ਚੰਦ ਪੁਰਾਣਾ ਵਿਖੇ ਮਾਤਾ ਗੁੱਜਰ ਕੌਰ ਅਤੇ ਛੋਟੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਮਨਾਇਆ ਪੁੰਨਿਆ ਦਾ ਦਿਹਾੜਾ

*ਸਾਹਿਬਜ਼ਾਦਿਆਂ ਦੀ ਸ਼ਹਾਦਤ ਤੋਂ ਪ੍ਰੇਰਨਾ ਲੈ ਕੇ ਆਪਣੇ ਬੱਚਿਆਂ ਨੂੰ ਸਿੱਖ ਧਰਮ ਨਾਲ ਜੋੜੀਏ: ਬਾਬਾ ਗੁਰਦੀਪ ਸਿੰਘ 

ਬਾਘਾਪੁਰਾਣਾ,2 ਜਨਵਰੀ(ਜਸ਼ਨ) ਮਾਲਵੇ ਦੇ ਇਤਿਹਾਸਕ ਸਥਾਨ ਗੁਰਦੁਆਰਾ ਸ਼ਹੀਦ ਬਾਬਾ ਤੇਗਾ ਸਿੰਘ ਤਪ ਅਸਥਾਨ ਸੱਚਖੰਡ ਵਾਸੀ ਬਾਬਾ ਨਛੱਤਰ ਸਿੰਘ ਚੰਦਪੁਰਾਣਾ ਦੇ ਮੁੱਖ ਸੇਵਾਦਾਰ ਬਾਬਾ ਗੁਰਦੀਪ ਸਿੰਘ ਦੀ ਰਹਿਨੁਮਈ ਹੇਠ ਸੰਗਤਾਂ ਦੇ ਸਹਿਯੋਗ ਨਾਲ ਮਾਤਾ ਗੁੱਜਰ ਕੌਰ ਅਤੇ ਛੋਟੇ ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਵਸ ਨੂੰ ਸਮਰਪਿਤ ਪੁੰਨਿਆ ਦਾ ਦਿਹਾੜਾ ਮਨਾਇਆ ਗਿਆ। ਇਸ ਸਮਾਗਮ ਦੌਰਾਨ ਅੰਮ੍ਰਿਤ ਵੇਲੇ ਤੋਂ ਲੈ ਕੇ ਰਾਗੀ ਜਥੇ ਭਾਈ ਸਿਮਰਨ ਸਿੰਘ, ਭਾਈ ਗੁਰਚਰਨ ਸਿੰਘ ਰਸੀਲਾ, ਭਾਈ ਸਤਪਾਲ ਸਿੰਘ ਬਾਘਾਪੁਰਾਣਾ,ਭਾਈ ਇਕਬਾਲ ਸਿੰਘ ਲੰਗੇਆਣਾ ਵਾਲਿਆਂ ਨੇ ਸੰਗਤਾਂ ਨੂੰ ਗੁਰ ਇਤਿਹਾਸ ਸੁਣਾ ਕੇ ਨਿਹਾਲ ਕੀਤਾ।ਇਸ ਮੌਕੇ ਕਵੀਸ਼ਰੀ ਜਥੇ ਭਾਈ ਜੁਗਰਾਜ ਸਿੰਘ ਮੌੜ ਮਾਲਵਾ, ਸ਼੍ਰੋਮਣੀ ਕਮੇਟੀ ਦੇ ਪ੍ਰਮੁੱਖ ਪ੍ਰਚਾਰਕ ਭਾਈ ਲਖਬੀਰ ਸਿੰਘ ਨੇ ਸੰਗਤਾਂ ਨੂੰ ਸਾਹਿਬਜ਼ਾਦਿਆਂ ਦੀ ਸ਼ਹੀਦੀ 'ਤੇ ਚਾਨਣਾ ਪਾਇਆ।  ਇਸ ਮੌਕੇ ਬਾਬਾ ਸੁਖਦੇਵ ਸਿੰਘ ਡੁਮੇਲੀ ਵਾਲਿਆਂ ਨੇ ਵੀ ਸੰਗਤਾਂ ਨਾਲ ਪ੍ਰਵਚਨ ਸਾਂਝੇ ਕੀਤੇ।

ਇਸ ਮੌਕੇ ਮੁੱਖ ਸੇਵਾਦਾਰ ਬਾਬਾ ਗੁਰਦੀਪ ਸਿੰਘ ਨੇ ਪ੍ਰਵਚਨ ਕਰਦਿਆਂ ਕਿਹਾ ਕਿ ਸਾਨੂੰ ਇਹ ਦਿਹਾੜਾ ਕਦੇ ਵੀ ਭੁਲਾਉਣਾ ਨਹੀਂ ਚਾਹੀਦਾ,ਦਸਮ ਪਿਤਾ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਛੋਟੇ ਸਾਹਿਬਜ਼ਾਦਿਆਂ ਨੂੰ ਸੂਬਾ ਸਰਹੰਦ ਵਜ਼ੀਰ ਖਾਂ ਵੱਲੋਂ ਜਿਉਂਦਾ ਨੀਹਾਂ 'ਚ ਚਿਣ ਕੇ ਸ਼ਹੀਦ ਕੀਤਾ ਗਿਆ। ਇਸ ਮੁਕੱਦਸ ਧਰਤੀ ਨੂੰ ਸਿਜਦਾ ਕਰਨ ਲਈ ਲਈ ਲੱਖਾਂ ਦੀ ਗਿਣਤੀ 'ਚ ਸੰਗਤਾਂ ਹਰ ਵਰ੍ਹੇ ਪੁੱਜਦੀਆਂ ਹਨ  । ਦਸਮੇਸ਼ ਪਿਤਾ, ਗੁਰੂ ਗੋਬਿੰਦ ਸਿੰਘ ਜੀ ਦੇ ਮਾਤਾ ਗੁੱਜਰ ਕੌਰ, ਛੋਟੇ ਸਾਹਿਬਜ਼ਾਦਿਆਂ ਬਾਬਾ ਜ਼ੋਰਾਵਰ ਸਿੰਘ ਜੀ ਤੇ ਬਾਬਾ ਫਤਿਹ ਸਿੰਘ ਜੀ ਦੀ ਧਰਮ ਹਿਤ ਦਿੱਤੀ ਅਦੁੱਤੀ-ਸ਼ਹਾਦਤ ਦੀ ਇੱਕ ਮਿਸਾਲ ਹੈ ਆਓ ਅੱਜ ਉਨ੍ਹਾਂ ਦੀ ਸ਼ਹਾਦਤ ਤੋਂ ਪ੍ਰੇਰਨਾ ਲੈ ਕੇ ਆਪਣੇ ਬੱਚਿਆਂ ਨੂੰ ਸਿੱਖ ਧਰਮ ਦੇ ਨਾਲ ਜੋੜੀਏ।ਕਿਉਂਕਿ ਸਾਡੇ ਬੱਚੇ ਅੱਜ ਪਤਿਤਪੁਣੇ ਦਾ ਸ਼ਿਕਾਰ ਹੋ ਰਹੇ ਹਨ ਅਸੀਂ ਆਪਣੇ ਬੱਚਿਆਂ ਨੂੰ ਸਿੱਖ ਧਰਮ ਨਾਲ ਜੋੜ ਕੇ ਗੁਰੂ ਸਾਹਿਬ ਵੱਲੋਂ ਦਰਸਾਏ ਮਾਰਗ  ਤੇ ਚੱਲਣਾ ਹੈ ਅਤੇ ਆਪਣਾ ਇਨਸਾਨੀ ਫ਼ਰਜ਼ ਵੀ ਨਿਭਾਉਣੇ ਹਨ।ਇਸ ਮੌਕੇ ਬਾਬਾ ਜੀ ਨੇ ਕਿਸਾਨੀ ਸੰਘਰਸ਼ ਦੀ ਸੁੱਖ ਮੰਗਦਿਆਂ ਗੁਰੂ ਸਾਹਿਬ ਅੱਗੇ ਅਰਦਾਸ ਕੀਤੀ ਅਤੇ ਹਰ ਤਰ੍ਹਾਂ ਦੀ ਕਿਸਾਨੀ ਅੰਦੋਲਨ ਵਿਚ ਸਹਾਇਤਾ ਦੇਣ ਦਾ ਭਰੋਸਾ ਦਿੱਤਾ।ਸਮਾਗਮ ਦੌਰਾਨ ਠੰਢ ਦੇ ਬਾਵਜੂਦ ਵੀ ਸੰਗਤਾਂ ਨੇ ਪਵਿੱਤਰ ਸਰੋਵਰ ਵਿੱਚ ਇਸ਼ਨਾਨ ਕੀਤਾ ਅਤੇ ਸ਼ਹੀਦਾਂ ਦੇ ਸਥਾਨਾਂ ਤੇ ਨਤਮਸਤਕ ਹੋਈਆਂ। ਸਮਾਗਮ ਦੌਰਾਨ ਪਲੈਨਿੰਗ ਬੋਰਡ  ਦੇ ਚੇਅਰਮੈਨ ਭਾਈ ਇੰਦਰਜੀਤ ਸਿੰਘ ਬੀੜ ਚੜਿਕ  ਵਿਸ਼ੇਸ਼ ਤੌਰ ਤੇ ਪੁੱਜੇ।ਸਟੇਜ ਦੀ ਸੇਵਾ ਦਰਸ਼ਨ ਸਿੰਘ ਡਰੋਲੀ ਭਾਈ ਨੇ ਨਿਭਾਈ।ਸਮਾਗਮ ਦੌਰਾਨ ਸੰਗਤਾਂ ਤੋਂ ਇਲਾਵਾ ਗੁਰਜੰਟ ਸਿੰਘ,ਚਮਕੌਰ ਸਿੰਘ ਚੰਦ ਪੁਰਾਣਾ, ਧਰਮ ਸਿੰਘ  ਕਾਲੇ ਕੇ, ਨਛੱਤਰ ਸਿੰਘ ਅਤੇ ਭਾਈ ਸੁੱਖਾ ਸਿੰਘ ਵੀ ਹਾਜ਼ਰ ਸਨ।