ਮਹੇਸਰੀ ਦੇ ਨੌਜਵਾਨਾਂ ਅਤੇ ਆਮ ਲੋਕਾਂ ਨੇ ਨਗਰ ਦੀਆਂ ਕੰਧਾਂ ਨੂੰ ਖੇਤੀ ਅੰਦੋਲਨ ਦੇ ਰੰਗ ਵਿੱਚ ਰੰਗਣ ਵਿੱਢਿਆ ਦਾ ਕੰਮ

ਮੋਗਾ 28 ਦਸੰਬਰ(ਜਸ਼ਨ):ਪਿੰਡ ਮਹੇਸਰੀ ਦੇ ਨੌਜਵਾਨਾਂ ਅਤੇ ਆਮ ਲੋਕਾਂ ਨੇ ਨਗਰ ਦੀਆਂ ਕੰਧਾਂ ਨੂੰ ਖੇਤੀ ਅੰਦੋਲਨ ਦੇ ਰੰਗ ਵਿੱਚ ਰੰਗਣ ਦਾ ਕੰਮ ਵਿੱਢਿਆ ਹੋਇਆ ਹੈ। ਨੌਜਵਾਨ ਇਕੱਠੇ ਹੋ ਕੇ ਪਿੰਡ ਵਿੱਚ ਨਾਅਰੇ ਲਿਖ ਰਹੇ ਹਨ। ਪਿੰਡ ਦੇ ਲੋਕ ਆਪ ਮੁਹਾਰੇ ਇਸ ਕੰਮ ਵਿੱਚ ਹਿੱਸਾ ਲੈ ਰਹੇ ਹਨ। ਕੋਈ ਕੰਧਾਂ ਦੀ ਸਫਾਈ ਕਰ ਰਿਹਾ ਹੈ, ਕੋਈ ਰੰਗ ਵਾਲਾ ਬੁਰਸ਼ ਚਲਾ ਰਿਹਾ ਹੈ, ਕੋਈ ਉੱਚੇ ਥਾਂ ਘੋੜੀ ਅਤੇ ਪੌੜੀ ਲਗਾ ਰਿਹਾ ਤੇ ਕੋਈ ਲਿਖ ਰਿਹਾ ਹੈ। ਇਸ ਕੰਮ ਵਿੱਚ ਲੱਗੇ ਨੌਜਵਾਨਾਂ ਦਾ ਕਹਿਣਾ ਹੈ ਕਿ ਕਾਰਪੋਰੇਟ ਘਰਾਣੇ ਅਤੇ ਸਾਰੀ ਸਰਕਾਰੀ ਮਸ਼ੀਨਰੀ ਬੇਸ਼ਰਮੀ ਨਾਲ ਸ਼ਰੇਆਮ ਖੇਤੀ ਮਾਰੂ ਕਾਲੇ ਕਾਨੂੰਨਾਂ ਨੂੰ ਲਾਗੂ ਕਰਨ ਲਈ ਅਰਬਾਂ ਰੁਪਏ ਝੂਠੇ ਪ੍ਰਚਾਰ ਉੱਤੇ ਖਰਚ ਰਹੀ ਹੈ। ਅਸੀਂ ਆਪਣੇ ਨਿੱਕੇ ਨਿੱਕੇ ਸਾਧਨਾਂ ਰਾਹੀਂ ਸੱਚ ਦਾ ਹੋਕਾ ਦੇਣ ਦਾ ਯਤਨ ਕਰ ਰਹੇ ਹੈ ਅਤੇ ਪਿੰਡ ਪਿੰਡ ਅਜਿਹੇ ਯਤਨ ਹੋਣੇ ਚਾਹੀਦੇ ਹਨ। ਇਸ ਕੰਮ ਬਾਰੇ ਜਾਣਕਾਰੀ ਦਿੰਦਿਆਂ ਸੁਖਜਿੰਦਰ ਮਹੇਸਰੀ ਨੇ ਕਿਹਾ ਕਿ 'ਮੋਦੀ ਟੀਵੀ ਦੇ ਕੈਮਰੇ ਅੱਗੇ ਬੈਠ ਕੇ ਬਨਾਉਟੀ ਗੱਲਾਂ ਨਾ ਕਰੇ, ਉਹ ਸਾਡੇ ਪਿੰਡ ਆ ਕੇ ਕੰਧ ਉੱਤੇ ਲਿਖਿਆ ਪੜ੍ਹੇ ਕਿ ਦੇਸ਼ ਦੇ ਲੋਕ ਚਾਹੁੰਦੇ ਕੀ ਹਨ। ਅਸੀਂ ਭਾਜਪਾ ਸਰਕਾਰ ਅਤੇ ਕਾਰਪੋਰੇਟ ਘਰਾਣਿਆਂ ਨੂੰ ਇਹ ਦੱਸਣਾ ਚਾਹੁੰਦੇ ਹਾਂ ਕਿ "ਜਨ ਕੀ ਬਾਤ" ਇਹ ਹੈ ਕਿ ਸਾਡੀ ਧਰਤ ਸਰਬੱਤ ਲਈ ਅੰਨ ਉਗਾਉਣ ਵਾਸਤੇ ਹੈ ਅਤੇ ਲੋਕ, ਸਭ ਦਾ ਢਿੱਡ ਭਰਨ ਲਈ ਫਸਲਾਂ ਉਗਾਉਂਦੇ ਹਨ। ਪ੍ਰਧਾਨ ਮੰਤਰੀ ਨੂੰ ਨਾ ਤਾਂ ਮਨਮਾਨੀ ਕਰਨੀ ਚਾਹੀਦੀ ਅਤੇ ਨਾ ਹੀ ਕਾਰਪੋਰੇਟ ਘਰਾਣਿਆਂ ਦੀ ਬੇਸ਼ਰਮੀ ਨਾਲ ਦਲਾਲੀ। ਉਸਨੂੰ ਟੀਵੀ ਕੈਮਰੇ ਅੱਗੋਂ ਉੱਠ ਅਤੇ ਸੜਕ ਉੱਤੇ ਆ ਕੇ ਲੋਕਾਂ ਦੇ ਮਨ ਦੀ ਸੁਣਨੀ ਚਾਹੀਦੀ ਹੈ।' ਪਿੰਡ ਦੀਆਂ ਕੰਧਾਂ ਉੱਤੇ ਪੰਜਾਬੀ, ਹਿੰਦੀ ਅਤੇ ਅੰਗਰੇਜ਼ੀ ਵਿੱਚ ਇਬਾਰਤ ਲਿਖੀ ਜਾ ਰਹੀ ਹੈ ਕਿ "ਖੇਤੀ ਮਾਰੂ ਕਾਲੇ ਕਾਨੂੰਨ ਰੱਦ ਕਰੋ।", "ਸਾਡੀ ਧਰਤੀ ਸਰਬੱਤ ਲਈ ਅੰਨ ਉਗਾਉਣ ਵਾਸਤੇ ਹੈ, ਅੰਬਾਨੀਆਂ - ਅਦਾਨੀਆਂ ਦੇ ਮੁਨਾਫ਼ਿਆ ਵਾਸਤੇ ਨਹੀਂ।", "ਸਭ ਫਸਲਾਂ ਦੀ ਘੱਟੋ ਘੱਟ ਸਮਰਥਨ ਮੁੱਲ (MSP) 'ਤੇ ਖਰੀਦ ਦੀ ਗਰੰਟੀ ਕਰੋ।", "ਜਮਾਖੋਰੀ ਦੀ ਰੋਕ ਅਤੇ ਸਭ ਲੋਕਾਂ ਲਈ ਅੰਨ ਭੰਡਾਰ ਦੀ ਗਰੰਟੀ ਕਰੋ।", "ਅਸੀਂ ਚਾਹੁੰਦੇ ਹਾਂ; ਸ੍ਵਵੇ ਇੱਛਾ ਵਾਲੀ ਸਾਂਝੀ - ਸਹਿਯੋਗੀ ਲਾਹੇਵੰਦ ਖੇਤੀ ਨੀਤੀ।", "ਸਭ ਮਿਹਨਤਕਸ਼ਾਂ ਦੇ ਕਰਜ਼ਿਆਂ ਦਾ ਖ਼ਾਤਮਾ।", "ਬਿਜਲੀ ਸੋਧ ਬਿੱਲ 2020 ਰੱਦ ਕਰੋ।", "ਸਭਨਾਂ ਨੂੰ ਯੋਗਤਾ ਮੁਤਾਬਕ ਪੱਕੇ ਰੁਜ਼ਗਾਰ ਦਾ ਕਾਨੂੰਨ #BNEGA, ਦੀ ਗਰੰਟੀ।", "ਖੇਤੀ ਸਾਡਾ ਸੱਭਿਆਚਾਰ ਹੈ।" ਇਸ ਮੌਕੇ ਉਹਨਾਂ ਨਾਲ ਸੁੱਖਾ ਪੇਂਟਰ, ਲਖਵੀਰ ਰਾਜੂ, ਅਮਨਦੀਪ ਅੰਮੂ, ਸੁੱਖੀ, ਜਗਜੀਤ ਜੱਗਾ, ਹਰਮਨ, ਜਸਵੀਰ ਜੱਸਾ, ਅਮਨਦੀਪ ਸੋਨੀ, ਕੁਲਬੀਰ ਸਿੰਘ, ਗੁਰਪ੍ਰੀਤ ਗੋਰੀ, ਜਬਰਜੰਗ ਸਿੰਘ ਆਦਿ ਸਨ।


