾਰਤੀ ਅਨਸਰ ਗੀਤਾ ਭਵਨ ਮਾਮਲੇ ‘ਚ ਉਹਨਾਂ ’ਤੇ ਬੇਬੁਨਿਆਦ ਦੋਸ਼ ਲਗਾ ਰਹੇ ਹਨ ਪਰ ਉਹ ਧਾਰਮਿਕ ਜਗਹ ਦੀ ਕਮਾਈ ਦੇ ਪੈਸੇ ਹੜੱਪਣ ਦੇ ਬਾਰੇ ਸੁਫ਼ਨੇ ‘ਚ ਵੀ ਨਹੀਂ ਸੋਚ ਸਕਦੇ। ਉਹਨਾਂ ਕਿਹਾ ਕਿ ਲੋਕ ਪ੍ਰਸ਼ਨ ਕਰ ਰਹੇ ਹਨ ਤਿਆਗੀ ਨੂੰ ਗੀਤਾ ਭਵਨ ਨਾਲ ਕੀ ਲਗਾਅ ਹੈ ? ਉਹਨਾਂ ਕਿਹਾ ਕਿ ਮੇਰੀ ਦਿਲਚਸਪੀ ਸਿਰਫ਼ ਤੇ ਸਿਰਫ਼ ਇਸ ਗੱਲ ਵਿਚ ਹੈ ਕਿ ਮੋਗਾ ਵਾਸੀਆਂ ਨੇ ਹੀ ਗੀਤਾ ਭਵਨ ਅਤੇ ਪਾਵਨ ਧਾਮ ਦੀ ਸਿਰਜਣਾ ਕੀਤੀ ਸੀ ਅਤੇ ਉਹਨਾਂ ਦੀ ਆਸਥਾ ਇਸ ਪਵਿੱਤਰ ਅਸਥਾਨ ਵਿਚ ਬਣੀ ਰਹਿਣੀ ਚਾਹੀਦੀ ਹੈ । ਉਹਨਾਂ ਆਖਿਆ ਕਿ ਕੌਣ ਟਰੱਸਟੀ ਬਣਦਾ ਹੈ ਇਸ ਨਾਲ ਉਹਨਾਂ ਨੂੰ ਕੋਈ ਫਰਕ ਨਹੀਂ ਪੈਂਦਾ । ਤਿਆਗੀ ਨੇ ਸਪੱਸ਼ਟ ਕੀਤਾ ਕਿ ਸਵਾਮੀ ਸਹਿਜ ਪ੍ਰਕਾਸ਼ ਜੀ ਦੀ ਗੱਦੀ ’ਤੇ ਕਿਸੇ ਮਹਾਂਮੰਡਲੇਸ਼ਵਰ ਨੂੰ ਹੀ ਬਿਰਾਜਮਾਨ ਹੋਣਾ ਚਾਹੀਦਾ ਹੈ ਵਰਨਾ ਸੰਤਾਂ ਦਾ ਅਪਮਾਨ ਹੋਵੇਗਾ। ਉਹਨਾਂ ਇੱਥੋਂ ਤੱਕ ਕਹਿ ਦਿੱਤਾ ਕਿ ਜੇ ਕੋਈ ਯੋਗ ਵਿਅਕਤੀ ਉਪਲੱਬਦ ਨਹੀਂ ਹੁੰਦਾ ਤਾਂ ਸਵਾਮੀ ਜੀ ਦੀ ਪ੍ਰਤਿਮਾ ਨੂੰ ਹੀ ਗੱਦੀ ’ਤੇ ਸੁਸ਼ੋਭਿਤ ਕਰਕੇ ਪੂਜਣਯੋਗ ਸਥਾਨ ਬਣਾਇਆ ਜਾਵੇ। ਉਹਨਾਂ ਗੀਤਾ ਭਵਨ ਟਰੱਸਟ ਅਤੇ ਮੋਗਾ ਵਾਸੀਆਂ ਨੂੰ ਸਪੱਸਟ ਕੀਤਾ ਕਿ ਉਹ ਕਿਸੇ ਦਬਾਅ ,ਖੁਸ਼ੀ ਜਾਂ ਦੁੱਖ ਦੇ ਆਲਮ ਵਿਚ ਟਰੱਸਟੀ ਨਹੀਂ ਬਣਨਗੇ ਪਰ ਕਿਸੇ ਅਨਿਆਂ ਜਾਂ ਕਿਸੇ ਦੇ ਜਜ਼ਬਾਤਾਂ ਨਾਲ ਖੇਡਣ ਵਾਲੇ ਵਿਅਕਤੀਆਂ ਦੀਆਂ ਹਰਕਤਾਂ ਨੂੰ ਅੱਖੀ ਦੇਖਦਿਆਂ ਚੁੱਪ ਰਹਿ ਕੇ ਮੈਂ ਪਾਪ ਦਾ ਭਾਗੀ ਨਹੀਂ ਬਣ ਸਕਦਾ, ਕਿਉਂਕਿ ਸਾਡੀ ਵਿਰਾਸਤ ਸਾਨੂੰ ਸਿਖਾਉਂਦੀ ਹੈ ਕਿ ਜੋ ਜ਼ੁਲਮ ਕਰਦਾ ਹੈ ਉਹ ਵੀ ਪਾਪੀ ਹੈ ਤੇ ਜੋ ਜ਼ੁਲਮ ਸਹਿੰਦਾ ਹੈ ਜਾਂ ਜ਼ੁਲਮ ਖਿਲਾਫ਼ ਆਵਾਜ਼ ਨਹੀਂ ਉਠਾਉਂਦਾ ਉਹ ਵੀ ਪਾਪ ਦਾ ਭਾਗੀਦਾਰ ਹੈ।