ਚੇਅਰਮੈਨ ਰਜਿੰਦਰਪਾਲ ਸਿੰਘ ਗਿੱਲ ਅਤੇ ਵਿਧਾਇਕ ਡਾ: ਹਰਜੋਤ ਕਮਲ ਦੇ ਭਰਾ ਸੀਰਾ ਚਕਰ ਨੇ ਖੇਤੀ ਹਾਦਸਿਆਂ ਦੇ ਪੀੜਤਾਂ ਨੂੰ ਸਹਾਇਤਾ ਰਾਸ਼ੀ ਦੇ ਚੈੱਕ ਕੀਤੇ ਤਕਸੀਮ

ਮੋਗਾ,31 ਦਸੰਬਰ (ਜਸ਼ਨ): ਪੰਜਾਬ ਸਰਕਾਰ ਵੱਲੋਂ ਖੇਤੀ ਹਾਦਸਿਆਂ ਦੇ ਪੀੜਤਾਂ ਨੂੰ ਸਹਾਇਤਾ ਰਾਸ਼ੀ ਪ੍ਰਦਾਨ ਕਰਨ ਲਈ ਮਾਰਕੀਟ ਕਮੇਟੀ ਦੇ ਮੋਗਾ ਦੇ ਚੇਅਰਮੈਨ ਰਜਿੰਦਰਪਾਲ ਸਿੰਘ ਗਿੱਲ ਸਿੰਘਾਂਵਾਲਾ ਅਤੇ ਵਿਧਾਇਕ ਡਾ: ਹਰਜੋਤ ਕਮਲ ਦੇ ਭਰਾ ਸੀਰਾ ਚਕਰ ਨੇ ਹਾਦਸਾ ਪੀੜਤਾਂ ਨੂੰ ਮੁਆਵਜ਼ੇ ਦੇ ਚੈੱਕ ਤਕਸੀਮ ਕੀਤੇ। ਇਸ ਮੌਕੇ ਮਾਰਕੀਟ ਕਮੇਟੀ ਦੇ ਸੈਕਟਰੀ ਵਜੀਰ ਸਿੰਘ ਵਿਸ਼ੇਸ਼ ਤੌਰ ’ਤੇ ਹਾਜ਼ਰ ਸਨ। ਚੇਅਰਮੈਨ ਰਜਿੰਦਰਪਾਲ ਸਿੰਘ ਗਿੱਲ ਨੇ ਮਾਰਕੀਟ ਕਮੇਟੀ ਦੇ ਦਫਤਰ ਵਿਖੇ ਆਏ ਪੀੜਤ ਕਿਸਾਨਾਂ ਦੇ ਪਰਿਵਾਰਕ ਮੈਂਬਰਾਂ ਨੂੰ ਚੈੱਕ ਦਿੰਦਿਆਂ ਆਖਿਆ ਕਿ ਕਿਸਾਨਾਂ ਦੇ ਸਿਰ ’ਤੇ ਸਮੁੱਚੇ ਵਿਸ਼ਵ ਦੀ ਹੋਂਦ ਕਾਇਮ ਹੈ ਅਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਜਿੱਥੇ ਕਿਸਾਨਾਂ ਦੇ ਔਖੇ ਸੌਖੇ ਵੇਲੇ ਉਹਨਾਂ ਦੇ ਹੱਕ ਵਿਚ ਨਿਤਰਦੇ ਹਨ ਉੱਥੇ ਅਜਿਹੇ ਕਿਸਾਨ ਭਰਾ ਜਿਹਨਾਂ ਨੂੰ ਖੇਤੀਬਾੜੀ ਧੰਦਾ ਕਰਦਿਆਂ ਕਈ ਵਾਰ ਆਪਣੀ ਜਾਨ ਤੋਂ ਹੱਥ ਧੋਣੇ ਪੈ ਜਾਂਦੇ ਹਨ ਜਾਂ ਫਿਰ ਖੇਤੀ ਮਸ਼ੀਨਰੀ ਕਾਰਨ ਉਹ ਹਾਦਸਾ ਪੀੜਤ ਹੋ ਜਾਂਦੇ ਨੇ ਅਤੇ ਅਜਿਹੇ ਵਿਚ ਪਰਿਵਾਰਾਂ ਦਾ ਗੁਜ਼ਰ ਬਸਰ ਕਰਨਾ ਬੇਹੱਦ ਮੁਸ਼ਕਿਲ ਹੋ ਜਾਂਦਾ ਹੈ ਅਤੇ ਇਸ ਮੁਸ਼ਕਿਲ ਦੌਰ ਤੋਂ ਕਿਸਾਨ ਪਰਿਵਾਰਾਂ ਨੂੰ ਕੱਢਣ ਲਈ ਸਰਕਾਰ ਵੱਲੋਂ ਸਮੇਂ ਸਮੇਂ ’ਤੇ ਸਹਾਇਤਾ ਰਾਸ਼ੀ ਦੇ ਚੈੱਕ ਤਕਸੀਮ ਕੀਤੇ ਜਾਂਦੇ ਹਨ। ਉਹਨਾਂ ਕਿਹਾ ਕਿ ਵਿਧਾਇਕ ਡਾ: ਹਰਜੋਤ ਕਮਲ ਦੇ ਨਿਰਦੇਸ਼ਾਂ ’ਤੇ ਅਜਿਹੇ ਪੀੜਤ ਪਰਿਵਾਰਾਂ ਦੀ ਮਦਦ ਲਈ ਕੇਸ ਅਪਲਾਈ ਕੀਤੇ ਸਨ ਅਤੇ ਉਹਨਾਂ ਦੇ ਸੁਹਿਰਦ ਯਤਨਾ ਸਦਕਾ ਇਹ ਸਹਾਇਤਾ ਰਾਸ਼ੀ ਦੇ ਚੈੱਕਾਂ ਦੀ ਵੰਡ ਕਰ ਦਿੱਤੀ ਗਈ ਹੈ ਜਿਸ ਨਾਲ ਹਾਦਸਾ ਪੀੜਤ ਕਿਸਾਨਾਂ ਦੀ ਡਾਵਾਂਡੋਲ ਆਰਥਿਕ ਸਥਿਤੀ ਠੀਕ ਹੋ ਸਕੇਗੀ। ਚੈੱਕ ਵੰਡਣ ਮੌਕੇ ਵਿਧਾਇਕ ਡਾ: ਹਰਜੋਤ ਕਮਲ ਦੇ ਭਰਾ ਸੀਰਾ ਚਕਰ ਤੋਂ ਇਲਾਵਾ ਸ਼੍ਰੀਮਤੀ ਸੰਦੀਪ ਕੌਰ, ਸ਼੍ਰੀ ਰਜਿੰਦਰ ਸਿੰਘ ਲੇਖਾਕਾਰ, ਪਰਮਿੰਦਰ ਸਿੰਘ,ਅਮਿ੍ਰਤ ਸਿੰਘ ,ਬਲਵੰਤ ਸਿੰਘ,ਹਰਵਿੰਦਰ ਸਿੰਘ,ਹਰੀ ਸਿੰਘ,ਨਿਰਮਲ ਸਿੰਘ,ਇੰਦਰਜੀਤ ਸਿੰਘ ਆਦਿ ਹਾਜ਼ਰ ਸਨ । ਇਸ ਮੌਕੇ ਮਾਰਕੀਟ ਕਮੇਟੀ ਦੇ ਮੋਗਾ ਦੇ ਚੇਅਰਮੈਨ ਰਜਿੰਦਰਪਾਲ ਸਿੰਘ ਗਿੱਲ ਸਿੰਘਾਂਵਾਲਾ ਨੇ ਕਿਸਾਨੀ ਸੰਘਰਸ਼ ‘ਚ ਨਿੱਤਰੇ ਕਿਸਾਨਾਂ ਦੀ ਤੰਦਰੁਸਤੀ ਦੀ ਕਾਮਨਾ ਕੀਤੀ ਜਿਹਨਾਂ ਨੇ ਹਿੱਕ ਡਾਹ ਕੇ ਕੇਂਦਰ ਸਰਕਾਰ ਨਾਲ ਆਢਾ ਲਿਆ ਹੋਇਆ ਹੈ ।