ਨਗਰ ਕੌਂਸਲ ਧਰਮਕੋਟ ਦੇ ਸਾਬਕਾ ਪ੍ਰਧਾਨ ਸ. ਤੀਰਥ ਸਿੰਘ ਧਰਮਕੋਟ ਨਮਿੱਤ ਸ਼ਰਧਾਂਜਲੀ ਸਮਾਗਮ ਅੱਜ 29 ਦਸੰਬਰ ਨੂੰ

ਧਰਮਕੋਟ,28 ਦਸੰਬਰ (ਜਸ਼ਨ): ਜੋ ਵੀ ਜੀਵ ਇਸ ਸੰਸਾਰ ਵਿਚ ਆਇਆ ਹੈ ਉਸ ਨੇ ਅਕਾਲਪੁਰਖ ਵੱਲੋਂ ਬਖ਼ਸ਼ੀ ਸਵਾਸਾਂ ਦੀ ਪੂੰਜੀ ਨੂੰ ਭੋਗਦੇ ਹੋਏ ਇਕ ਨਾ ਇਕ ਦਿਨ ਚਲੇ ਜਾਣਾ ਹੁੰਦਾ ਹੈ ਪਰ ਸਮਾਜ ਵਿਚ ਵਿਚਰਦਿਆਂ ਉਸ ਪ੍ਰਾਣੀ ਵੱਲੋਂ ਜੋ ਨੇਕ ਕਾਰਜ ਕੀਤੇ ਜਾਂਦੇ ਨੇ ਉਹ ਉਸ ਦੇ ਇਸ ਫ਼ਾਨੀ ਦੁਨੀਆਂ ਤੋਂ ਰੁਖਸਤ ਹੋਣ ਤੋਂ ਬਾਅਦ ਵੀ ਸਾਡੇ ਚੇਤਿਆਂ ਵਿਚ ਸਮੋਏ ਰਹਿੰਦੇ ਹਨ । ਅਜਿਹੀ ਸ਼ਖਸੀਅਤ ਦੇ ਮਾਲਕ ਰਹੇ ਨਗਰ ਕੌਂਸਲ ਧਰਮਕੋਟ ਦੇ ਸਾਬਕਾ ਪ੍ਰਧਾਨ ਸ. ਤੀਰਥ ਸਿੰਘ ਜੀ ,ਜਿਹਨਾਂ ਨੇ ਆਪਣਾ ਸਮੁੱਚਾ ਜੀਵਨ ਸਮਾਜ ਦੀ ਸੇਵਾ ਵਿਚ ਲੰਘਾਇਆ ਅਤੇ ਅਜਿਹੇ ਹੀ ਸੰਸਕਾਰ ਆਪਣੇ ਬੱਚਿਆਂ ਨੂੰ ਦਿੱਤੇ ਜੋ ਆਪਣੇ ਪਿਤਾ ਦੀ ਵਿਰਾਸਤ ਨੂੰ ਅੱਗੇ ਤੋਰਦਿਆਂ ਸਮਾਜ ਸੇਵਾ ਦੇ ਰਾਹ ਤੁਰੇ ਹੋਏ ਹਨ। ਸਵਰਗੀ ਤੀਰਥ ਸਿੰਘ ਦੇ ਸਪੁੱਤਰ ਸ. ਇੰਦਰਪ੍ਰੀਤ ਬੰਟੀ ਜੋ ਨਗਰ ਕੌਂਸਲ ਧਰਮਕੋਟ ਦੇ ਮੌਜੂਦਾ ਪ੍ਰਧਾਨ ਵੀ ਹਨ, ਆਪਣੇ ਪਿਤਾ ਵਾਂਗ ਇਲਾਕੇ ‘ਚ ਆਪਣੀ ਨਿਵੇਕਲੀ ਪਛਾਣ ਬਣਾਈ ਹੈ। ਸ. ਤੀਰਥ ਸਿੰਘ ਪਿਛਲੇ ਕੁਝ ਸਮੇਂ ਤੋਂ ਬੀਮਾਰ ਚੱਲ ਰਹੇ ਸਨ ਅਤੇ ਬੀਤੇ ਦਿਨੀਂ ਉਹ ਇਸ ਫ਼ਾਨੀ ਦੁਨੀਆਂ ਨੂੰ ਅਲਵਿਦਾ ਆਖ ਗਏ,ਜਿਹਨਾਂ ਦੇ ਜਾਣ ਨਾਲ ਇਲਾਕੇ ਦੇ ਨਾਲ ਨਾਲ  ਪਰਿਵਾਰ ਨੂੰ ਸੇਧ ਦੇਣ ਵਾਲੀ ਸ਼ਖਸੀਅਤ ਦੇ ਰੁਖਸਤ ਹੋਣ ਨਾਲ ਵੱਡਾ ਘਾਟਾ ਪਿਆ ਹੈ । ਸਵਰਗੀ ਤੀਰਥ ਸਿੰਘ ਨਮਿੱਤ ਸ਼੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਅੱਜ 29 ਦਸੰਬਰ ਦਿਨ ਮੰਗਲਵਾਰ ਨੂੰ ਗੁਰਦੁਆਰਾ ਸਿੰਘ ਸਭਾ ਧਰਮਕੋਟ ਵਿਖੇ ਦੁਪਹਿਰ 1 ਵਜੇ ਪਾਏ ਜਾਣਗੇ , ਜਿੱਥੇ ਵੱਖ ਵੱਖ ਸ਼ਖਸੀਅਤਾਂ ਸ਼ਰਧਾ ਸੁਮਨ ਭੇਟ ਕਰਨਗੀਆਂ ।