ਡਾ. ਮਾਲਤੀ ਥਾਪਰ ਨੇ ਇੰਡੀਅਨ ਨੈਸ਼ਨਲ ਕਾਂਗਰਸ ਦੇ 136ਵੇਂ ਸਥਾਪਨਾ ਦਿਵਸ ਦੀ ਮੁਬਾਰਕਬਾਦ ਦਿੰਦਿਆਂ ਆਖਿਆ ‘ਪਾਰਟੀ ਆਪਣੇ ਗੌਰਵਮਈ ਇਤਿਹਾਸ ਨਾਲ ਜੁੜ ਕੇ ਅੱਜ ਵੀ ਲੋਕ ਹਿਤਾਂ ਨੂੰ ਪ੍ਰਣਾਈ ਹੋਈ ਏ’

ਮੋਗਾ, 28 ਦਸੰਬਰ (ਜਸ਼ਨ): - ਇੰਡੀਅਨ ਨੈਸ਼ਨਲ ਕਾਂਗਰਸ ਦੇ 136ਵੇਂ ਸਥਾਪਨਾ ਦਿਵਸ ਦੀ ਮੁਬਾਰਕਬਾਦ ਦਿੰਦਿਆਂ ਸਾਬਕਾ ਮੰਤਰੀ ਡਾ. ਮਾਲਤੀ ਥਾਪਰ ਨੇ ਆਖਿਆ ਕਿ ਕਾਂਗਰਸ ਇਕ ਵਿਚਾਰਧਾਰਾ ਦਾ ਨਾਂਅ ਹੈ ਜੋ ਭਾਰਤੀਆਂ ਦੀ ਭਲਾਈ ਲਈ ਪੂਰੀ ਤਰਾਂ ਵਚਨਬੱਧ ਹੈ । ਉਹਨਾਂ ਕਿਹਾ ਕਿ ਇੰਡੀਅਨ ਨੈਸ਼ਨਲ ਕਾਂਗਰਸ ਦਾ ਗਠਨ ਮਿ. ਏ ਓ ਹਿਊਮ (ਆਈ ਸੀ ਐੱਸ) ਵੱਲੋਂ ਪੜ੍ਹੇ ਲਿਖੇ ਭਾਰਤੀਆਂ ‘ਚ ਸਿਵਲ ਅਤੇ ਰਾਜਨੀਤਕ ਗੱਲਬਾਤ ਲਈ ਕੀਤਾ ਗਿਆ ਸੀ ਅਤੇ ਅੱਜ ਤੱਕ ਪਾਰਟੀ ਆਪਣੇ ਗੌਰਵਮਈ ਇਤਿਹਾਸ ਨਾਲ ਜੁੜ ਕੇ ਦੇਸ਼ ਦੇ ਹਰ ਵਰਗ ਦੀ ਭਲਾਈ ਲਈ ਕੰਮ ਕਰ ਰਹੀ ਹੈ। ਡਾ: ਥਾਪਰ ਨੇ ਆਖਿਆ ਕਿ  ਗਰੀਬਾਂ, ਮਜਦੂਰਾਂ ਅਤੇ ਕਿਸਾਨਾਂ ਦੇ ਸੋਸ਼ਣ ਖ਼ਿਲਾਫ ਕਾਂਗਰਸ ਨੇ ਹਮੇਸ਼ਾ ਲੜਾਈ ਲੜੀ ਹੈ ਅਤੇ ਅੱਜ ਵੀ ਕਿਸਾਨਾਂ ਦੇ ਸੰਘਰਸ਼ ਵਿਚ ਉਨ੍ਹਾਂ ਨਾਲ ਚਟਾਨ ਵਾਂਗ ਖੜ੍ਹੀ ਹੈ ।  ਉਨ੍ਹਾਂ ਕਿਹਾ ਕਿ 136 ਸਾਲ ਦੇ ਇਤਿਹਾਸ ਵਿਚ ਕਈ ਵਾਰ ਵਿਚਾਰਧਾਰਾ ਦੇ ਮਤਭੇਦ ਵੀ ਹੋਏ, ਉਸ ਵਿਚ ਵੀ ਕਾਂਗਰਸ ਹੋਰ ਮਜਬੂਤੀ ਨਾਲ ਨਿਕਲ ਕੇ ਉੱਭਰੀ ਹੈ । ਡਾ: ਥਾਪਰ ਨੇ ਆਖਿਆ ਕਿ ਅੱਜ ਦੇਸ਼ ਨੂੰ ਸਭ ਤੋਂ ਵੱਡਾ ਖਤਰਾ ਸੰਪਰਦਾਇਕਤਾ ਤੇ ਪੂੰਜੀਵਾਦ ਦੇ ਇਕੱਠੇ ਹੋਣ ਦਾ ਹੈ ਅਤੇ ਉਹਨਾਂ ਨੂੰ ਪੂਰਾ ਯਕੀਨ ਹੈ ਕਿ ਅੱਜ ਦੇ ਕਿਸਾਨ ਮਜ਼ਦੂਰ ਸੰਘਰਸ਼ ਵਿਚੋਂ ਦੇਸ਼ ‘ਚ ਵਿਰੋਧੀ ਤਾਕਤਾਂ ਨਾਲ ਲੜਨ ਲਈ ਨਵੀਂ ਤਾਕਤ ਆਵੇਗੀ।