ਵਿਧਾਇਕ ਡਾ: ਹਰਜੋਤ ਕਮਲ ਨੇ ਲੋੜਵੰਦ ਪਰਿਵਾਰਾਂ ਨੂੰ ਰਾਸ਼ਨ ਮੁਹੱਈਆ ਕਰਵਾਉਣ ਲਈ ਵਾਰਡ 3 ਦੇ ਲੋੜਵੰਦਾਂ ਨੂੰ ਵੰਡੇ ‘ਸਮਾਰਟ ਰਾਸ਼ਨ ਕਾਰਡ’

ਮੋਗਾ, 3 ਜਨਵਰੀ (ਜਸ਼ਨ): ਗਰੀਬ ਅਤੇ ਲੋੜਵੰਦ ਲੋਕਾਂ ਨੂੰ ਰਾਸ਼ਨ ਮੁਹੱਈਆ ਕਰਵਾਉਣ ਲਈ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਸ਼ੁਰੂ ਕੀਤੀ ‘ਸਮਾਰਟ ਰਾਸ਼ਨ ਕਾਰਡ’ ਸਕੀਮ ਤਹਿਤ ਮੋਗਾ ਹਲਕੇ ਦੇ ਪਿੰਡਾਂ ਦੇ ਨਾਲ ਨਾਲ ਸ਼ਹਿਰਾਂ ਵਿਚ ਵੀ ਸਮਾਰਟ ਕਾਰਡਾਂ ਦੀ ਵੰਡ ਕੀਤੀ ਜਾ ਰਹੀ ਹੈ। ਇਸੇ ਲੜੀ ਤਹਿਤ ਅੱਜ ਵਾਰਡ 3 ਦੇ ਲੋੜਵੰਦਾਂ ਨੂੰ ‘ਸਮਾਰਟ ਰਾਸ਼ਨ ਕਾਰਡ’ ਵੰਡਣ ਲਈ ਵਿਧਾਇਕ ਡਾ: ਹਰਜੋਤ ਕਮਲ ਨਿੱਜੀ ਤੌਰ ਤੇ ਪਹੁੰਚੇ।  ਇਸ ਮੌਕੇ ਉਹਨਾਂ ਦਾ ਸਵਾਗਤ ਵਾਰਡ ਨੰਬਰ 3 ਦੇ ਇੰਚਾਰਜ ਜਤਿੰਦਰ ਅਰੋੜਾ ਨੇ ਕੀਤਾ । ਇਸ ਮੌਕੇ ਵਿਧਾਇਕ ਡਾ: ਹਰਜੋਤ ਕਮਲ ਨੇ ਟੈਂਕੀ ਵਾਲੀ ਗਲੀ ਵਿਚ ਜਤਿੰਦਰ ਅਰੋੜਾ ਦੇ ਦਫਤਰ ਵਿਖੇ ਕਾਰਡ ਲੈਣ ਪਹੁੰਚੇ ਵਾਰਡ ਵਾਸੀਆਂ ਨੂੰ ਸੰਬੋਧਨ ਕਰਦਿਆਂ ਆਖਿਆ ਕਿ ਖਾਧ ਅਤੇ ਖੁਰਾਕ ਸਪਲਾਈ ਮੰਤਰੀ ਭਾਰਤ ਭੂਸ਼ਣ ਆਸ਼ੂ ਦੀ ਦੇਖ ਰੇਖ ‘ਚ ਇਹ ਕਾਰਡ ਜਾਰੀ ਕੀਤੇ ਗਏ ਹਨ ਤਾਂ ਕਿ ਯੋਗ ਲਾਭਪਾਤਰੀ ਲੋੜੀਂਦਾ ਰਾਸ਼ਨ ਪ੍ਰਾਪਤ ਕਰ ਸਕਣ ਅਤੇ ਆਯੋਗ ਵਿਅਕਤੀਆਂ ਨੂੰ ਨਜਾਇਜ਼ ਲਾਹਾ ਲੈਣ ਤੋਂ ਰੋਕਿਆ ਜਾ ਸਕੇ। ਉਹਨਾਂ ਜਤਿੰਦਰ ਅਰੋੜਾ ਅਤੇ ਉਹਨਾਂ ਦੀ ਟੀਮ ਨੂੰ ਆਖਿਆ ਕਿ  ਉਹ ਆਪਣੇ ਵਾਰਡ ਦੇ ਲਾਭਪਤਾਰੀਆਂ ਦੇ ਹੱਥਾਂ ਤੱਕ ਸਮਾਰਟ ਕਾਰਡ ਪਹੰੁਚਦੇ ਕਰਨ ਤਾਂ ਜੋ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਸੋਚ ਮੁਤਾਬਕ ਉਹਨਾਂ ਯੋਗ ਲਾਭਪਾਤਰੀਆਂ ਨੂੰ ਸਬਸਿਡੀ ਵਾਲਾ ਰਾਸ਼ਨ ਮੁਹੱਈਆ ਕਰਵਾਇਆ ਜਾ ਸਕੇ ਅਤੇ ਲੋੜਵੰਦ ਕਿਸੇ ਵੀ ਡਿਪੂ ਤੋਂ ਆਪਣੀ ਸਹੂਲਤ ਮੁਤਾਬਕ ਸਬਸਿਡੀ ਵਾਲਾ ਰਾਸ਼ਨ ਪ੍ਰਾਪਤ ਕਰ ਸਕਣ।  ਵਿਧਾਇਕ ਨੇ ਆਖਿਆ ਕਿ ਪਿਛਲੇ ਕਈ ਮਹੀਨਿਆਂ ਤੋਂ ਕਰੋਨਾ ਮਹਾਂਮਾਰੀ ਕਾਰਨ ਗਰੀਬ ਲੋਕਾਂ ਨੂੰ ਘਰ ਦਾ ਗੁਜ਼ਰ ਬਸਰ ਕਰਨ ਲਈ ਬੇਹੱਦ ਔਖੀਆਈ ਆ ਰਹੀ ਸੀ ਅਤੇ ਸਮਾਰਟ ਰਾਸ਼ਨ ਕਾਰਡ ਮਿਲਣ ਨਾਲ ਉਹਨਾਂ ਦੀ ਜ਼ਿੰਦਗੀ ਕੁਝ ਸੁਖਾਲੀ ਹੋ ਸਕੇਗੀ । ਵਿਧਾਇਕ ਨੇ ਆਖਿਆ ਕਿ ਉਹ ਚਾਹੁੰਦੇ ਹਨ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਸ਼ੁਰੂ ਕੀਤੀਆਂ ਲੋਕ ਭਲਾਈ ਸਕੀਮਾਂ ਨੂੰ ਸਹੀ ਹੱਥਾਂ ਤੱਕ ਪਹੁੰਚਦਾ ਕੀਤਾ ਜਾ ਸਕੇ। ਇਸ ਮੌਕੇ ਵਾਰਡ ਇੰਚਾਰਜ ਜਤਿੰਦਰ ਅਰੋੜਾ ਨੇ ਵਿਧਾਇਕ ਡਾ: ਹਰਜੋਤ ਕਮਲ ਦਾ ਧੰਨਵਾਦ ਕਰਦਿਆਂ ਆਖਿਆ ਕਿ ਉਹਨਾਂ ਦੀ ਬਦੌਲਤ ਸਮੁੱਚੇ ਮੋਗਾ ਸ਼ਹਿਰ ਦੇ ਨਾਲ ਨਾਲ ਵਾਰਡ ਨੰਬਰ 3 ਵਿਚ ਐੱਲ ਈ ਡੀ ਲਾਈਟਾਂ ਲਗਾਉਣ, ਸੜਕਾਂ ’ਤੇ ਪ੍ਰੀਮਿਕਸ ਪਾਉਣ ,ਸੀਵਰੇਜ ਦੇ ਢੱਕਣ ਬਦਲਾਉਣ ਅਤੇ ਨਾਲੀਆਂ ਵਿਚ ਪਾਈਪਾਂ ਪਾ ਕੇ ਗਲੀਆਂ ਦੀਆਂ ਵਰਮਾਂ ਪੱਕੀਆਂ ਕਰਨ ਦਾ ਕੰਮ ਨੇਪਰੇ ਚੜ੍ਹਿਆ ਹੈ । ਇਸ ਮੌਕੇ ਸੀਨੀਅਰ ਕਾਂਗਰਸੀ ਆਗੂ ਸੀਰਾ ਚਕਰ ਤੋਂ ਇਲਾਵਾ ਮਿੱਕੀ ਹੁੰਦਲ,ਸੁਨੀਲ ਨੀਟਾ,ਪ੍ਰੇਮ ਕੁਮਾਰ,ਐਡਵੋਕੇਟ ਪਰਉਪਕਾਰ ਸਿੰਘ ਸੰਘਾ , ਪੰਡਿਤ ਰਾਜੇਸ਼ ਗੌੜ, ਅਮਨ ਲੋਧਰਾ, ਜਗਜੀਤ ਸਿੰਘ ਬਰਾੜ,ਬਰਜਿੰਦਰ ਸ਼ਰਮਾ,ਰਘਬੀਰ ਸਿੰਘ,ਲੱਕੀ ਸਰਾਂ,ਸਨੀ ਤੁਲੀ,ਬਲਰਾਜ ਬਲ,ਬਲਜੀਤ ਸਿੰਘ,ਸੁਰਜੀਤ ਸਿੰਘ,ਬਿੱਟੂ ਦੀਕਸ਼ਿਤ ਅਤੇ ਮੁਹੱਲਾ ਵਾਸੀ ਹਾਜ਼ਰ ਸਨ ।