ਵਿਧਾਇਕ ਡਾ: ਹਰਜੋਤ ਕਮਲ ਨੇ ਸਮੂਹ ਪੰਜਾਬੀਆਂ ਨੂੰ ਨਵੇਂ ਸਾਲ ਦੀਆਂ ਸੁੱਭ ਇੱਛਾਵਾਂ ਭੇਟ ਕਰਦਿਆਂ ਕਿਸਾਨਾਂ ਦੇ ਸੁਖ਼ੀ ਸਾਂਦੀ ਘਰੀਂ ਵਾਪਸ ਪਰਤਣ ਦੀ ਕੀਤੀ ਅਰਦਾਸ

ਮੋਗਾ,31 ਦਸੰਬਰ (ਜਸ਼ਨ): ਵਿਧਾਇਕ ਡਾ: ਹਰਜੋਤ ਕਮਲ ਨੇ ਮੋਗਾ ਵਾਸੀਆਂ ਅਤੇ ਦੇਸ਼ਾਂ ਵਿਦੇਸ਼ਾਂ ਵਿਚ ਵੱਸਦੇ ਪੰਜਾਬੀਆਂ ਨੂੰ ਨਵੇਂ ਸਾਲ ਦੀਆਂ ਸੁੱਭ ਇੱਛਾਵਾਂ ਭੇਟ ਕਰਦਿਆਂ ਆਖਿਆ ਕਿ 2020 ਸਮੁੱਚੇ ਵਿਸਵ ਲਈ ਚੁਣੌਤੀਆਂ ਭਰਪੂਰ ਰਿਹਾ, ਖਾਸਕਰ ਪੰਜਾਬ ਦੇ ਕਿਸਾਨਾਂ ਲਈ ਜਿਹਨਾਂ ਪਹਿਲਾਂ ਕਰੋਨਾ ਮਹਾਂਮਾਰੀ ਨਾਲ ਅਤੇ ਫੇਰ ਖੇਤੀ ਕਾਨੂੰਨਾਂ ਖਿਲਾਫ਼ ਖੋਲ੍ਹੇ ਮੋਰਚੇ ਵਿਚ ਸ਼ਮੂਲੀਅਤ ਕਰਕੇ ਇਕ ਦਿਨ ਵੀ ਸੁੱਖ ਦਾ ਸਾਹ ਨਹੀਂ ਲਿਆ। ਡਾ: ਕਮਲ ਨੇ ਆਖਿਆ ਕਿ ਮੇਰਾ ਸਿਰ ਕਿਸਾਨਾਂ ਦੀ ਮਿਹਨਤ ਅੱਗੇ ਝੁੱਕ ਜਾਂਦਾ ਹੈ ਜਦੋਂ ਮੈਂ ਸੋਚਦਾ ਹਾਂ ਕਿ ਕਿਸਾਨਾਂ ਨੇ ਕਰੋਨਾ ਕਾਲ ਦੌਰਾਨ ਵੀ ਲਗਾਤਾਰ ਖੇਤਾਂ ਵਿਚ ਕੰਮ ਕਰਦਿਆਂ ਪਹਿਲਾਂ ਕਣਕ ਦੀ ਕਟਾਈ ਅਤੇ ਫਿਰ ਝੋਨੇ ਦੀ ਬਿਜਾਈ ਕੀਤੀ ਜਦ ਕਿ ਆਮ ਲੋਕ ਘਰਾਂ ਦੇ ਅੰਦਰ ਬੈਠੇ ਸੀ । ਡਾ: ਹਰਜੋਤ ਨੇ ਆਖਿਆ ਕਿ ਕਰੋਨਾ ਮਹਾਂਮਾਰੀ ਤੋਂ ਬਾਅਦ ਕੇਂਦਰ ਵੱਲੋਂ ਪਾਸ ਕੀਤੇ ਖੇਤੀ ਕਾਨੂੰਨਾਂ ਦੇ ਵਿਰੋਧ ਲਈ ਦਿੱਲੀ ਦੇ ਬਾਰਡਰਾਂ ’ਤੇ ਦਿਨ ਰਾਤ ਇਕ ਕਰਨ ਵਾਲੇ ਕਿਸਾਨ ਭਰਾਵਾਂ, ਭੈਣਾਂ, ਨੌਜਵਾਨਾਂ ਅਤੇ ਮਾਵਾਂ ਦੀਆਂ ਗੋਦੀਆਂ ਵਿਚ ਬੈਠੇ ਬਾਲਾਂ ਨੂੰ ਦੇਖਦਿਆਂ ਮੇਰਾ ਸਿਰ ਸ਼ਰਧਾ ਨਾਲ ਝੁੱਕ ਜਾਂਦਾ ਹੈ । ਵਿਧਾਇਕ ਨੇ ਆਖਿਆ ਕਿ ਮੈਂ ਵਾਹਿਗੁਰੂ ਜੀ ਅੱਗੇ ਅਰਦਾਸ ਕਰਦਾ ਹਾਂ ਕਿ ਕੇਂਦਰ ਸਰਕਾਰ ਕਿਸਾਨਾਂ ਦੇ ਮਸਲਿਆਂ ਨੂੰ ਚੜ੍ਹਦੇ ਸਾਲ ਹੱਲ ਕਰ ਦੇਵੇ ਤਾਂ ਕਿ ਉਹ ਬਾਰਡਰਾਂ ਤੋਂ ਖੁਸ਼ੀ ਖੁਸ਼ੀ ਵਾਪਸ ਆਪਣੇ ਆਲ੍ਹਣਿਆਂ ਵਿਚ ਆ ਸਕਣ। ਆਉਂਦਾ ਸਾਲ 2021 ਸਾਰਿਆਂ ਲਈ ਸੁੱਖ ਸਾਂਦ ਅਤੇ ਖੁਸੀਆਂ ਖੇੜੇ ਲੈ ਕੇ ਆਵੇ।


