ਅਡਾਨੀ ਦੇ ਸਾਇਲੋ ਪਲਾਂਟ ਡਗਰੂ ਅੱਗੇ ਕਿਸਾਨਾਂ ਦਾ ਰੋਸ ਧਰਨਾ 89ਵੇਂ ਦਿਨ ਵੀ ਜਾਰੀ

ਮੋਗਾ,28 ਦਸੰਬਰ (ਜਸ਼ਨ):ਖੇਤੀ ਕਾਨੂੰਨਾਂ ਨੂੰ ਲੈ ਕੇ ਕਿਸਾਨਾਂ ਵਲੋਂ ਲਗਾਤਾਰ ਕੀਤੇ ਜਾ ਰਹੇ ਅੰਦੋਲਨ ਦੇ ਤਹਿਤ ਜਿੱਥੇ ਦਿੱਲੀ ਦੇ ਬਾਰਡਰਾਂ 'ਤੇ ਆਪਣਾ ਰੋਸ ਧਰਨਾ ਲਗਾ ਕੇ ਅੰਦੋਲਨ ਕੀਤਾ ਜਾ ਰਿਹਾ ਹੈ ਉੱਥੇ ਪੰਜਾਬ ਦੇ ਅੰਦਰ ਵੀ ਕਿਸਾਨ ਯੂਨੀਅਨ ਵਲੋਂ ਭਾਜਪਾ ਦੇ ਆਗੂਆਂ ਦੇ ਘਰਾਂ ਅੱਗੇ ਧਰਨਿਆਂ ਦੇ ਨਾਲ ਨਾਲ ਕਾਰਪੋਰੇਟ ਘਰਾਨਿਆਂ ਦੇ ਲਗਾਏ ਗਏ ਪਲਾਂਟਾਂ, ਪੰਪਾਂ, ਮਾਲ ਆਦਿ ਅੱਗੇ ਵੀ ਲਗਾਤਾਰ ਧਰਨੇ ਲਾਏ ਜਾ ਰਹੇ ਹਨ | ਇਸੇ ਤਰ੍ਹਾਂ ਹੀ ਅੱਜ ਮੋਗਾ ਅੰਦਰ ਅਡਾਨੀ ਦੇ ਸਾਇਲੋ ਪਲਾਂਟ ਡਗਰੂ ਅੱਗੇ ਕਿਸਾਨਾਂ ਵਲੋਂ ਲਗਾਇਆ ਗਿਆ ਧਰਨਾ ਅੱਜ 89ਵੇਂ ਦਿਨ ਵੀ ਜਾਰੀ ਰਿਹਾ ਹੈ ਤੇ ਇਸ ਦੇ ਨਾਲ ਹੀ ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਵਿਨੇ ਸ਼ਰਮਾ ਦੇ ਘਰ ਅੱਗੇ ਲਗਾਇਆ ਗਿਆ ਧਰਨਾ 64ਵੇਂ ਦਿਨ ਵਿਚ ਸ਼ਾਮਿਲ ਹੋ ਗਿਆ | ਅੱਜ ਦੇ ਰੋਸ ਧਰਨੇ ਵਿਚ ਸੰਬੋਧਨ ਕਰਦਿਆਂ ਜ਼ਿਲ੍ਹਾ ਜਨਰਲ ਸਕੱਤਰ ਗੁਰਮੀਤ ਸਿੰਘ ਕਿਸ਼ਨਪੁਰਾ, ਵਿੱਤ ਸਕੱਤਰ ਬਲੌਰ ਸਿੰਘ ਘੱਲ ਕਲਾਂ ਨੇ ਸੰਬੋਧਨ ਵਿਚ ਕਿਹਾ ਕਿ ਮੋਦੀ ਸਰਕਾਰ ਵਲੋਂ ਲਿਆਂਦੇ ਗਏ ਪੰਜ ਕਾਨੂੰਨਾਂ ਦੇ ਖ਼ਿਲਾਫ਼ ਦਿੱਲੀ ਦੇ ਬਾਰਡਰਾਂ 'ਤੇ ਚੱਲ ਰਹੇ ਸੰਘਰਸ਼ ਦੌਰਾਨ ਰੋਜ਼ਾਨਾ ਕਿਸਾਨ ਸ਼ਹੀਦ ਹੋ ਰਹੇ ਹਨ ਤੇ ਹੁਣ ਤੱਕ 50 ਤੋਂ ਉੱਪਰ ਕਿਸਾਨਾਂ ਦੀ ਮੌਤ ਹੋ ਚੁੱਕੀ ਹੈ ਪਰ ਏਨਾ ਹੋਣ ਦੇ ਬਾਵਜੂਦ ਕੇਂਦਰ ਸਰਕਾਰ ਦੇ ਕਈ ਲੀਡਰ ਇਸ ਸੰਘਰਸ਼ ਨੂੰ ਤਰ੍ਹਾਂ ਤਰ੍ਹਾਂ ਨਾਂਅ ਦੇ ਕੇ ਤਾਰਪੀਡੋ ਕਰਨ ਦੀ ਕੋਸ਼ਿਸ਼ ਵਿਚ ਲੱਗੇ ਹੋਏ ਹਨ ਪਰ ਕਿਸਾਨ ਸੰਘਰਸ਼ ਕਦੇ ਵੀ ਤਾਰਪੀਡੋ ਨਹੀਂ ਹੋਵੇਗਾ ਕਿਉਂਕਿ ਇਹ ਸ਼ਾਂਤਮਈ ਚੱਲ ਰਿਹਾ ਹੈ ਤੇ ਇਸ ਵਿਚ ਹਰ ਵਰਗ ਵਲੋਂ ਸ਼ਮੂਲੀਅਤ ਕੀਤੀ ਜਾ ਰਹੀ ਹੈ | ਉਨ੍ਹਾਂ ਕਿਹਾ ਕਿ ਜਦੋਂ ਤੱਕ ਖੇਤੀ ਕਾਨੂੰਨ ਰੱਦ ਨਹੀਂ ਕੀਤੇ ਜਾਂਦੇ ਪੰਜਾਬ ਦਾ ਕਿਸਾਨ ਚੁੱਪ ਨਹੀਂ ਬੈਠੇਗਾ ਕਿਉਂਕਿ ਇਹ ਕਾਨੂੰਨ ਦੇਸ਼ ਦੇ ਕਿਸਾਨਾਂ ਦੇ ਹਿਤਾਂ ਲਈ ਮਾਰੂ ਅਤੇ ਕਾਰਪੋਰੇਟ ਘਰਾਨਿਆਂ ਨੂੰ ਮੁਨਾਫ਼ਾ ਦੇਣ ਲਈ ਹੀ ਬਣਾਏ ਗਏ ਹਨ, ਇਸ ਲਈ ਕਿਸਾਨ ਇਸ ਨੂੰ ਕਿਸੇ ਵੀ ਕੀਮਤ 'ਤੇ ਬਰਦਾਸ਼ਤ ਨਹੀਂ ਕਰੇਗਾ |

ਇਸ ਮੌਕੇ ਹੋਰਨਾਂ ਤੋਂ ਇਲਾਵਾ ਹਰਬੰਸ ਸਿੰਘ ਮੋਗਾ, ਚਮਕੌਰ ਸਿੰਘ ਘੱਲ ਕਲਾਂ, ਸਿਮਰਨਜੀਤ ਕੌਰ, ਜਗਦੇਵ ਸਿੰਘ ਫ਼ੌਜੀ, ਕੈਪਟਨ ਬਿੱਕਰ ਸਿੰਘ, ਕੈਪਟਨ ਬਲਵਿੰਦਰ ਸਿੰਘ, ਮਾਸਟਰ ਹਜ਼ੂਰਾ ਸਿੰਘ, ਸੋਮ ਸਿੰਘ ਰੱਤੀਆਂ, ਗੁਰਚਰਨ ਸਿੰਘ ਝੰਡੇਵਾਲਾ, ਗੁਰਮੀਤ ਸਿੰਘ ਸੱਦਾ ਸਿੰਘ ਵਾਲਾ ਨੇ ਵੀ ਸੰਬੋਧਨ ਕੀਤਾ |