ਆਮ ਆਦਮੀ ਪਾਰਟੀ ਮੋਗੇ ਵਿੱਚ ਨਿਗਮ ਚੋਣਾਂ ਆਪਣੇ ਚੋਣ ਨਿਸ਼ਾਨ ’ਤੇ ਲੜੇਗੀ: ਹਰਮਨਜੀਤ ਸਿੰਘ ਦੀਦਾਰੇਵਾਲਾ ਜ਼ਿਲ੍ਹਾ ਪ੍ਰਧਾਨ ਆਮ ਆਦਮੀ ਪਾਰਟੀ

ਮੋਗਾ,29 ਦਸੰਬਰ (ਜਸ਼ਨ):  ਆਉਣ ਵਾਲੀਆਂ ਨਗਰ ਨਿਗਮਾਂ ਅਤੇ ਮਿਊਸੀਪਲ ਕਮੇਟੀਆਂ ਦੀਆਂ ਚੋਣਾਂ ਆਮ ਆਦਮੀ ਪਾਰਟੀ ਆਪਣੇ ਚੋਣ ਨਿਸ਼ਾਨ ‘ਝਾੜੂ’ ਉੱਤੇ ਲੜੇਗੀ। ਇਹ ਐਲਾਨ ਅੱਜ ਮੋਗਾ ਵਿਖੇ ਕਮਲ ਹੋਟਲ ਵਿਚ ਬੁਲਾਈ ਪ੍ਰੈਸ ਕਾਨਫਰੰਸ ਦੌਰਾਨ ਆਮ ਆਦਮੀ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਹਰਮਨਜੀਤ ਸਿੰਘ ਦੀਦਾਰੇਵਾਲਾ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ। ਇਸ ਮੌਕੇ ਐਡਵੋਕੇਟ ਸ਼੍ਰੀ ਨਸੀਬ ਬਾਵਾ, ਯੂਥ ਆਗੂ ਅਮਿਤ ਪੁਰੀ, ਜਨਰਲ ਸਕੱਤਰ ਦੀਪਕ ਸਮਾਲਸਰ, ਪਿਆਰਾ ਸਿੰਘ ਬੱਧਣੀ, ਸੰਜੀਵ ਕੋਛੜ, ਮਨਪ੍ਰੀਤ ਰਿੰਕੂ , ਤੇਜਿੰਦਰ ਸਿੰਘ ਬਰਾੜ,ਗੁਰਪ੍ਰੀਤ ਸਿੰਘ ਸਿੱਧੂ ਆਕਸਫੋਰਡ, ਅਮਨ ਰੱਖੜਾ ਮੀਡੀਆ ਇੰਚਾਰਜ ਅਤੇ ਆਮ ਆਦਮੀ ਪਾਰਟੀ ਦੇ ਅਹਿਮ ਆਗੂ ਹਾਜ਼ਰ ਸਨ। 

ਹਰਮਨਜੀਤ ਸਿੰਘ ਦੀਦਾਰੇਵਾਲਾ ਨੇ ਦੱਸਿਆ ਕਿ ਆਮ ਆਦਮੀ ਪਾਰਟੀ 50 ਵਾਰਡਾਂ ਵਿੱਚ ਆਪਣੇ ਯੋਗ ਅਤੇ ਈਮਾਨਦਾਰ ਉਮੀਦਵਾਰ ਖੜ੍ਹੇ ਕਰੇਗੀ ਅਤੇ ਕਾਰਪੋਰੇਸ਼ਨ ਵਿੱਚ ਆਪਣੀ ਪਾਰਟੀ ਦਾ ਮੇਅਰ ਬਣਾਏਗੀ। ਪੱਤਰਕਾਰਾਂ ਦੇ ਪੁੱਛੇ ਜਾਣ ’ਤੇ ਹਰਮਨ ਬਰਾੜ ਨੇ ਸਪੱਸ਼ਟ ਆਖਿਆ  ਕਿ ਅਗਲੇ 15 ਦਿਨਾਂ ਵਿੱਚ ਸ਼ਹਿਰ ਲਈ ਮੇਅਰ ਦੇ ਚਿਹਰੇ ਦਾ ਐਲਾਨ ਵੀ ਕਰ ਦਿੱਤਾ ਜਾਵੇਗਾ । ਉਹਨਾਂ ਕਿਹਾ ਕਿ ‘ਆਪ’ ਵੱਲੋਂ ਹੋਣ ਵਾਲੀਆਂ ਸਥਾਨਕ ਸਰਕਾਰਾਂ ਦੀਆਂ ਚੋਣਾਂ ਵਿੱਚ ਸਾਰੀਆਂ ਦੀਆਂ ਸਾਰੀਆਂ ਸੀਟਾਂ ਪੂਰੀ ਤਾਕਤ ਨਾਲ ਲੜੀਆਂ ਜਾਣਗੀਆਂ। ਜ਼ਿਲ੍ਹਾ ਪ੍ਰਧਾਨ ਨੇ ਕਿਹਾ ਕਿ ਇਹ ਚੋਣਾਂ ਪਾਰਟੀ ਦੇ ਚੋਣ ਨਿਸ਼ਾਨ ਉਤੇ ਹੀ ਲੜੀਆਂ ਜਾਣਗੀਆਂ। ਉਨ੍ਹਾਂ ਕਿਹਾ ਕਿ ਸ਼ਹਿਰਾਂ ਵਿੱਚ ਬਦਲਾਅ ਦੇ ਲਈ ਲੋਕਾਂ ਵਾਸਤੇ ਇਹ ਸੁਨਿਹਰੀ ਮੌਕਾ ਹੈ ਕਿ ਉਹ ਇਸ ਵਾਰ ਲੋਕਾਂ ਲਈ ਕੰਮ ਕਰਨ ਵਾਲੇ ਵਿਅਕਤੀਆਂ ਨੂੰ ਆਪਣਾ ਕੌਂਸਲਰ ਚੁਣਨ। ਹਰਮਨਜੀਤ ਸਿੰਘ ਦੀਦਾਰੇਵਾਲਾ ਨੇ ਕਿਹਾ ਕਿ ਨਗਰ ਨਿਗਮਾਂ, ਮਿਊਂਸਪਲ ਕਮੇਟੀਆਂ ਵਿੱਚ ਕਰੋੜਾਂ ਰੁਪਏ ਦੇ ਘਪਲੇ ਕੀਤੇ ਜਾਂਦੇ ਹਨ। ਅਜਿਹੇ ਭਿ੍ਰਸ਼ਟਾਚਾਰ ਨੂੰ ਰੋਕਣ ਦੇ ਲਈ ਜ਼ਰੂਰੀ ਹੈ ਕਿ ਪੜ੍ਹੇ ਲਿਖੇ ਤੇ ਯੋਗ ਵਿਅਕਤੀਆਂ ਨੂੰ ਆਪਣਾ ਪ੍ਰਤੀਨਿੱਧ ਚੁਣਿਆ ਜਾਵੇ। ਉਨ੍ਹਾਂ ਕਿਹਾ ਕਿ ਪਾਰਟੀ ਚੋਣ ਨਿਸ਼ਾਨ ‘ਝਾੜੂ’ ਨਾਲ ਗਲੀ ਮੁਹੱਲੇ ’ਚੋਂ ਰਾਜਨੀਤਿਕ ਅਤੇ ਕੂੜੇ ਦੀ ਗੰਦਗੀ ਨੂੰ ਸਾਫ ਕੀਤਾ ਜਾਵੇਗਾ। ਉਹਨਾਂ ਕਿਹਾ ਕਿ ਅਜੇ ਤੱਕ ਕਿਸੇ ਵੀ ਵਾਰਡ ਵਿਚੋਂ ਆਪ ਦੇ ਉਮੀਦਵਾਰ ਲਈ ਨਾਮ ਫਾਈਨਲ ਨਹੀਂ ਕੀਤਾ ਗਿਆ ਹੈ ਅਤੇ ਆਮ ਆਦਮੀ ਪਾਰਟੀ ਦੀ ਹਾਈ ਕਮਾਂਡ ਵੱਲੋਂ ਬਣਾਈ ਸਕਰੀਨਿੰਗ ਕਮੇਟੀ ਹੀ ਯੋਗ ਉਮੀਦਵਾਰਾਂ ਦੇ ਨਾਮ ਫਾਈਨਲ ਕਰੇਗੀ। ਪੱਤਰਕਾਰਾਂ ਵੱਲੋਂ ਭਗਵੰਤ ਮਾਨ ਦੀ ਸੰਸਦ ਮੈਂਬਰਸ਼ਿੱਪ ਰੱਦ ਕਰਨ ਦੇ ਸਵਾਲ ’ਤੇ ਹਰਮਨਜੀਤ ਸਿੰਘ ਦੀਦਾਰੇਵਾਲਾ ਨੇ ਆਖਿਆ ਕਿ ਉਮੀਦ ਕਰਦੇ ਹਾਂ ਕਿ ਛੇਤੀ ਹੀ ਕੇਂਦਰ ਦੀ ਤਾਨਾਸ਼ਾਹ ਮੋਦੀ ਸਰਕਾਰ ਕਾਲੇ ਖੇਤੀ ਕਾਨੂੰਨਾਂ ਨੂੰ ਵਾਪਸ ਲਵੇਗੀ । ਉਹਨਾਂ ਕਿਹਾ ਕਿ ਭਗਵੰਤ ਮਾਨ ਨੇ ਸੈਂਟਰਲ ਹਾਲ ’ਚ ਪ੍ਰਧਾਨ ਮੰਤਰੀ ਮੋਦੀ ਸਾਹਮਣੇ ਕਿਸਾਨਾਂ ਦੀ ਆਵਾਜ਼ ਉਠਾਕੇ ਆਪਣਾ ਇਕ ਫਰਜ਼ ਨਿਭਾਇਆ ਹੈ। 

ਸਾਬਕਾ ਕੌਂਸਲਰ ਨਸੀਬ ਬਾਵਾ ਨੇ ਕਿਹਾ ਕਿ ਪਿਛਲੇ 10 ਸਾਲ ਦੌਰਾਨ ਸਰਕਾਰ ਅਕਾਲੀ ਭਾਜਪਾ ਗੱਠਜੋੜ ਦੀ ਰਹੀ ਅਤੇ ਪੰਜ ਸਾਲ ਅਕਾਲੀ ਭਾਜਪਾ ਬਹੁਮਤ ਵਾਲੇ ਕਾਰਪੋਰੇਸ਼ਨ ਦੇ ਹਾਊਸ ਵਿਚ ਸ਼ੋ੍ਰਮਣੀ ਅਕਾਲੀ ਦਲ ਨਾਲ ਸਬੰਧਤ ਸ਼ਹਿਰ ਦੇ ਦੋ ਸਿਆਸੀ ਪਰਿਵਾਰਾਂ ਦੇ ਆਪਸੀ ਵਖਰੇਵੇਂ ਨੇ ਕੌਂਸਲਰਾਂ ਨੂੰ ਵੰਡੀ ਰੱਖਿਆ ਅਤੇ ਮੇਅਰ ਆਪਣੀ ਕੁਰਸੀ ਬਚਾਉਣ ਦੇ ਚੱਕਰ ਵਿਚ ਸ਼ਹਿਰ ਦੇ  ਵਿਕਾਸ ਨੂੰ ਵਿਸਾਰ ਬੈਠਾ ਪਰ ਹੁਣ ਦੁੱਖ ਦੀ ਗੱਲ ਹੈ ਕਿ ਜਦੋਂ ਉਨ੍ਹਾਂ ਨੇ ਇਕੱਠੇ ਹੋ ਕੇ ਸ਼ਹਿਰ ਵਿੱਚ ਵਿਕਾਸ ਦੇ ਕੰਮ ਕਰਵਾਉਣੇ ਸੀ ਉਸ ਸਮੇਂ ਉਹ ਲੜਦੇ ਰਹੇ ਤੇ ਜਦੋਂ  ਸਰਕਾਰ ਚਲੀ ਗਈ ਤਾਂ ਹੁਣ ਫੇਰ ਇਕੱਠੇ ਹੋ ਕੇ ਚੋੜ ਲੜਨ ਦੇ ਦਾਅਵੇ ਕਰ ਰਹੇ ਨੇ।