ਇੰਪਰੂਵਮੈਂਟ ਟਰੱਸਟ ਦੇ ਚੇਅਰਮੈਨ ਵਿਨੋਦ ਬਾਂਸਲ ਨੇ ਮੋਗਾ ਵਾਸੀਆਂ ਨੂੰ ਨਵੇਂ ਸਾਲ ਦੀ ਦਿੱਤੀ ਵਧਾਈ,ਕਿਹਾ, ਦਰਪੇਸ਼ ਸਮੱਸਿਆਵਾਂ ਨਾਲ ਬੀਤੇ 2020 ਨੇ ਸਮੁੱਚੇ ਵਿਸ਼ਵ ਨੂੰ ਕੀਤਾ ਹੋਰ ਮਜ਼ਬੂਤ

ਮੋਗਾ, 31 ਦਸੰਬਰ (ਜਸ਼ਨ): ਮੋਗਾ ਇੰਪਰੂਵਮੈਂਟ ਟਰੱਸਟ ਦੇ ਚੇਅਰਮੈਨ ਵਿਨੋਦ ਬਾਂਸਲ ਨੇ ਮੋਗਾ ਵਾਸੀਆਂ ਨੂੰ ਨਵੇਂ ਸਾਲ ਦੀ ਵਧਾਈ ਦਿੰਦਿਆਂ ਆਖਿਆ ਕਿ ਸ਼ਾਲਾ 2021 ਸਮੁੱਚੇ ਵਿਸ਼ਵ ਲਈ ਖੁਸ਼ੀਆਂ ਖੇੜੇ ਲੈ ਕੇ ਆਵੇ । ਬਾਂਸਲ ਨੇ ਆਖਿਆ ਕਿ 2020 ਦੇ ਸ਼ੁਰੂਆਤੀ ਮਹੀਨਿਆਂ ਤੋਂ ਹੀ ਕਰੋਨਾ ਮਹਾਂਮਾਰੀ ਦੇ ਫੈਲਣ ਕਾਰਨ ਚਾਹੇ ਸਮੁੱਚਾ ਵਿਸ਼ਵ ਇਸ ਭਿਆਨਕ ਬੀਮਾਰੀ ਕਾਰਨ ਖੌਫ਼ਜ਼ਦਾ ਸੀ ਪਰ ਫੇਰ ਵੀ ਲੋਕ ਕੁਦਰਤੀ ਆਫ਼ਤਾਂ ਨਾਲ ਨਜਿੱਠਣ ਲਈ ਪੂਰੀ ਮਜਬੂਤੀ ਨਾਲ ਉੱਭਰੇ ਹਨ। ਬਾਂਸਲ ਨੇ ਆਖਿਆ ਕਿ ਉਹਨਾਂ ਨੂੰ ਦਿਲੀ ਦੁੱਖ ਹੈ ਕਿ ਕੁਝ ਲੋਕ ਕਰੋਨਾ ਸੰਕਰਮਣ ਕਾਰਨ ਇਸ ਦੁਨੀਆਂ ਨੂੰ ਅਲਵਿਦਾ ਕਹਿ ਗਏ ਪਰ ਫਿਰ ਵੀ ਮਹਾਂਮਾਰੀ ਦੇ ਦੌਰ ਵਿਚ ਪੰਜਾਬੀਆਂ ਨੇ ਨਾ ਕਿਤੇ ਲੰਗਰ ਦੀ ਘਾਟ ਆਉਣ ਦਿੱਤੀ ਤੇ ਨਾ ਹੀ ਕਿਸੇ ਨੂੰ ਭੁੱਖੇ ਪੇਟ ਸੌਣ ਦਿੱਤਾ। ਉਹਨਾਂ ਕਿਹਾ ਕਿ ਕਰੋਨਾ ਮਹਾਂਮਾਰੀ ਦੌਰਾਨ ਸੂਬਾ ਸਰਕਾਰ ਨੇ ਸਮੁੱਚੇ ਪੰਜਾਬ ਦੇ ਲੋੜਵੰਦ ਪਰਿਵਾਰਾਂ ਨੂੰ ਮੁੱਫਤ ਰਾਸ਼ਨ ਉਹਨਾਂ ਦੇ ਘਰਾਂ ਤੱਕ ਪਹੰੁਚਾਇਆ ਜਿਸ ਨੇ ਇਹ ਸਾਬਤ ਕਰ ਦਿੱਤਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਹੱਥਾਂ ਵਿਚ ਸੂਬੇ ਦਾ ਭਵਿੱਖ ਬੇਹੱਦ ਸੁਰੱਖਿਅਤ ਹੈ ਜਿਹਨਾਂ ਇਸ ਮਹਾਂਮਾਰੀ ਦੌਰਾਨ ਵੀ ਲੋਕਾਂ ਨੂੰ ਡੋਲਣ ਨਹੀਂ ਦਿੱਤਾ। ਬਾਂਸਲ ਨੇ ਆਖਿਆ ਕਿ ਵਿਧਾਇਕ ਡਾ: ਹਰਜੋਤ ਕਮਲ ਅਤੇ ਉਹਨਾਂ ਦੀ ਸਮੁੱਚੀ ਟੀਮ ਨੇ ਸਮੁੱਚੇ ਸ਼ਹਿਰ ਨੂੰ ਸੈਨੇਟਾਈਜ਼ ਕਰਨ ਅਤੇ ਡਾ: ਕਮਲ ਵੱਲੋਂ ਕਰੋਨਾ ਕਾਲ ਦੌਰਾਨ ਹਸਪਤਾਲਾਂ ਵਿਚ ਦੇਰ ਰਾਤ ਜਾ ਕੇ ਸਿਹਤ ਸਹੂਲਤਾਂ ਦਾ ਜਾਇਜ਼ਾ ਲਿਆ ਗਿਆ ਤਾਂ ਕਿ ਮੋਗਾ ਵਾਸੀਆਂ ਨੂੰ ਕਿਸੇ ਕਿਸਮ ਦੀ ਮੁਸ਼ਕਿਲ ਦਰਪੇਸ਼ ਨਾ ਆਵੇ। ਮੋਗਾ ਇੰਪਰੂਵਮੈਂਟ ਟਰੱਸਟ ਦੇ ਚੇਅਰਮੈਨ ਵਿਨੋਦ ਬਾਂਸਲ ਨੇ ਆਖਿਆ ਕਿ ਇੰਪਰੂਵਮੈਂਟ ਟਰੱਸਟ ਸਮੁੱਚੇ ਮੋਗਾ ਵਾਸੀਆਂ ਨੂੰ ਜਿਉਣ ਲਈ ਸਾਜ਼ਗਾਰ ਮਾਹੌਲ ਮੁਹੱਈਆ ਕਰਵਾਉਣ ਲਈ ਦਿ੍ਰੜ ਸੰਕਲਪ ਰਹੇਗਾ। ਚੇਅਰਮੈਨ ਵਿਨੋਦ ਬਾਂਸਲ ਨੇ ਆਖਿਆ ਕਿ ਪ੍ਰਮਾਤਮਾ ਕਰੇ ਸਾਲ 2021 ਸਾਰੇ ਵਿਸ਼ਵ ਸ਼ਾਂਤੀ ਅਤੇ ਖੁਸ਼ੀਆਂ ਖੇੜੇ ਲੈ ਕੇ ਆਵੇ। ਜ਼ਿਕਰਯੋਗ ਹੈ ਕਿ ਵਿਧਾਇਕ ਡਾ: ਹਰਜੋਤ ਕਮਲ ਨਾਲ ਚੰਡੀਗੜ੍ਹ ਤੋਂ ਵਾਪਸ ਆਉਂਦਿਆਂ ਵਿਨੋਦ ਬਾਂਸਲ ਹਾਦਸਾਗ੍ਰਸਤ ਹੋ ਗਏ ਸਨ ਜਿਹਨਾਂ ਦਾ ਬੀਤੇ ਕੱਲ ਡੀ ਐੱਮ ਸੀ ਵਿਖੇ ਮੋਢੇ ਦਾ ਆਪਰੇਸ਼ਨ ਕੀਤਾ ਗਿਆ ਹੈ।


